ਇਤਿਹਾਸਕ ਛੁੱਟੀਆਂ: 18 ਤੇ 21 ਅਪ੍ਰੈਲ ਲਈ ਵਿਸ਼ੇਸ਼
ਗੁੱਡ ਫਰਾਈਡੇ ਅਤੇ ਈਸਟਰ ਸੰਡੇ ਕਦੋਂ ਅਤੇ ਕਿਉਂ ਮਨਾਇਆ ਜਾਂਦਾ ਹੈ?
ਔਕਲੈਂਡ 17 ਅਪ੍ਰੈਲ 2025 (ਹਰਜਿੰਦਰ ਸਿੰਘ ਬਸਿਆਲਾ)-ਗੁੱਡ ਫਰਾਈਡੇ ਇਸ ਸਾਲ 18 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਅਪ੍ਰੈਲ ਦੇ ਮਹੀਨੇ ’ਚ ਗੁੱਡ ਫਰਾਈਡੇ ਮਨਾਉਣ ਦੀ ਪਰੰਪਰਾ ਹੈ। ਗੁੱਡ ਫਰਾਈਡੇ ਦਾ ਈਸਾਈ ਧਰਮ ਦੇ ਲੋਕਾਂ ਲਈ ਵਿਸ਼ਵ ਪੱਧਰ ’ਤੇ ਮਹੱਤਵ ਹੈ। ਈਸਾਈਆਂ ਦੇ ਸਭ ਤੋਂ ਮਹੱਤਵਪੂਰਨ ਦਿਨਾਂ ਵਿੱਚੋਂ ਇੱਕ ਗੁੱਡ ਫਰਾਈਡੇ ਹੈ, ਜੋ ਈਸਟਰ ਸੰਡੇ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਕਿਸਚੀਅਨ ਧਰਮ ਦੀ ਨੀਂਹ ਰੱਖਣ ਦਾ ਦਿਨ ਵੀ ਮੰਨਿਆ ਜਾਂਦਾ ਹੈ।
ਇਸ ਦਿਨ ਈਸਾਈ ਧਰਮ ਦੇ ਲੋਕ ਯਿਸੂ ਮਸੀਹ ਦੀ ਸਲੀਬ ਨੂੰ ਯਾਦ ਕਰਦੇ ਹਨ। ਗੁੱਡ ਫਰਾਈਡੇ ਨੂੰ ਹੋਲੀ ਫਰਾਈਡੇ (ਪਵਿੱਤਰ ਸ਼ੁੱਕਰਵਾਰ), ਬਲੈਕ ਫਰਾਈਡੇ ਜਾਂ ਗ੍ਰੇਟ ਫਰਾਈਡੇ ਵੀ ਕਿਹਾ ਜਾਂਦਾ ਹੈ। ਇਸ ਦਿਨ ਈਸਾਈ ਧਰਮ ਦੇ ਪੈਰੋਕਾਰ ਚਰਚਾਂ ਵਿਚ ਜਾ ਕੇ ਪ੍ਰਾਰਥਨਾ ਕਰਦੇ ਹਨ। ਬਹੁਤ ਸਾਰੇ ਲੋਕ ਪ੍ਰਭੂ ਯਿਸੂ ਦੀ ਯਾਦ ਵਿੱਚ ਵਰਤ ਰੱਖਦੇ ਹਨ ਅਤੇ ਵਰਤ ਰੱਖ ਕੇ ਮਿੱਠੀ ਰੋਟੀ ਖਾਂਦੇ ਹਨ।
