'ਛੜਿਆਂ' ਦਾ ਵੀ ਖਿਆਲ ਕਰੋ ਮਾਨ ਸਾਬ੍ਹ!
ਪੰਜਾਬ ਵਿਧਾਨ ਸਭਾ 'ਚ ਗੂੰਜਿਆ 'ਛੜਿਆਂ' ਦਾ ਮੁੱਦਾ; ਵਿਧਾਇਕ ਨੇ ਮੰਗਿਆ 'ਭੱਤਾ'
ਭਰੂਣ ਹੱਤਿਆ, ਕੁੜੀਆਂ ਦਾ ਵਿਦੇਸ਼ ਜਾਣਾ ਅਤੇ 'ਇੱਕ ਬੱਚਾ' ਨੀਤੀ ਬਣੇ ਵੱਡੇ ਕਾਰਨ; ਵਿਧਾਇਕ ਬਣਾਂਵਾਲੀ ਨੇ ਸਰਕਾਰ ਤੋਂ ਕੀਤੀ ਵਿੱਤੀ ਸਹਾਇਤਾ ਦੀ ਮੰਗ
ਚੰਡੀਗੜ੍ਹ 13 ਮਾਰਚ 2026- ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਰਦੂਲਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਇੱਕ ਬਹੁਤ ਹੀ ਨਿਵੇਕਲਾ ਅਤੇ ਗੰਭੀਰ ਮੁੱਦਾ ਉਠਾਇਆ ਹੈ। ਉਨ੍ਹਾਂ ਨੇ ਪੰਜਾਬ ਦੇ ਪਿੰਡਾਂ, ਖਾਸ ਕਰਕੇ ਮਾਲਵਾ ਖੇਤਰ ਵਿੱਚ ਵੱਡੀ ਉਮਰ ਦੇ ਕੁਆਰੇ ਮਰਦਾਂ (ਜਿਨ੍ਹਾਂ ਨੂੰ ਆਮ ਭਾਸ਼ਾ ਵਿੱਚ 'ਛੜੇ' ਕਿਹਾ ਜਾਂਦਾ ਹੈ) ਦੀਆਂ ਸਮਾਜਿਕ ਅਤੇ ਆਰਥਿਕ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਸਰਕਾਰ ਤੋਂ ਉਨ੍ਹਾਂ ਲਈ ਵਿਸ਼ੇਸ਼ ਭੱਤੇ ਦੀ ਮੰਗ ਕੀਤੀ ਹੈ।
ਰਿਸ਼ਤੇ ਨਾ ਹੋਣ ਦੇ ਮੁੱਖ ਕਾਰਨ: ਵਿਧਾਇਕ ਦਾ ਤਰਕ
ਬਾਬੂਸ਼ਾਹੀ ਦੇ ਐਡੀਟਰ ਇਨ ਚੀਫ਼ ਬਲਜੀਤ ਬੱਲੀ ਨਾਲ ਗੱਲਬਾਤ ਕਰਦਿਆਂ MLA ਬਣਾਂਵਾਲੀ ਨੇ ਦੱਸਿਆ ਕਿ ਪਿੰਡਾਂ ਵਿੱਚ ਹਾਲਾਤ ਇਹ ਹਨ ਕਿ ਹੁਣ ਸਿਰਫ਼ ਗਰੀਬ ਕਿਸਾਨਾਂ ਦੇ ਹੀ ਨਹੀਂ, ਸਗੋਂ 10-10 ਏਕੜ ਜ਼ਮੀਨ ਵਾਲੇ ਪਰਿਵਾਰਾਂ ਦੇ ਲੜਕਿਆਂ ਦੇ ਵੀ ਰਿਸ਼ਤੇ ਨਹੀਂ ਹੋ ਰਹੇ। ਇਸ ਦੇ ਪਿੱਛੇ ਉਨ੍ਹਾਂ ਨੇ ਤਿੰਨ ਮੁੱਖ ਕਾਰਨ ਦੱਸੇ; ਲਿੰਗ ਅਨੁਪਾਤ ਵਿੱਚ ਫਰਕ- ਪਿਛਲੇ ਸਮੇਂ ਵਿੱਚ ਹੋਈ ਭਰੂਣ ਹੱਤਿਆ ਕਾਰਨ ਲੜਕੀਆਂ ਦੀ ਗਿਣਤੀ ਲੜਕਿਆਂ ਦੇ ਮੁਕਾਬਲੇ ਘੱਟ ਹੈ। ਇੱਕ ਬੱਚਾ ਨੀਤੀ- ਬਹੁਤ ਸਾਰੇ ਪਰਿਵਾਰਾਂ ਨੇ ਪਹਿਲਾ ਲੜਕਾ ਹੋਣ 'ਤੇ ਦੂਜਾ ਬੱਚਾ ਪੈਦਾ ਨਹੀਂ ਕੀਤਾ, ਜਿਸ ਨਾਲ ਸੰਤੁਲਨ ਵਿਗੜ ਗਿਆ। ਵੱਡੀ ਗਿਣਤੀ ਵਿੱਚ ਕੁੜੀਆਂ IELTS ਕਰਕੇ ਵਿਦੇਸ਼ ਚਲੀਆਂ ਗਈਆਂ ਹਨ, ਜਿਸ ਕਾਰਨ ਪੰਜਾਬ ਵਿੱਚ ਲੜਕੀਆਂ ਦੀ ਘਾਟ ਹੋਰ ਵਧ ਗਈ ਹੈ।
ਆਰਥਿਕ ਅਤੇ ਮਾਨਸਿਕ ਚੁਣੌਤੀਆਂ
ਵਿਧਾਇਕ ਨੇ ਕਿਹਾ ਕਿ ਜਦੋਂ ਕਿਸੇ ਲੜਕੇ ਦਾ ਵਿਆਹ ਨਹੀਂ ਹੁੰਦਾ, ਤਾਂ ਉਹ ਸਮਾਜਿਕ ਤੌਰ 'ਤੇ ਇਕੱਲਾ ਮਹਿਸੂਸ ਕਰਦਾ ਹੈ ਅਤੇ ਵਧਦੀ ਉਮਰ ਵਿੱਚ ਉਸ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੁੰਦਾ। ਉਨ੍ਹਾਂ ਮੰਗ ਕੀਤੀ ਕਿ, ਸਰਕਾਰ ਪੰਜਾਬ ਵਿੱਚ ਅਜਿਹੇ ਅਣਵਿਆਹੇ ਵਿਅਕਤੀਆਂ ਦਾ ਡਾਟਾ ਇਕੱਠਾ ਕਰੇ ਜਿਨ੍ਹਾਂ ਦੀ ਉਮਰ 30-35 ਸਾਲ ਤੋਂ ਉੱਪਰ ਹੋ ਚੁੱਕੀ ਹੈ। ਜਿਵੇਂ ਸਰਕਾਰ ਔਰਤਾਂ ਨੂੰ 1000-1500 ਰੁਪਏ ਮਹੀਨਾਵਾਰ ਭੱਤਾ ਦਿੰਦੀ ਹੈ, ਉਸੇ ਤਰ੍ਹਾਂ ਇਸ ਵਰਗ ਨੂੰ ਵੀ ਆਰਥਿਕ ਮਦਦ ਦਿੱਤੀ ਜਾਵੇ।
ਸਮਾਜਿਕ ਬਦਲਾਅ; ਜਾਤ-ਪਾਤ ਦੇ ਬੰਧਨ ਟੁੱਟੇ
ਬਣਾਂਵਾਲੀ ਨੇ ਦੱਸਿਆ ਕਿ ਹੁਣ ਹਾਲਾਤ ਅਜਿਹੇ ਹਨ ਕਿ ਲੋਕ ਜਾਤ-ਪਾਤ ਦੇ ਭੇਦਭਾਵ ਛੱਡ ਕੇ ਅੰਤਰ-ਜਾਤੀ (Inter-caste) ਵਿਆਹਾਂ ਲਈ ਵੀ ਤਿਆਰ ਹਨ। ਅੱਗੇ ਜਿੱਥੇ ਲੋਕ ਸਿਰਫ਼ ਆਪਣੀ ਜਾਤ ਵਿੱਚ ਰਿਸ਼ਤਾ ਲੱਭਦੇ ਸਨ, ਹੁਣ ਉਹ ਚਾਹੁੰਦੇ ਹਨ ਕਿ ਕਿਸੇ ਤਰ੍ਹਾਂ ਰਿਸ਼ਤਾ ਹੋ ਜਾਵੇ ਚਾਹੇ ਉਹ ਕਿਸੇ ਵੀ ਕਾਸਟ ਦਾ ਹੋਵੇ। ਇਹ ਸਮੱਸਿਆ ਸਿਰਫ਼ ਇੱਕ ਜਾਤ ਦੀ ਨਹੀਂ, ਬਲਕਿ ਸ਼ਹਿਰੀ ਹੋਰ ਭਾਈਚਾਰਿਆਂ ਵਿੱਚ ਵੀ ਤੇਜ਼ੀ ਨਾਲ ਵਧ ਰਹੀ ਹੈ।
Click to Follow Babushahi Facebook page →