BERAKING: ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਰਾਜਾ ਵੜਿੰਗ ਨੂੰ 'ਕਾਰਨ ਦੱਸੋ ਨੋਟਿਸ' ਜਾਰੀ
ਗਿੱਦੜਬਾਹਾ/ਸ਼੍ਰੀ ਮੁਕਤਸਰ ਸਾਹਿਬ, 25 ਮਈ, 2026: ਨਗਰ ਕੌਂਸਲ ਚੋਣਾਂ-2026 ਦੇ ਮੱਦੇਨਜ਼ਰ ਸੂਬੇ ਵਿੱਚ ਲਾਗੂ ਆਦਰਸ਼ ਚੋਣ ਜਾਬਤੇ (Model Code of Conduct) ਦਰਮਿਆਨ ਇੱਕ ਵੱਡੀ ਸਿਆਸੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਕਾਂਗਰਸ ਪ੍ਰਧਾਨ ਅਤੇ MP ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਪ੍ਰਚਾਰ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਰਿਟਰਨਿੰਗ ਅਫ਼ਸਰ-ਕਮ-ਉਪ-ਮੰਡਲ ਮੈਜਿਸਟ੍ਰੇਟ (SDM), ਗਿੱਦੜਬਾਹਾ ਵੱਲੋਂ ਇੱਕ ਅਧਿਕਾਰਤ "ਕਾਰਨ ਦੱਸੋ ਨੋਟਿਸ" (Show Cause Notice) ਜਾਰੀ ਕੀਤਾ ਗਿਆ ਹੈ।
ਇਸ ਨੋਟਿਸ ਰਾਹੀਂ ਰਾਜਾ ਵੜਿੰਗ ਪਾਸੋਂ ਨਿਰਧਾਰਿਤ ਸਮੇਂ ਅੰਦਰ ਲਿਖਤੀ ਸਪੱਸ਼ਟੀਕਰਨ ਮੰਗਿਆ ਗਿਆ ਹੈ। ਚੋਣ ਕਮਿਸ਼ਨ ਦੀਆਂ ਸਖ਼ਤ ਹਦਾਇਤਾਂ ਅਨੁਸਾਰ, ਨਗਰ ਕੌਂਸਲ ਚੋਣਾਂ ਲਈ ਪੋਲਿੰਗ ਸ਼ੁਰੂ ਹੋਣ ਦੇ ਸਮੇਂ (26 ਮਈ, 2026 ਸ਼ਾਮ 05:00 ਵਜੇ) ਤੋਂ 48 ਘੰਟੇ ਪਹਿਲਾਂ ਯਾਨੀ 24 ਮਈ, 2026 ਨੂੰ ਸ਼ਾਮ 05:00 ਵਜੇ ਤੋਂ ਬਾਅਦ ਕਿਸੇ ਵੀ ਕਿਸਮ ਦੇ ਚੋਣ ਪ੍ਰਚਾਰ, ਰੈਲੀਆਂ ਜਾਂ ਜਨਤਕ ਸਭਾਵਾਂ 'ਤੇ ਮੁਕੰਮਲ ਪਾਬੰਦੀ ਹੁੰਦੀ ਹੈ।
ਪ੍ਰਸ਼ਾਸਨ ਨੂੰ ਮਿਲੀ ਸ਼ਿਕਾਇਤ ਅਤੇ ਵੀਡੀਓ (CD) ਸਬੂਤਾਂ ਮੁਤਾਬਕ, ਰਾਜਾ ਵੜਿੰਗ ਵੱਲੋਂ 24 ਮਈ ਦੀ ਸ਼ਾਮ 05:00 ਵਜੇ ਦੀ ਸਮਾਂ-ਸੀਮਾ ਖ਼ਤਮ ਹੋਣ ਤੋਂ ਬਾਅਦ ਵੀ ਗਿੱਦੜਬਾਹਾ ਦੇ ਵਾਰਡ ਨੰਬਰ 16 ਅਤੇ 17 ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਕੀਤੇ ਗਏ ਚੋਣ ਜਲਸਿਆਂ ਵਿੱਚ ਸ਼ਮੂਲੀਅਤ ਕੀਤੀ ਗਈ। ਇਹ ਕਾਰਵਾਈ ਸਿੱਧੇ ਤੌਰ 'ਤੇ ਆਦਰਸ਼ ਚੋਣ ਜ਼ਾਬਤੇ ਦੇ ਨਿਯਮਾਂ ਦਾ ਉਲੰਘਣ ਹੈ।
ਰਿਟਰਨਿੰਗ ਅਫ਼ਸਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਰਾਜਾ ਵੜਿੰਗ ਨੂੰ 25 ਮਈ, 2026 ਨੂੰ ਸਵੇਰੇ 09:00 ਵਜੇ ਤੱਕ ਆਪਣੇ ਬਚਾਅ ਵਿੱਚ ਲਿਖਤੀ ਜਵਾਬ ਪੇਸ਼ ਕਰਨ ਦਾ ਸਮਾਂ ਦਿੱਤਾ ਗਿਆ ਸੀ। ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਤੈਅ ਸਮੇਂ ਅੰਦਰ ਤਸੱਲੀਬਖਸ਼ ਜਵਾਬ ਨਾ ਦਿੱਤਾ ਗਿਆ, ਤਾਂ ਇਸ ਨੂੰ ਚੋਣ ਜ਼ਾਬਤੇ ਦੀ ਪੱਕੀ ਉਲੰਘਣਾ ਮੰਨਦਿਆਂ ਅਗਲੇਰੀ ਕਾਨੂੰਨੀ ਕਾਰਵਾਈ ਲਈ ਰਾਜ ਚੋਣ ਕਮਿਸ਼ਨ ਪੰਜਾਬ ਨੂੰ ਲਿਖ ਦਿੱਤਾ ਜਾਵੇਗਾ।
ਇਸ ਨੋਟਿਸ ਦੀਆਂ ਕਾਪੀਆਂ ਰਾਜ ਚੋਣ ਕਮਿਸ਼ਨ ਪੰਜਾਬ, ਜ਼ਿਲ੍ਹਾ ਚੋਣਕਾਰ ਅਫ਼ਸਰ (ਸ਼੍ਰੀ ਮੁਕਤਸਰ ਸਾਹਿਬ) ਅਤੇ ਉਪ-ਕਪਤਾਨ ਪੁਲਿਸ (DSP) ਗਿੱਦੜਬਾਹਾ ਨੂੰ ਲੋੜੀਂਦੀ ਸੂਚਨਾ ਅਤੇ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਭੇਜੀਆਂ ਗਈਆਂ ਹਨ।
- Download Babushahi App
-
-