ਪੰਜਾਬ ਨੂੰ ਮੁੜ ਪਹਿਲੇ ਨੰਬਰ ਦਾ ਸੂਬਾ ਬਣਾਉਣ ਲਈ ਮਿਸਲ ਸਤਲੁਜ ਵੱਲੋਂ ਸੂਬੇ ਭਰ ਵਿੱਚ “ਚੜ੍ਹਦੀ ਕਲਾ ਰੈਲੀਆਂ” ਦਾ ਐਲਾਨ : ਅਜੇਪਾਲ ਸਿੰਘ ਬਰਾੜ
ਮੌਹਾਲੀ 26 ਮਈ, 2026
*ਮਿਸਲ ਸਤਲੁਜ ਜਥੇਬੰਦੀ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਅੱਜ ਇੱਥੇ ਇੱਕ ਮਹੱਤਵਪੂਰਨ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਮੁੜ ਵਿਕਾਸ, ਖੁਸ਼ਹਾਲੀ ਅਤੇ ਤਰੱਕੀ ਦੇ ਰਾਹ ‘ਤੇ ਲਿਆ ਕੇ ਪਹਿਲੇ ਨੰਬਰ ਦਾ ਸੂਬਾ ਬਣਾਉਣ ਲਈ ਮਿਸਲ ਸਤਲੁਜ ਜਥੇਬੰਦੀ ਵੱਲੋਂ ਆਉਂਦੇ ਦੋ ਮਹੀਨਿਆਂ ਦੌਰਾਨ ਪੰਜਾਬ ਭਰ ਵਿੱਚ 17 ਵਿਸ਼ਾਲ “ਚੜ੍ਹਦੀ ਕਲਾ ਰੈਲੀਆਂ” ਕੀਤੀਆਂ ਜਾਣਗੀਆਂ।*
*ਉਨ੍ਹਾਂ ਕਿਹਾ ਕਿ ਇਨ੍ਹਾਂ ਰੈਲੀਆਂ ਦਾ ਮੁੱਖ ਉਦੇਸ਼ ਪੰਜਾਬ ਦੇ ਲੋਕਾਂ ਵਿੱਚ ਨਵੀਂ ਸੋਚ ਅਤੇ ਵਿਆਪਕ ਲੋਕ ਚਰਚਾ ਦੀ ਸ਼ੁਰੂਆਤ ਕਰਨਾ ਹੈ, ਤਾਂ ਜੋ ਸੂਬੇ ਦੇ ਹੱਕੀ ਮਸਲਿਆਂ, ਨੌਜਵਾਨਾਂ ਦੇ ਭਵਿੱਖ, ਕਿਸਾਨੀ ਸੰਕਟ, ਰੁਜ਼ਗਾਰ, ਸਿੱਖਿਆ ਅਤੇ ਔਰਤਾਂ ਦੇ ਸ਼ਕਤੀਕਰਨ ਵਰਗੇ ਮੁੱਦਿਆਂ ਨੂੰ ਲੋਕਾਂ ਦੇ ਧਿਆਨ ਵਿੱਚ ਲਿਆਂਦਾ ਜਾ ਸਕੇ।*
*ਸਰਦਾਰ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਮਿਸਲ ਸਤਲੁਜ ਜਥੇਬੰਦੀ ਹਮੇਸ਼ਾਂ ਪੰਜਾਬ, ਪੰਜਾਬੀਅਤ ਅਤੇ ਲੋਕ ਹਿੱਤਾਂ ਦੀ ਆਵਾਜ਼ ਬਣ ਕੇ ਸੰਘਰਸ਼ ਕਰਦੀ ਆ ਰਹੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਨੂੰ ਮੁੜ ਤਰੱਕੀ ਦੀ ਰਾਹ ‘ਤੇ ਲਿਆਉਣ ਲਈ ਲੋਕਾਂ ਨੂੰ ਇਕੱਠਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਰੈਲੀਆਂ ਸਿਰਫ਼ ਰਾਜਨੀਤਿਕ ਇਕੱਠ ਨਹੀਂ ਹੋਣਗੀਆਂ, ਸਗੋਂ ਪੰਜਾਬ ਦੇ ਭਵਿੱਖ ਲਈ ਲੋਕਾਂ ਨਾਲ ਸਿੱਧਾ ਸੰਪਰਕ ਕਰਨ ਦਾ ਇੱਕ ਵੱਡਾ ਮੰਚ ਸਾਬਤ ਹੋਣਗੀਆਂ।*
