ਖੇਤੀਬਾੜੀ ਅਫ਼ਸਰ ਨੇ ਕੀਤੀ ਬਲਾਕ ਖਰੜ ਦੇ ਬੀਜ ਡੀਲਰਾਂ ਨਾਲ ਮੀਟਿੰਗ
ਹਰਜਿੰਦਰ ਸਿੰਘ ਭੱਟੀ
- ਝੋਨੇ ਦੀਆਂ ਦੋਗਲੀਆਂ (ਹਾਈਬ੍ਰਿਡ) ਕਿਸਮਾਂ ਅਤੇ ਪੂਸਾ-44 ਕਿਸਮ ਦੀ ਵਿਕਰੀ ਨਾ ਕਰਨ ਬਾਰੇ ਹਦਾਇਤ
ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 17 ਅਪ੍ਰੈਲ 2025 - ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫ਼ਸਰ ਡਾ. ਸ਼ੁਭਕਰਨ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਬਲਾਕ ਖਰੜ ਦੇ ਬੀਜ ਡੀਲਰਾਂ ਦੀ ਬਲਾਕ ਖਰੜ ਦੇ ਦਫਤਰ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਭਾਗ ਲੈਣ ਵਾਲੇ ਬੀਜ ਡੀਲਰਾਂ ਨੂੰ ਸਰਕਾਰ ਦੇ ਹੁਕਮਾਂ ਅਨੁਸਾਰ ਝੋਨੇ ਦੀਆਂ ਦੋਗਲੀਆਂ (ਹਾਈਬ੍ਰਿਡ) ਕਿਸਮਾਂ ਅਤੇ ਪੂਸਾ-44 ਕਿਸਮ ਦੀ ਵਿਕਰੀ ਨਾ ਕਰਨ ਬਾਰੇ ਹਦਾਇਤ ਕੀਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਪੂਸਾ-44 ਕਿਸਮ ਲੰਬਾ ਸਮਾਂ ਲੈਣ ਕਾਰਣ ਪਾਣੀ ਦੀ ਵਧੇਰੇ ਖਪਤ ਕਰਦੀ ਹੈ ਅਤੇ ਪਰਾਲੀ ਵੀ ਵਧੇਰੇ ਮਾਤਰਾ ਵਿੱਚ ਹੋਣ ਕਾਰਣ ਇਸ ਦੀ ਸਾਂਭ ਸੰਭਾਲ ਵਿੱਚ ਮੁਸ਼ਕਿਲ ਆਉਣ ਕਾਰਣ ਪਰਾਲੀ ਨੂੰ ਵਧੇਰੇ ਅੱਗ ਲੱਗਣ ਦੀਆਂ ਘਟਨਾਵਾਂ ਦਾ ਖਦਸ਼ਾ ਹੁੰਦਾ ਹੈ । ਇਸੇ ਤਰ੍ਹਾਂ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਦੀ ਪੈਦਾਵਾਰ ਦੇ ਮੰਡੀਕਰਨ ਵਿੱਚ ਦਿੱਕਤ ਹੋਣ ਕਾਰਣ ਕਿਸਾਨਾਂ ਨੂੰ ਦਿੱਕਤ ਆਉਦੀ ਹੈ ਕਿਉਕਿ ਸ਼ੈਲਰ ਮਾਲਕਾਂ ਵੱਲੋਂ ਅਜਿਹੀਆਂ ਕਿਸਮਾਂ ਦਾ ਟੋਟਾ ਬਣਨ ਕਾਰਨ ਖਰੀਦ ਨਹੀਂ ਕੀਤੀ ਜਾਂਦੀ।
ਇਸ ਤੋਂ ਇਲਾਵਾ ਬੀਜ ਡੀਲਰਾਂ ਨੂੰ ਸਾਉਣੀ 2025 ਦੌਰਾਨ ਝੋਨੇ ਦੀ ਬੀਜ ਦੀ ਵਿਕਰੀ ਸਬੰਧੀ ਮੁਕੰਮਲ ਰਿਪੋਰਟ ਹਰ ਮਹੀਨੇ ਦੀ 4 ਤਾਰੀਖ ਤੱਕ ਦਫਤਰ ਬਲਾਕ ਖੇਤੀਬਾੜੀ ਅਫਸਰ ਖਰੜ ਨੂੰ ਪਹੁੰਚਾਉਣ ਲਈ ਹਦਾਇਤ ਕੀਤੀ ਗਈ।
ਇਸ ਮੀਟਿੰਗ ਵਿੱਚ ਖੇਤੀਬਾੜੀ ਵਿਕਾਸ ਡਾ. ਗੁਰਦਿਆਲ ਕੁਮਾਰ, ਡਾ. ਮਨਦੀਪ ਕੌਰ, ਡਾ.ਜਸਪ੍ਰੀਤ ਸਿੰਘ ਅਤੇ ਖੇਤੀਬਾੜੀ ਵਿਸਥਾਰ ਅਫਸਰ ਡਾ. ਸੁੱਚਾ ਸਿੰਘ, ਡਾ. ਅਜੈ ਕੁਮਾਰ ਸਮੇਤ ਖੇਤੀਬਾੜੀ ਉਪ ਨਿਰੀਖਕ ਸ਼੍ਰੀਮਤੀ ਰੁਪਿੰਦਰ ਕੌਰ, ਸ਼੍ਰੀ ਅੰਮ੍ਰਿਤਪਾਲ ਸਿੰਘ ਨੇ ਭਾਗ ਲਿਆ। ਬਲਾਕ ਖਰੜ ਵਿੱਚ ਕੰਮ ਕਰਦੇ ਲਗਭਗ 20 ਬੀਜ ਡੀਲਰਾਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਪੰਜਾਬ ਖੇਤੀਬਾੜੀ ਸੈਂਟਰ, ਕਿਸਾਨ ਸੀਡ ਸਟੋਰ ਦੇ ਨੁੰਮਾਇਦਿਆਂ ਨੇ ਭਾਗ ਲਿਆ।