ਗੁੱਡ ਫਰਾਈਡੇ ਮਨਾਉਣ ਪਿੱਛੇ ਵਿਸ਼ਵਾਸ ਇਹ ਹੈ ਕਿ ਲਗਭਗ ਦੋ ਹਜ਼ਾਰ ਸਾਲ ਪਹਿਲਾਂ ਯੇਰੂਸ਼ਲਮ ਦੇ ਗੈਲੀਲੀ ਸੂਬੇ ਵਿੱਚ ਯਿਸੂ ਮਸੀਹ ਲੋਕਾਂ ਨੂੰ ਏਕਤਾ, ਅਹਿੰਸਾ ਅਤੇ ਮਨੁੱਖਤਾ ਦਾ ਪ੍ਰਚਾਰ ਕਰਦੇ ਸਨ। ਇਸ ਦੌਰਾਨ ਲੋਕ ਉਸ ਨੂੰ ਭਗਵਾਨ ਮੰਨਣ ਲੱਗੇ। ਪਰ ਕੁਝ ਲੋਕ ਯਿਸੂ ਮਸੀਹ ਨਾਲ ਈਰਖਾ ਕਰਦੇ ਸਨ। ਅਜਿਹੇ ਲੋਕ ਧਾਰਮਿਕ ਅੰਧਵਿਸ਼ਵਾਸ ਫੈਲਾਉਣ ਵਿੱਚ ਵਿਸ਼ਵਾਸ ਰੱਖਦੇ ਸਨ।
ਉਨ੍ਹਾਂ ਨੇ ਯਿਸੂ ਮਸੀਹ ਬਾਰੇ ਰੋਮ ਦੇ ਸ਼ਾਸਕ ਪਿਲਾਤੁਸ ਕੋਲ ਸ਼ਿਕਾਇਤ ਕੀਤੀ, ਜਿਸ ਨੇ ਪ੍ਰਮੇਸ਼ਰ ਦਾ ਪੁੱਤਰ ਹੋਣ ਦਾ ਦਾਅਵਾ ਕੀਤਾ ਸੀ। ਈਸਾ ਮਸੀਹ ਉੱਤੇ ਧਰਮ ਦੀ ਨਿਰਾਦਰੀ ਅਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ ਸੀ। ਮੌਤ ਦੀ ਸਜ਼ਾ ਯਿਸੂ ਮਸੀਹ ਨੂੰ ਦਿੱਤੀ ਗਈ ਸੀ। ਉਸ ਨੂੰ ਕੰਡਿਆਂ ਨਾਲ ਤਾਜ ਪਹਿਨਾਇਆ ਗਿਆ ਅਤੇ ਕੋਰੜੇ ਨਾਲ ਕੁੱਟਿਆ ਗਿਆ। ਇਸ ਤੋਂ ਬਾਅਦ ਉਸ ਨੂੰ ਮੇਖਾਂ ਦੀ ਮਦਦ ਨਾਲ ਸੂਲੀ ’ਤੇ ਲਟਕਾ ਦਿੱਤਾ ਗਿਆ। ਬਾਈਬਲ ਦੇ ਅਨੁਸਾਰ, ਜਿਸ ਸਲੀਬ ਉੱਤੇ ਯਿਸੂ ਮਸੀਹ ਨੂੰ ਸਲੀਬ ਦਿੱਤੀ ਗਈ ਸੀ, ਉਸ ਨੂੰ ਗੋਲ ਗਾਥਾ ਕਿਹਾ ਜਾਂਦਾ ਹੈ। ਕੱਟੜਪੰਥੀਆਂ ਨੂੰ ਖੁਸ਼ ਕਰਨ ਲਈ ਪੌਂਟੀਅਸ ਪਿਲਾਟੇ ਨੇ ਮਸੀਹ ਨੂੰ ਸੂਲੀ ’ਤੇ ਚੜਾ ਕੇ ਮਾਰਨ ਦੇ ਹੁਕਮ ਦਿੱਤੇ ਪਰ ਮਸੀਹ ਨੇ ਅਪਣੇ ਕਾਤਿਲਾਂ ਦਾ ਵਿਰੋਧ ਕਰਨ ਦੀ ਬਜਾਏ ਉਹਨਾਂ ਲਈ ਪ੍ਰਾਰਥਨਾ ਕਰਦੇ ਹੋਏ ਕਿਹਾ, ‘ਹੇ ਪਰਮਾਤਮਾ! ਇਹਨਾਂ ਨੂੰ ਮਾਫ ਕਰਿਓ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ’।
