ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਵਿੱਕੀ ਘਨੌਰ ਨੇ ਸਿਵਲ ਹਸਪਤਾਲ ਰਾਜਪੁਰਾ ਦਾ ਅਚਨਚੇਤ ਕੀਤਾ ਦੌਰਾ
- ਸਫਾਈ, ਓਪੀਡੀ ਪਰਚੀ ਸਮੇਤ ਬਾਕੀ ਕਮੀਆਂ ਨੂੰ ਜਲਦ ਦੂਰ ਕਰਨ ਲਈ ਐਸ.ਐਮ.ਓ ਨੂੰ ਜਾਰੀ ਕੀਤੇ ਨਿਰਦੇਸ਼
- ਸਾਰੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਐਸਐਮਓ ਨੇ ਦਿੱਤਾ ਭਰੋਸਾ
- ਸਿਵਲ ਹਸਪਤਾਲ ਦੇ ਬਾਹਰ ਮੌਜੂਦ ਦਵਾਈ ਦੀਆਂ ਦੁਕਾਨਾਂ ਅਤੇ ਗਲਤ ਤਰੀਕੇ ਨਾਲ ਪਾਰਕ ਹੋਣ ਵਾਲੇ ਵਾਹਨ ਤੇ ਸਖਤੀ ਅਤੇ ਹੱਲ ਕਰਨ ਲਈ ਟ੍ਰੈਫਿਕ ਪੁਲਿਸ ਨੂੰ ਨਿਰਦੇਸ਼
ਰਾਜਪੁਰਾ, 17 ਅਪ੍ਰੈਲ 2025 - ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਵੱਲੋਂ ਅੱਜ ਰਾਜਪੁਰਾ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਮਰੀਜਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਸੁਣੀਆਂ। ਇਸ ਤੋਂ ਇਲਾਵਾ ਵੱਖ-ਵੱਖ ਵਾਰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਜਾਂਚ ਕੀਤੀ ਅਤੇ ਜੋ ਕਮੀਆਂ ਪਾਈਆਂ ਗਈਆਂ ਹਨ ਉਸ ਨੂੰ ਤੁਰੰਤ ਦੂਰ ਕਰਾਉਣ ਲਈ ਐਸਐਮਓ ਨੂੰ ਨਿਰਦੇਸ਼ ਦਿੱਤੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਹੈ ਉਸ ਜਿੰਮੇਵਾਰੀ ਤੇ ਚਲਦੇ ਹੋਏ ਤਮਾਮ ਥਾਵਾਂ ‘ਤੇ ਜਾ ਕੇ ਲੋਕਾਂ ਨੂੰ ਹਸਪਤਾਲਾਂ ਵਿੱਚ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਜਾ ਰਹੀਆਂ ਹਨ ਤੇ ਉਹਨਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਵਾਇਆ ਜਾਵੇਗਾ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸਿਹਤ, ਸਿੱਖਿਆ ਹਨ ਅਤੇ ਲੱਗਭਗ ਪੰਜਾਬ ਦੇ ਕਈ ਹਸਪਤਾਲਾਂ ਦਾ ਦੌਰਾ ਕੀਤਾ ਜਾ ਚੁੱਕਾ ਹੈ ਜਿੱਥੇ ਮਰੀਜ਼ਾਂ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਲਾਘਾਯੋਗ ਹਨ। ਉਹਨਾਂ ਕਿਹਾ ਕਿ ਇਸ ਦੌਰਾਨ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਸਫਾਈ ਦੀ ਕਮੀ ਪਾਈ ਗਈ ਹੈ ਇਸ ਤੋਂ ਇਲਾਵਾ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਸਟਾਫ ਵੀ ਕਾਫੀ ਘੱਟ ਹੈ ਜਿਸ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਵੀ ਤਮਾਮ ਥਾਵਾਂ ਦੇ ਉੱਤੇ ਨਿਗਰਾਨੀ ਰੱਖੀ ਗਈ ਹੈ ਅਤੇ ਜੇਕਰ ਕੋਈ ਸਟਾਫ ਕੁਤਾਹੀ ਕਰਦਾ ਹੈ ਉਹਨਾਂ ਖਿਲਾਫ ਸਖਤ ਐਕਸ਼ਨ ਵੀ ਲਏ ਜਾ ਰਹੇ ਹਨ। ਪੱਤਰਕਾਰਾਂ ਵੱਲੋਂ ਕੀਤੇ ਗਏ ਸਵਾਲ ‘ਤੇ ਉਹਨਾਂ ਕਿਹਾ ਕਿ ਟਰੈਫਿਕ ਪੁਲਿਸ ਅਤੇ ਡੀਐਸਪੀ ਰਾਜਪੁਰਾ ਦੇ ਨਾਲ ਫੋਨ ਤੇ ਗੱਲ ਕੀਤੀ ਗਈ ਹੈ ਅਤੇ ਹਸਪਤਾਲ ਦੇ ਬਾਹਰ ਗਲਤ ਤਰੀਕੇ ਨਾਲ ਖੜੇ ਕੀਤੇ ਗਏ ਵਾਹਨਾਂ ਅਤੇ ਜੇਕਰ ਕੋਈ ਹਸਪਤਾਲ ਦੀ ਹੱਦ ਅੰਦਰ ਕਿਸੇ ਤਰ੍ਹਾਂ ਦੀ ਭੰਨ ਤੋੜ ਜਾਂ ਫਿਰ ਕਿਸੇ ਘਟਨਾ ਨੂੰ ਅੰਜਾਮ ਦਿੰਦੇ ਹੈ ਤਾਂ ਉਸ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਨਾਲ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਮੈਂਬਰ ਇਸਲਾਮ ਅਲੀ, ਐਸਐਮਓ ਰਾਜਪੁਰਾ ਡਾਕਟਰ ਸੋਨੀਆ ਜੰਗਵਾਲ ਸਮੇਤ ਸਟਾਫ ਮੌਜੂਦ ਸਨ।