*ਉਨ੍ਹਾਂ ਦੱਸਿਆ ਕਿ ਇਨ੍ਹਾਂ “ਚੜ੍ਹਦੀ ਕਲਾ ਰੈਲੀਆਂ” ਰਾਹੀਂ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਨੂੰ ਵੀ ਲੋਕਾਂ ਸਾਹਮਣੇ ਬੇਨਕਾਬ ਕੀਤਾ ਜਾਵੇਗਾ ਅਤੇ ਪੰਜਾਬ ਦੇ ਹੱਕੀ ਮੰਗਾਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਇਸਦੇ ਨਾਲ ਹੀ ਔਰਤਾਂ ਦੀ ਭਾਗੀਦਾਰੀ ਅਤੇ ਸ਼ਕਤੀਕਰਨ ਨੂੰ ਵੀ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ।*
*ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਲੀਆਂ ਦੀ ਸ਼ੁਰੂਆਤ 8 ਜੂਨ ਨੂੰ ਜ਼ੀਰਾ ਤੋਂ ਕੀਤੀ ਜਾਵੇਗੀ। ਇਸ ਤੋਂ ਬਾਅਦ 11 ਜੂਨ ਨੂੰ ਫਤਿਹਗੜ੍ਹ ਸਾਹਿਬ, 15 ਜੂਨ ਨੂੰ ਫਰੀਦਕੋਟ, 18 ਜੂਨ ਨੂੰ ਰੋਪੜ, 22 ਜੂਨ ਨੂੰ ਗੜ੍ਹਸ਼ੰਕਰ, 25 ਜੂਨ ਨੂੰ ਘਨੌਰ, 29 ਜੂਨ ਨੂੰ ਫਿਰੋਜ਼ਪੁਰ, 2 ਜੁਲਾਈ ਨੂੰ ਮੋਹਾਲੀ, 6 ਜੁਲਾਈ ਨੂੰ ਬਲਾਚੌਰ, 8 ਜੁਲਾਈ ਨੂੰ ਆਨੰਦਪੁਰ ਸਾਹਿਬ, 13 ਜੁਲਾਈ ਨੂੰ ਫਾਜ਼ਿਲਕਾ, 16 ਜੁਲਾਈ ਨੂੰ ਰਾਜਪੁਰਾ, 20 ਜੁਲਾਈ ਨੂੰ ਨਕੋਦਰ, 23 ਜੁਲਾਈ ਨੂੰ ਚਮਕੌਰ ਸਾਹਿਬ, 27 ਜੁਲਾਈ ਨੂੰ ਬਠਿੰਡਾ, 30 ਜੁਲਾਈ ਨੂੰ ਨਵਾਂ ਸ਼ਹਿਰ ਅਤੇ ਆਖਰੀ ਰੈਲੀ 3 ਅਗਸਤ ਨੂੰ ਸਨੌਰ ਵਿਖੇ ਕੀਤੀ ਜਾਵੇਗੀ।*
*ਸਰਦਾਰ ਬਰਾੜ ਨੇ ਕਿਹਾ ਕਿ ਪੰਜਾਬ ਭਰ ਵਿੱਚ ਹੋਣ ਵਾਲੀਆਂ ਇਨ੍ਹਾਂ ਰੈਲੀਆਂ ਦੀ ਸਫਲਤਾ ਲਈ ਮਿਸਲ ਸਤਲੁਜ ਜਥੇਬੰਦੀ ਦੇ ਮੈਂਬਰ ਅਤੇ ਵਲੰਟੀਅਰ ਪੂਰੀ ਤਨਦੇਹੀ ਨਾਲ ਤਿਆਰੀਆਂ ਵਿੱਚ ਜੁੱਟ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਜਥੇਬੰਦੀ ਦੇ ਮੈਂਬਰ ਦਿਨ-ਰਾਤ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੇ ਹਨ ਤਾਂ ਜੋ “ਚੜ੍ਹਦੀ ਕਲਾ ਰੈਲੀਆਂ” ਪੰਜਾਬ ਵਿੱਚ ਨਵੀਂ ਉਮੀਦ, ਨਵੀਂ ਸੋਚ ਅਤੇ ਨਵੀਂ ਜਾਗਰੂਕਤਾ ਦਾ ਸੰਦੇਸ਼ ਦੇ ਸਕਣ।*
*ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲਾਅ, ਇਮਾਨਦਾਰ ਸੋਚ ਅਤੇ ਲੋਕ-ਹਿੱਤਾਂ ਲਈ ਸੰਘਰਸ਼ ਕਰਨ ਵਾਲੀ ਅਗਵਾਈ ਦੀ ਉਡੀਕ ਕਰ ਰਹੇ ਹਨ ਅਤੇ ਮਿਸਲ ਸਤਲੁਜ ਜਥੇਬੰਦੀ ਪੰਜਾਬ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਹਰ ਪੱਧਰ ‘ਤੇ ਸੰਘਰਸ਼ ਜਾਰੀ ਰੱਖੇਗੀ।*
- Download Babushahi App
-
-