ਇਸ ਦਿਨ ਨੂੰ ਗੁੱਡ ਫਰਾਈਡੇ ਕਹਿਣ ਦਾ ਕਾਰਨ ਇਹ ਸੀ ਕਿ ਲੋਕ ਇਸ ਨੂੰ ਪਵਿੱਤਰ ਦਿਨ ਵਜੋਂ ਮਨਾਉਂਦੇ ਹਨ। ਬਹੁਤ ਸਾਰੇ ਲੋਕ ਹੈਰਾਨ ਹੁੰਦੇ ਹਨ ਕਿ ਜਿਸ ਦਿਨ ਯਿਸੂ ਮਸੀਹ ਨੂੰ ਸਲੀਬ ਦਿੱਤੀ ਗਈ ਸੀ ਉਸ ਦਿਨ ਨੂੰ ਗੁੱਡ ਫਰਾਈਡੇ ਕਿਵੇਂ ਕਿਹਾ ਜਾ ਸਕਦਾ ਹੈ? ਪਰ ਇਸ ਦੇ ਪਿੱਛੇ ਕਈ ਕਾਰਨ ਹਨ। ਕਈਆਂ ਦਾ ਮੰਨਣਾ ਹੈ ਕਿ ਯਿਸੂ ਮਸੀਹ ਦੀ ਮੌਤ ਕੋਈ ਆਮ ਘਟਨਾ ਨਹੀਂ ਸੀ ਤੇ ਇਕ ਤਰ੍ਹਾਂ ਨਾਲ ਮਨੁੱਖਜਾਤੀ ਨੂੰ ਮੁਕਤੀ ਪ੍ਰਦਾਨ ਕਰਨ ਦਾ ਤਰੀਕਾ ਸੀ। ਲੋਕ ਯਿਸੂ ਮਸੀਹ ਦੀ ਕੁਰਬਾਨੀ ਨੂੰ ਯਾਦ ਕਰਦੇ ਹਨ। ਇਸ ਦੇ ਨਾਲ ਹੀ, ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਇਸ ਦਿਨ ਨੂੰ ਅਸਲ ’ਚ ‘ਗੌਡ ਫਰਾਈਡੇ’ ਵੀ ਕਹਿੰਦੇ ਸਨ ਅਤੇ ਸਮੇਂ ਦੇ ਨਾਲ ਇਹ ‘ਗੁੱਡ ਫਰਾਈਡੇ’ ’ਚ ਬਦਲ ਗਿਆ। ਕੁਝ ਲੋਕ ਇਹ ਵੀ ਮੰਨਦੇ ਹਨ ਕਿ ਇਸ ਦਿਨ ਦਾ ਨਾਮ ਢੁਕਵਾਂ ਹੈ ਕਿਉਂਕਿ ਯਿਸੂ ਦਾ ਦੁੱਖ ਉਸ ਦੇ ਚੇਲਿਆਂ ਨੂੰ ਪਾਪ ਤੋਂ ਬਚਾਉਣ ਲਈ ਪਰਮੇਸ਼ਰ ਦੀ ਯੋਜਨਾ ਸੀ। ਜਿਸ ਦਿਨ ਈਸਾ ਮਸੀਹ ਨੂੰ ਸੂਲੀ ‘ਤੇ ਚੜਾਇਆ ਗਿਆ ਉਸ ਦਿਨ ਸ਼ੁੱਕਰਵਾਰ ਸੀ। ਚਰਚ ਵਿਚ ਸੇਵਾ ਕਰਨ ਦੌਰਾਨ ਉਨ੍ਹਾਂ ਪਲਾਂ ਨੂੰ ਯਾਦ ਕਰਦੇ ਹਨ ਜਦੋਂ ਯਿਸੂ ਨੇ ਮਨੁੱਖੀ ਸੇਵਾ ਲਈ ਆਪਣੀ ਜਾਨ ਦੇ ਦਿੱਤੀ ਸੀ।
ਈਸਟਰ ਸੰਡੇ, ਜਾਣੋ ਕਿਉਂ ਪਿਆ ਇਹ ਨਾਂਅ?
