ਮੇਰੇ 82 ਵਰ੍ਹੇ ਦੇ ਇਤਿਹਾਸਕ ਸਫ਼ਰ ਦੀ ਗਵਾਹ ਹੈ - ਫ਼ਿਲਮ 'ਮੌੜ'!
-ਸੁਰਿੰਦਰ ਕੁਮਾਰੀ ਕੋਛੜ
ਮੈਂ 81 ਵਰ੍ਹੇ ਪਾਰ ਕਰ ਲਏ। ਹੁਣ ਮੈਂ 82ਵੇਂ ਵਰ੍ਹੇ ਵਿੱਚ ਹਾਂ। ਮੈਂ ਜਤਿੰਦਰ ਮੌਹਰ ਦੀ ਫ਼ਿਲਮ 'ਮੌੜ' ਵੇਖੀ ਹੈ। ਮੌੜ ਵਿਚ ਵਿਖਾਈ ਮੁਜਾਰਿਆਂ ਦੀ ਕਹਾਣੀ ਮੈਂ ਪਿੰਡੇ ਤੇ ਹੰਢਾਈ ਹੈ। ਜਾਗੀਰਦਾਰਾਂ, ਉਹਨਾਂ ਦੇ ਪਾਲਤੂ ਗੁੰਡਿਆਂ ਉਹਨਾਂ ਦੀ ਸਰਪ੍ਰਸਤੀ ਕਰਦੀ ਹਕੂਮਤ ਵੱਲੋਂ ਮੁਜਾਰਿਆਂ ਦੇ ਪਿੰਡਿਆਂ 'ਤੇ ਵਰ੍ਹਦੇ ਜ਼ੁਲਮੀ ਕਹਿਰ ਦਾ ਸੇਕ ਝੱਲਿਆ ਹੈ। ਮੇਰਾ ਜਨਮ 1942 ਵਿੱਚ ਅਨੂਪ ਸ਼ਹਿਰ ਮੇਰੇ ਨਾਨਕੇ ਪਿੰਡ ਹੋਇਆ। ਅਨੂਪ ਸ਼ਹਿਰ ਕੋਈ ਸ਼ਹਿਰ ਨਹੀਂ। ਪਿੰਡ ਦਾ ਨਾਂਅ ਹੈ। ਪਿੰਡ ਅਨੂਪ ਸ਼ਹਿਰ ਰਾਵੀ ਦੇ ਕੰਢੇ ਵਸਿਆ ਹੈ। ਉਸ ਵੇਲੇ ਪਿੰਡ ਸਰਕੜੇ,ਦੱਭ ਆਦਿ ਨਾਲ਼ ਕੱਜਿਆ ਹੋਇਆ। ਕੱਚੇ ਕੋਠੜੇ, ਕੱਚੇ ਰਾਹ। ਜਾਗੀਰਦਾਰਾਂ ਅਤੇ ਉਹਨਾਂ ਦੇ ਲੱਠਮਾਰਾਂ ਦੀ ਦਹਿਸ਼ਤ, ਗੁੰਡਾਗਰਦੀ। ਮੁਜਾਰਿਆਂ ਦੀ ਜੂਨ, ਪਸ਼ੂਆਂ ਤੋਂ ਵੀ ਬਦਤਰ। ਖੇਤ ਵਾਹੁਣੇ ਸੁਆਰਨੇ, ਫ਼ਸਲ ਬੀਜਣੀ,ਪਾਲਣੀ ਅਤੇ ਸਾਂਭਣੀ ਮੁਜਾਰਿਆਂ ਨੇ। ਫ਼ਸਲ ਦੇ ਨੌਂ ਹਿੱਸੇ ਜਾਗੀਰਦਾਰ ਲੈ ਜਾਂਦਾ। ਦਸਵਾਂ ਹਿੱਸਾ ਮੁਜਾਰੇ ਨੂੰ ਦਿੰਦਾ ਤਾਂ ਜੋ ਉਹ ਜਿਉਂਦਾ ਰਹਿ ਸਕੇ। ਉਹਦੇ ਕੰਮਾਂ ਲਈ ਸੰਦ ਬਣਿਆਂ ਰਹੇ।ਉਹ ਇੱਕ ਮੁੱਠ ਸਾਗ ਦੀ ਨਾ ਤੋੜ ਸਕਦਾ।
