Punjab ਸਰਕਾਰ ਵੱਲੋਂ ਝੋਨੇ ਦੀਆਂ ਹਾਈਬ੍ਰਿਡ ਤੇ ਪੂਸਾ 144 ਕਿਸਮ ਉੱਪਰ ਪੂਰਨ ਪਾਬੰਦੀ
-ਮਾਪਦੰਡਾਂ ਤੇ ਖਰੀਆਂ ਨਾ ਉਤਰਦੀਆਂ ਹੋਣ ਕਰਕੇ ਕਿਸਾਨਾਂ ਨੂੰ ਵੇਚਣ ਵਿੱਚ ਵੀ ਹੁੰਦੀ ਮੁਸ਼ਕਿਲ
-ਪੀ.ਏ.ਯੂ. ਵੱਲੋਂ ਸਿਫਾਰਿਸ਼ ਪੀ.ਆਰ 126 ਤੇ ਥੋੜਾ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਲਾਉਣ ਕਿਸਾਨ- ਮੁੱਖ ਖੇਤੀਬਾੜੀ ਅਫਸਰ, ਮੋਗਾ
ਮੋਗਾ, 17 ਅਪ੍ਰੈਲ 2025 : ਹਾੜ੍ਹੀ ਦੀਆਂ ਫ਼ਸਲਾਂ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਅਤੇ ਆਉਣ ਵਾਲੀਆਂ ਸਾਉਣੀ ਦੀਆਂ ਫ਼ਸਲਾਂ ਦੀ ਵਿਉਂਤਬੰਦੀ ਕਿਸਾਨ ਕਰ ਰਹੇ ਹਨ। ਇਸ ਸਾਲ ਪੰਜਾਬ ਸਰਕਾਰ ਵੱਲੋ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਅਤੇ ਪੂਸਾ -44 ਕਿਸਮ ਤੇ ਪੂਰਨ ਪਾਬੰਦੀ ਲਾਈ ਗਈ ਹੈ ਤਾਂ ਜੋ ਪਾਣੀ ਦੇ ਪੱਧਰ ਨੂੰ ਡੂੰਘਾ ਜਾਣ ਤੋ ਰੋਕਿਆ ਜਾ ਸਕੇ। ਇਸ ਤੋ ਇਲਾਵਾ ਇਨ੍ਹਾਂ ਗੈਰ -ਪ੍ਰਮਾਣਿਤ ਕਿਸਮਾਂ ਦੀ ਚੌਲਾਂ ਦੀ ਰਿਕਵਰੀ ਵੀ ਘੱਟ ਹੈ, ਜਿਸ ਕਾਰਨ ਇਹ ਕਿਸਮਾਂ ਸ਼ੈਲਰਾਂ ਵਿੱਚ ਸਰਕਾਰ ਵੱਲੋ ਰੱਖੇ ਮਾਪਦੰਡ ਤੇ ਖਰੀਆਂ ਨਹੀ ਉੱਤਰਦੀਆਂ ।
ਇਸ ਲਈ ਖੇਤੀਬਾੜੀ ਵਿਭਾਗ ਵੱਲੋ ਕਿਸਾਨਾਂ ਅਪੀਲ ਹੈ ਕਿ ਸਾਉਣੀ-2025 ਸੀਜਨ ਦੌਰਾਨ ਪੀ.ਏ.ਯੂ. ਲੁਧਿਆਣਾ ਵੱਲੋਂ ਵਿਕਸਿਤ ਕੀਤੀ ਕਿਸਮ ਪੀ.ਆਰ. 126 ਨੂੰ ਵੱਧ ਤੋ ਵੱਧ ਰਕਬੇ ਵਿੱਚ ਲਗਾਉਣ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵੀ ਬਚਾਇਆ ਜਾ ਸਕੇ। ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕਿਸਮ ਦੀ 25-30 ਦਿਨ ਦੀ ਪਨੀਰੀ ਲਗਾਉਣ ਤੋ ਬਾਅਦ 93 ਦਿਨ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀ ਪਰਾਲੀ ਵੀ ਘੱਟ ਬਣਦੀ ਹੈ, ਜਿਸ ਦਾ ਆਸਾਨੀ ਨਾਲ ਪ੍ਰਬੰਧਨ ਕੀਤਾ ਜਾ ਸਕਦਾ ਹੈ। ਇਸ ਕਿਸਮ ਨੂੰ ਖੇਤ ਵਿੱਚ ਲਗਾਉਣ ਲਈ 10 ਤੋ 15 ਜੁਲਾਈ ਦਾ ਸਮਾਂ ਸਭ ਤੋਂ ਢੁੱਕਵਾ ਹੈ। 15 ਜੁਲਾਈ ਤੋਂ ਬਾਅਦ ਖੇਤਾਂ ਵਿੱਚ ਲਗਾਉਣ 'ਨਾਲ ਇਸ ਵਿੱਚ ਨਮੀ ਦੀ ਮਾਤਰਾ ਵੀ ਸਹੀ ਨਹੀ ਰਹਿੰਦੀ, ਇਸ ਨੂੰ ਵੇਚਣ ਵਿੱਚ ਸਮੱਸਿਆ ਆਉਂਦੀ ਹੈ।
ਮੁੱਖ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿ ਵੱਧ ਤੋ ਵੱਧ ਰਕਬਾ ਪੀ.ਆਰ. 126 ਅਤੇ ਹੋਰ ਥੋੜੇ ਸਮੇਂ ਵਾਲੀਆਂ ਕਿਸਮਾਂ ਅਧੀਨ ਲਗਾਉਣ ਤਾਂ ਜੋ ਕਿਸਾਨਾਂ ਨੂੰ ਝੋਨੇ ਦੀ ਵਿਕਰੀ ਵਿੱਚ ਵੀ ਕੋਈ ਸਮੱਸਿਆ ਨਾ ਆਵੇ ਅਤੇ ਕੁਦਰਤੀ ਸੋਮਿਆਂ ਨੂੰ ਵੀ ਬਚਾਇਆ ਜਾ ਸਕੇ।