ਜਦੋਂ ਕਿ ਗੁੱਡ ਫਰਾਈਡੇ ਨੂੰ ਸੋਗ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ, ਈਸਟਰ ਐਤਵਾਰ ਖੁਸ਼ੀ ਦਾ ਦਿਨ ਹੈ। ਇਸ ਲਈ ਇਸ ਦਿਨ ਨੂੰ ਹੈਪੀ ਈਸਟਰ ਵੀ ਕਿਹਾ ਜਾਂਦਾ ਹੈ। 21 ਅਪ੍ਰੈਲ ਨੂੰ ਨਿਊਜ਼ੀਲੈਂਡ ਦੇ ਵਿਚ ਇਸ ਦਿਨ ਛੁੱਟੀ ਹੈ। ਇਸਾਈ ਧਰਮ ਦੇ ਲੋਕ ਈਸਟਰ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਈਸਟਰ ਦੇ ਮੌਕੇ ’ਤੇ, ਲੋਕ ਪ੍ਰਾਰਥਨਾ ਕਰਨ ਲਈ ਚਰਚ ਜਾਂਦੇ ਹਨ ਅਤੇ ਪ੍ਰਭੂ ਯਿਸੂ ਨੂੰ ਯਾਦ ਕਰਦੇ ਹਨ ਅਤੇ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਲੋਕ ਇੱਕ ਦੂਜੇ ਨੂੰ ਈਸਟਰ ਦੀਆਂ ਮੁਬਾਰਕਾਂ ਦਿੰਦੇ ਹਨ। ਈਸਾਈ ਧਰਮ ਦੇ ਲੋਕਾਂ ਦੀ ਮਾਨਤਾ ਹੈ ਕਿ ਗੁੱਡ ਫਰਾਈਡੇ ਦੇ ਤਿੰਨ ਦਿਨ ਬਾਅਦ ਭਾਵ ਈਸਾ ਮਸੀਹ ਸੂਲੀ ’ਤੇ ਚੜਨ ਤੋਂ ਬਾਅਦ ਦੁਬਾਰਾ ਜੀਵਤ ਹੋਏ ਸਨ। ਪ੍ਰਭੂ ਈਸਾ ਮਸੀਹ ਕਰੀਬ 40 ਦਿਨਾਂ ਤਕ ਧਰਤੀ ’ਤੇ ਰਹੇ ਅਤੇ ਆਪਣੇ ਚੇਲਿਆਂ ਨੂੰ ਪਿਆਰ ਦਾ ਪਾਠ ਪੜ੍ਹਾਇਆ ਅਤੇ ਫਿਰ ਸਵਰਗ ਚਲੇ ਗਏ। ਗੁੱਡ ਫਰਾਈਡੇ ਨੂੰ ਲੋਕ ਜਿਥੇ ਸੋਗ ਮਨਾਉਂਦੇ ਹਨ, ਉਥੇ ਹੀ ਈਸਟਰ ’ਤੇ ਖੁਸ਼ੀਆਂ ਵਾਪਸ ਆ ਜਾਂਦੀਆਂ ਹਨ। ਈਸਟਰ ਦੇ ਦਿਨ ਲੋਕ ਚਰਚ ਘਰਾਂ ’ਚ ਮੋਮਬੱਤੀਆਂ ਜਲਾਉਂਦੇ ਹਨ ਅਤੇ ਇਸ ਦਿਨ ਈਸਟਰ ਲੰਚ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ।