ਜਾਗੀਰਦਾਰ ਘੋੜਿਆਂ ਤੇ ਆਉਂਦੇ ਦੁੱਧ ਦੀਆਂ ਕਾੜ੍ਹਨੀਆਂ ਅਤੇ ਰਿੱਝਦੇ ਸਾਗ ਦੀਆਂ ਤੌੜੀਆਂ ਡਾਂਗਾਂ ਮਾਰਕੇ ਠੀਕਰੇ ਕਰ ਦਿੰਦੇ। ਡੰਗਰ ਖ਼ਾਸ ਕਰਕੇ ਸੱਜਰ ਸੂਈਆਂ ਮੱਝਾਂ ਗਾਵਾਂ ਜਿਸ ਕਿਸੇ ਘਰ ਹੁੰਦੀ ਜਬਰੀ ਰੱਸੇ ਖੋਲ੍ਹਕੇ ਲੈ ਜਾਂਦੇ। ਘਰਾਂ ਦੀਆਂ ਕੁਰਕੀਆਂ ਆਮ ਜਿਹੀ ਗੱਲ ਹੁੰਦੀ। ਇੱਕ ਵਾਰ ਜਦੋਂ ਸਾਡੇ ਘਰ ਤੇ ਹੱਲਾ ਬੋਲਿਆ ਅਤੇ ਮੁਰਗੀ ਚੁੱਕਣ ਲੱਗੇ ਤਾਂ ਮੇਰੇ ਅੱਗੇ ਹੋਣ ਤੇ ਮੂੰਹ ਤੇ ਵੱਟਕੇ ਚਪੇੜ ਮਾਰੀ। ਜਿਸਦਾ ਦਰਦ ਅਤੇ ਸੇਕ ਅੱਜ ਤੱਕ ਮੇਰੇ ਸੀਨੇ ਅੰਦਰ ਬਲ਼ਦਾ ਹੈ। ਫ਼ਿਲਮ ਮੌੜ ਦੇਖਦੇ ਸਮੇਂ ਮੇਰੀਆਂ ਅੱਖਾਂ ਚੋਂ ਨੀਰ ਵਹਿ ਤੁਰਿਆ। ਇਹ ਨੀਰ ਨਹੀਂ ਇਤਿਹਾਸ ਦੀਆਂ ਤੱਤੀਆਂ ਠੰਢੀਆਂ ਛੱਲਾਂ ਸੀ। ਮੌੜ ਫ਼ਿਲਮ ਦੀ ਗੁੱਡੋ ਮੇਰੇ ਦਿਲ ਅੰਦਰ ਆ ਵੜੀ । ਮੈਂ ਗੁੱਡੋ ਅਤੇ ਉਹਦੀ ਧਾਹਾਂ ਮਾਰਦੀ ਮਾਂ ਦੀਆਂ ਹਿਚਕੀਆਂ ਸੰਗ ਸਮੋ ਗਈ। ਮੈਂ 1942-45 ਦੇ ਬਚਪਨੇ ਦੇ ਦਿਨਾਂ ਵਿੱਚ ਜਾ ਪਹੁੰਚੀ।
ਫ਼ਿਲਮ ਦੀ ਇਹ ਤਾਕਤ ਹੈ ਕਿ ਉਹ ਅੱਜ ਲਿਖੀ ਫਿਲਮਾਈ ਗਈ ਹੈ ਪਰ ਉਹ ਸਾਨੂੰ ਮੌੜ ਭਰਾਵਾਂ ਦੇ ਦੌਰ, 1942 ਦੇ ਅਨੂਪ ਸ਼ਹਿਰ, ਅੱਜ ਦੀਆਂ ਮੁਲਕ ਦੀ ਹਿੱਕ ਉੱਪਰ ਵਾਪਰ ਰਹੀਆਂ ਘਟਨਾਵਾਂ ਅਤੇ ਉਦੋਂ ਤੱਕ ਵਾਪਰਦੀਆਂ ਰਹਿਣ ਵਾਲੀਆਂ ਘਟਨਾਵਾਂ ਨਾਲ਼ ਜੋੜਦੀ ਹੈ ਜਦੋਂ ਤੱਕ ਜਾਗੀਰੂ ਅਤੇ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਦਾਬੇ ਦਾ ਰਾਜ ਰਹੇਗਾ। ਫ਼ਿਲਮ ਮੌੜ ਨੂੰ ਵੇਖਣ ਵਾਲੀ ਅੱਖ ਚਾਹੀਦੀ ਹੈ। ਇਹ ਸਿਰਫ਼ ਮੌੜਾਂ ਦੀ ਕਹਾਣੀ ਨਹੀਂ। ਨਾ ਡੋਗਰ ਦੀ। ਨਾ ਡਕੈਤੀ ਮਾਰਨ ਦੀ। ਮੈਨੂੰ ਪਤੈ ਕਿ ਗ਼ਦਰੀ ਦੇਸ਼ ਭਗਤਾਂ,ਬੱਬਰ ਅਕਾਲੀਆਂ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ, ਕਾਕੋਰੀ ਕੇਸ ਅਤੇ ਨਕਸਲਬਾੜੀ ਲਹਿਰ ਆਦਿ ਵਰਗੀਆਂ ਘਟਨਾਵਾਂ ਨੂੰ ਵੀ ਡਾਕੂਆਂ ਨਾਲ਼ ਤੋਲਕੇ ਦੇਖਿਆ ਗਿਆ। ਕਿਸ਼ਨੇ ਅਤੇ ਜਿਉਣੇ ਨੂੰ ਮਹਿਜ਼ ਡਾਕੂ ਦੱਸਣਾ ਮੌੜ ਬਰਾਦਰੀ ਦੀ ਨਾਬਰੀ ਭਰੀ ਸ਼ਾਨਦਾਰ ਪਿਰਤ ਦਾ ਅਪਮਾਨ ਕਰਨਾ ਹੈ।
ਕਹਾਣੀ, ਦ੍ਰਿਸ਼, ਸੈਨਤਾਂ, ਉਡਦੀਆਂ ਗਿਰਝਾਂ, ਕਾਵਾਂ, ਭਿਆਨਕ ਹਵਾਵਾਂ ਨੂੰ ਸੁਣਨ, ਦੇਖਣ ਸਮਝਣ ਦੀ ਲੋੜ ਹੈ। ਅੱਜ ਵੀ ਕੁਰਕੀਆਂ ਰੋਕਣ ਦੀਆਂ ਰੋਜ਼ ਖ਼ਬਰਾਂ ਆਉਂਦੀਆਂ ਨੇ।ਜੱਦੋ ਜਹਿਦ ਜਾਰੀ ਹੈ। ਸਾਗ ਦੀਆਂ ਦੋ ਗੰਦਲਾਂ ਬਦਲੇ ਜਿਨ੍ਹਾਂ ਮੁਜਾਰਿਆਂ ਦੇ ਘਰ ਉੱਪਰ ਧਾਵਾ ਬੋਲ ਦਿੱਤਾ ਉਸ ਘਰ ਦਾ ਸੂਰਮਾ ਪੁੱਤ ਕਿਸ਼ਨਾ ਬਾਗ਼ੀ ਹੋ ਜਾਂਦਾ ਹੈ ਨਾ ਕਿ ਡਾਕੂ। ਉਹ ਸਮਝੌਤਾ ਨਹੀਂ ਕਰਦਾ। ਕਾਲ਼ੇ ਪਾਣੀ ਤੋਂ ਉਹ ਸਾਵਰਕਰ ਬਣਕੇ ਮਾਫ਼ੀ ਮੰਗ ਕੇ ਨਹੀਂ ਆਉਂਦਾ। ਉਹ ਗੋਡੇ ਟੇਕ ਕੇ ਹਾਕਮਾਂ ਦੀ ਬੋਲੀ ਨਹੀਂ ਬੋਲਦਾ। ਇਹ ਸਾਰੇ ਰਾਹ ਵੀ ਤਾਂ ਹਾਕਮ ਸਦਾ ਖੁੱਲ੍ਹੇ ਰੱਖਦੇ ਨੇ। ਮੌੜ ਕੰਡਿਆਲਾ, ਰੋਹੀਆਂ ਦਾ ਰਾਹ ਮਾਣ ਨਾਲ਼ ਚੁਣਦੇ ਨੇ। ਉਹ ਅੰਨ੍ਹੇ ਤਸ਼ੱਦਦ ਅੱਗੇ ਵੀ ਅਡੋਲ ਰਹਿੰਦੇ ਨੇ।