ਇਸ ਤਰ੍ਹਾਂ ਪਿਆ ਈਸਟਰ ਨਾਮ:
ਈਸਾਈ ਧਰਮ ਦੇ ਵਿਸ਼ਵਾਸਾਂ ਅਨੁਸਾਰ, ਈਸਟਰ ਸ਼ਬਦ ਦੀ ਉਤਪੱਤੀ ਇਸਤ੍ਰਾ ਸ਼ਬਦ ਤੋਂ ਹੋਈ ਹੈ। ਇਸ ਸ਼ਬਦ ਦਾ ਅਰਥ ਹੈ ਪੁਨਰ-ਉਥਾਨ। ਕਿਉਂਕਿ ਪ੍ਰਭੂ ਯਿਸੂ ਨੂੰ ਗੁੱਡ ਫਰਾਈਡੇ ਤੋਂ ਬਾਅਦ ਐਤਵਾਰ ਨੂੰ ਜੀਉਂਦਾ ਕੀਤਾ ਗਿਆ ਸੀ। ਇਸ ਲਈ ਇਸ ਦਿਨ ਨੂੰ ਈਸਟਰ ਸੰਡੇ ਵਜੋਂ ਮਨਾਇਆ ਜਾਣ ਲੱਗਾ। ਹੋਰ ਵਿਸ਼ਵਾਸਾਂ ਦੇ ਅਨੁਸਾਰ, ਈਸਟਰ ਸ਼ਬਦ ਜਰਮਨ ਸ਼ਬਦ ਈਓਸਟਰ ਤੋਂ ਉਤਪੰਨ ਹੋਇਆ ਹੈ, ਜਿਸਦਾ ਅਰਥ ਹੈ ਦੇਵੀ। ਇਸ ਦੇਵੀ ਨੂੰ ਬਸੰਤ ਦੀ ਦੇਵੀ ਮੰਨਿਆ ਜਾਂਦਾ ਹੈ। ਇਸ ਦਿਨ ਈਸਟਰ ਅੰਡਿਆਂ ਦਾ ਵੀ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਈਸਟਰ ਦੇ ਖਾਸ ਮੌਕੇ ’ਤੇ ਲੋਕ ਅੰਡੇ ਨੂੰ ਵੱਖ-ਵੱਖ ਤਰੀਕਿਆਂ ਨਾਲ ਸਜਾਉਂਦੇ ਹਨ ਅਤੇ ਇਕ ਦੂਜੇ ਨੂੰ ਤੋਹਫ਼ੇ ਵਜੋਂ ਅੰਡੇ ਦਿੰਦੇ ਹਨ। ਧਾਰਮਿਕ ਪ੍ਰਤੀਕਵਾਦ: ਈਸਾਈ ਪਰੰਪਰਾਵਾਂ ਵਿੱਚ, ਈਸਟਰ ਅੰਡੇ ਯਿਸੂ ਮਸੀਹ ਦੇ ਪੁਨਰ ਉਥਾਨ ਅਤੇ ਸਦੀਵੀ ਜੀਵਨ ਦੇ ਵਾਅਦੇ ਦਾ ਪ੍ਰਤੀਕ ਹਨ। ਈਸਟਰ ਅੰਡੇ ਨੂੰ ਜੀਵਨ ਦੇ ਇੱਕ ਭਾਂਡੇ ਵਜੋਂ ਵਜੋਂ ਦੇਖਿਆ ਜਾਂਦਾ ਹੈ ਜਿੱਥੋਂ ਮਸੀਹ ਜੀ ਦੁਬਾਰਾ ਜੀਵਤ ਹੋ ਗਏ ਸਨ। ਇਹ ਜੀਵਨ ਦੇ ਨਵੇਂ ਆਰੰਭ ਅਤੇ ਮੁੜ ਜਨਮ ਦਾ ਚਿੰਨ੍ਹ ਹੈ।