ਮੈਂ ਗੁਰਦੁਆਰਾ ਸੁਧਾਰ ਲਹਿਰ,ਮੁਜ਼ਾਰਾ ਲਹਿਰ,ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ ਕਿਰਤੀ ਲਹਿਰ, ਸੀ ਪੀ ਆਈ, ਸੀ.ਪੀ. ਆਈ. ਐੱਮ, ਲਾਲ ਪਾਰਟੀ, ਕਮਿਊਨਿਸਟ ਇਨਕਲਾਬੀ ਨਕਸਲਬਾੜੀ ਲਹਿਰ ਦੇ ਦੌਰਾਂ ਦੀ ਜ਼ਿੰਦਾ ਗਵਾਹ ਹਾਂ। ਇਹਨਾਂ ਲਹਿਰਾਂ ਦੇ ਆਗੂਆਂ ਦੀ ਨਾਬਰ ਸੁਰ ਵਾਲੀ ਜ਼ਿੰਦਗੀ ਵਿਚ ਮੈਨੂੰ ਅੱਜ ਵੀ ਮੌੜ ਭਰਾ ਨਜ਼ਰ ਆਉਂਦੇ ਨੇ। ਜੋ ਜ਼ਾਲਮ ਰਾਜ ਭਾਗ ਸਾਹਮਣੇ ਖੜ੍ਹੇ ਹੋਏ। ਮੌੜ ਵੀ ਲੋਕਾਂ ਦੀ ਧਿਰ ਦੇ ਸੱਚੇ ਪੁੱਤ ਬਣਕੇ ਖੜ੍ਹੇ ਹਨ। ਮਨੁੱਖੀ ਮਨ ਦਾ ਵਿਕਾਸ, ਚੇਤਨਾ ਦਾ ਚਾਨਣ, ਵਿਚਾਰਾਂ ਅਤੇ ਅਮਲਾਂ ਦੀ ਸਾਣ ਤੇ ਲੱਗ ਕੇ ਹੀ ਤਿੱਖਾ ਹੁੰਦਾ ਹੈ। ਬਣੇ ਬਣਾਏ ਰੈਡੀਮੇਡ ਵਿਗਿਆਨਕ, ਜਮਾਤੀ, ਮਾਰਕਸੀ ਦ੍ਰਿਸ਼ਟੀ ਵਾਲੇ ਨਾਇਕ ਕਿਸੇ ਹੱਟ ਤੋਂ ਨਹੀਂ ਮਿਲਦੇ।
ਫ਼ਿਲਮ ਮੌੜ ਉਹਨਾਂ ਰਾਹਾਂ ਦਾ ਪਤਾ ਦੱਸਦੀ ਹੈ। ਸਿਰਨਾਵਾਂ ਲੱਭਣ ਤੋਰਦੀ ਹੈ। ਜਿਨ੍ਹਾਂ ਰਾਹਾਂ ਤੇ ਤੁਰਦਿਆਂ ਪਰਪੱਕਤਾ ਅਤੇ ਵਿਜ਼ਨ ਦੀ ਸਪੱਸ਼ਟਤਾ ਆਉਂਦੀ ਹੈ। ਮੈਂ ਆਪਣੇ ਪਿਤਾ ਜੀ ਕਾਮਰੇਡ ਗੰਧਰਵ ਸੈਨ ਕੋਛੜ ਨਾਲ਼ ਬਹੁਤ ਫਿਲਮਾਂ ਵੇਖੀਆਂ। ਮੈਂ 14 ਸਾਲ ਭੂਮੀਗਤ ਰਹਿਕੇ ਵੀ ਕੰਮ ਕੀਤਾ। ਆਪਣੇ ਬਾਗ਼ ਵਿਚ ਭੋਰਾ ਪੁੱਟ ਕੇ ਪ੍ਰੈਸ ਲਾ ਕੇ ਲੋਕ ਯੁੱਧ ਪਰਚਾ ਛਾਪਿਆ। ਮੌੜ ਫ਼ਿਲਮ 'ਚ ਕਿਸ਼ਨੇ ਦੇ ਪਿੱਛੇ ਜੇਲ੍ਹ ਤੱਕ ਜਾਂਦਾ ਲੋਕਾਂ ਦਾ ਹਜ਼ੂਮ ਜਦੋਂ ਮੈਂ ਤੱਕਿਆ ਕਿ ਲੋਕਾਂ ਨੂੰ ਪਤਾ ਸੀ ਕਿ ਅਸਲੀ ਡਾਕੂ ਤਾਂ ਰਾਜ ਭਾਗ ਹੈ। ਕਿਸ਼ਨਾ ਅਤੇ ਜਿਉਣਾ ਤਾਂ ਸਾਡੇ ਲੋਕਾਂ ਵਿਚੋਂ ਨੇ। ਬਾਗ਼ੀ ਨੇ। ਹੱਸਕੇ ਰੋਹੀਆਂ ਦੇ ਰਾਂਝੇ ਬਣਨ ਵਾਲੇ ਨੇ।
ਮੈਨੂੰ ਮੇਰੇ ਤਾਇਆ ਬੂਝਾ ਸਿੰਘ ਜੀ ਬਹੁਤ ਯਾਦ ਆਏ। ਉਹ ਵੀ ਜ਼ੋ ਲੋਕਾਂ ਸਾਹਮਣੇ ਫੜਕੇ ਝੂਠੇ ਪੁਲਿਸ ਮੁਕਾਬਲੇ ਦਾ ਢਕੌਜ ਰਚਕੇ ਮਾਰ ਮੁਕਾਏ ਉਸ ਵੇਲੇ ਲੋਕ ਆਪਣੇ ਹੀਰਿਆਂ ਦੀ ਪੂਰੀ ਤਰ੍ਹਾਂ ਪਰਖ਼ ਨਾ ਕਰ ਸਕੇ। ਐਨੀ ਖੂਬਸੂਰਤ ਫ਼ਿਲਮ,ਹਰ ਤਰ੍ਹਾਂ ਦੀ ਫਿਰਕੂ, ਧਾਰਮਿਕ, ਜਾਤੀ, ਰੰਗਤ ਦੀ ਬਜਾਏ, ਲੋਕ- ਪੱਖੀ ਨਜ਼ਰੀਏ ਦੀ ਫ਼ਿਲਮ, 'ਮੌੜ' ਦੇ ਰਚਨਾਕਾਰ, ਹਦਾਇਤਕਾਰ, ਅਦਾਕਾਰ, ਕਾਮੇਂ ਸਮੁੱਚੇ ਪਰਿਵਾਰ ਨੂੰ ਮੁਬਾਰਕ। ਮੁੱਲ ਪਾਉਣ ਵਾਲੇ ਮੁੱਲ ਪਾਉਣਾ ਜਾਣਦੇ ਨੇ। ਅਖੀਰ ਵਿਚ ਮੈਂ ਇਹੋ ਜਜ਼ਬਾਤ ਸਾਂਝੇ ਕਰਨੇ ਚਾਹਾਂਗੀ ਕਿ ਮੈਂ ਵਿਆਹ ਨਹੀਂ ਕਰਵਾਇਆ। ਸਾਰਾ ਜੀਵਨ ਨਾਬਰੀ ਦੇ ਨਾਂਅ ਕਰ ਦਿੱਤਾ। ਅੱਜ ਮੇਰਾ ਭਰਿਆ ਮਨ, ਜਤਿੰਦਰ ਮੌਹਰ ਨੂੰ ਆਪਣਾ ਪੁੱਤ ਆਖਣਾ ਲੋਚਦਾ ਹੈ। ਸੁਰਿੰਦਰ ਕੁਮਾਰੀ ਕੋਛੜ (ਅੱਜ ਕੱਲ੍ਹ ਦੇਸ਼ ਭਗਤ ਯਾਦਗਾਰ ਹਾਲ ਜਲੰਧਰ) ਦੀ ਵਾਲ ਤੋਂ ਧੰਨਵਾਦ ਸਹਿਤ।
.jpg)
-
ਸੁਰਿੰਦਰ ਕੁਮਾਰੀ ਕੋਛੜ, ਲੇਖਕ
....
....
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.