ਤਿਰਛੀ ਨਜ਼ਰ: ਕੌਕਰੋਚ ਤੇ ਕੁੱਤੇ- ਦੋ ਹੀ ਮਸਲੇ ਰਹਿ ਗਏ; ਕਾਕਰੋਚ ਪਾਰਟੀ ਦਾ ਸਿਆਸੀ ਪਰਛਾਵਾਂ ਪੰਜਾਬ ’ਤੇ ਵੀ?
ਹੁਣ ਖਤਰਨਾਕ ਕੁੱਤੇ ਮਾਰਨ ਦੀ ਖੁੱਲ੍ਹ, ਪਰ ਕਾਕਰੋਚ ਮਾਰਨ ’ਤੇ ਪਾਬੰਦੀ ਦਾ ਖਦਸ਼ਾ
ਤਾੜੀਆਂ ਮਾਰ ਰਹੀਆਂ ਬਾਕੀ ਪਾਰਟੀਆਂ ਵੀ ਗਲਤਫਹਿਮੀ ’ਚ ਨਾ ਰਹਿਣ
-ਬਲਜੀਤ ਬੱਲੀ
ਮਾਹੌਲ ਬਦਲ ਗਿਆ ਹੈ। ਪਹਿਲਾਂ ਕਾਕਰੋਚ ਨੂੰ ਹਰ ਕੋਈ ਨਫਰਤ ਕਰਦਾ ਸੀ। ਮਾਰਨ ਦੀ ਵੀ ਖੁੱਲ੍ਹ ਸੀ। ਕਾਕਰੋਚ ਮਾਰਨ ਵਾਲੀਆਂ ਦਵਾਈਆਂ ਤੇ ਸਪਰੇਅ ਵੇਚ ਕੇ ਅਰਬਾਂ ਰੁਪਏ ਵੀ ਕਮਾਏ ਜਾ ਰਹੇ ਹਨ। ਪਰ ਹੁਣ ਕਾਕਰੋਚ Gen Z ਦੀ ਪਸੰਦ ਬਣ ਗਏ ਹਨ। ਇਹ ਜਾਨਵਰ ਉਨ੍ਹਾਂ ਦੀ ਡਿਗਨਿਟੀ ਅਤੇ ਭਵਿੱਖ ਨੀਤੀ ਦਾ ਸਿੰਬਲ ਬਣ ਗਿਆ ਹੈ।
ਖਦਸ਼ਾ ਇਹ ਹੈ ਕਿ ਜਿਵੇਂ ਪਹਿਲਾਂ ਮੇਨਕਾ ਬੀਬੀ ਨੇ ਅਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਨੂੰ ਮਾਰਨ ’ਤੇ ਪਾਬੰਦੀ ਲਗਵਾਈ ਸੀ, ਕਿਤੇ ਇਹ ਕਾਕਰੋਚ ਜਨਤਾ ਪਾਰਟੀ ਕਾਕਰੋਚ ਮਾਰਨ ’ਤੇ ਵੀ ਪਾਬੰਦੀ ਨਾ ਲਗਵਾ ਦੇਵੇ। ਵੈਸੇ ਅਜੇ ਤੱਕ ਤਾਂ ਕਾਕਰੋਚ ਪਾਰਟੀ ਦੇ ਮੈਨੀਫੈਸਟੋ ਵਿੱਚ ਇਹ ਮੱਦ ਨਹੀਂ ਹੈ, ਪਰ ਜਿਵੇਂ ਇਸ ਵਿੱਚ ਬਣੀ ਅਤੇ ਅਡਾਨੀ ਦੇ ਮੀਡੀਆ ਚੈਨਲਾਂ ’ਤੇ ਪਾਬੰਦੀ ਦਾ ਮੁੱਦਾ ਸ਼ਾਮਲ ਹੈ, ਇਸੇ ਤਰ੍ਹਾਂ ਕਾਕਰੋਚ ਮਾਰਨ ਵਾਲੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ, ਇਨ੍ਹਾਂ ਦੀ ਮੀਡੀਆ ’ਚ ਮਸ਼ਹੂਰੀ ’ਤੇ ਪਾਬੰਦੀ ਅਤੇ ਘਰਾਂ ’ਚ ਕਾਕਰੋਚ ਮਾਰਨ ਨੂੰ ਜੁਰਮ ਵੀ ਕਰਾਰ ਦਿੱਤਾ ਜਾ ਸਕਦਾ ਹੈ।
ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ ਕੁੱਤਿਆਂ ਨੂੰ ਕਾਬੂ ਕਰਨ ਅਤੇ ਖਤਰਨਾਕ ਕੁੱਤਿਆਂ ਨੂੰ ਮਾਰਨ ਦੇ ਹੁਕਮਾਂ ਤੋਂ ਬਾਅਦ ਉਹ ਸਰਕਾਰਾਂ ਅਤੇ ਮੰਤਰੀ-ਸੰਤਰੀ ਵੀ ਇਸ ਮਾਮਲੇ ’ਚ ਜੋਸ਼ ਦਿਖਾ ਕੇ ਮੀਡੀਆ ਦੀਆਂ ਸੁਰਖੀਆਂ ਲੈਣ ਦਾ ਯਤਨ ਕਰਨਗੇ, ਜਿਨ੍ਹਾਂ ਨੂੰ ਕੱਲ੍ਹ ਤੱਕ ਅਵਾਰਾ ਅਤੇ ਖੂੰਖਾਰ ਕੁੱਤਿਆਂ ਵੱਲੋਂ ਰੋਜ਼ਾਨਾ ਨੋਚੇ ਜਾਂਦੇ ਮਾਸੂਮ ਬੱਚਿਆਂ ਦੇ ਹੱਕ ’ਚ ਨਾਅਰਾ ਮਾਰਨ ਦੀ ਵੀ ਵਿਹਲ ਨਹੀਂ ਸੀ।
ਦੇਖਣ ਨੂੰ ਭਾਵੇਂ ਕਾਕਰੋਚ ਪਾਰਟੀ ਇੰਡੀਆ ਦੀ ਸਰਕਾਰ ਅਤੇ ਹਕੂਮਤੀ ਪਾਰਟੀ ਦੇ ਖਿਲਾਫ ਹੈ, ਉਨ੍ਹਾਂ ਨੂੰ ਫੌਰੀ ਖਤਰਾ ਲੱਗ ਰਿਹਾ ਹੈ। ਇਸੇ ਲਈ ਇਸ ਦਾ X ਹੈਂਡਲ ਇੰਡੀਆ ’ਚ ਬੰਦ ਕਰ ਦਿੱਤਾ ਗਿਆ ਹੈ। ਇਸ ’ਤੇ ਬਾਕੀ ਪਾਰਟੀਆਂ ਦੇ ਜੋ ਕਈ ਨੇਤਾ ਤਾੜੀਆਂ ਮਾਰ ਰਹੇ ਹਨ, ਉਨ੍ਹਾਂ ਨੂੰ ਗਲਤਫਹਿਮੀ ’ਚ ਨਹੀਂ ਰਹਿਣਾ ਚਾਹੀਦਾ।
ਇਸ ਪਾਰਟੀ ਨੂੰ ਘੰਟਿਆਂ ਵਿੱਚ ਹੀ ਕਰੋੜਾਂ ਫਾਲੋਅਰ ਮਿਲਣ ਵਾਲੀ ਨਵੀਂ ਪੀੜ੍ਹੀ, ਭਾਵ Gen Z, ਸਭ ਪਾਰਟੀਆਂ ਅਤੇ ਪੂਰੇ ਸਿਸਟਮ ਤੋਂ ਅੱਕੀ ਹੋਈ ਹੈ। ਹਾਲਾਤ ਕੁਝ ਹੱਦ ਤੱਕ ਅੰਨਾ ਹਜ਼ਾਰੇ ਦੀ ਲਹਿਰ ਨਾਲ ਮਿਲਦੇ ਹਨ, ਪਰ ਇਸ ਵਾਰ ਬੁਨਿਆਦੀ ਫਰਕ ਇਹ ਹੈ ਕਿ ਉਦੋਂ ਅੰਦੋਲਨ ਦੀ ਵਾਗਡੋਰ ਪੁਰਾਣੀ ਪੀੜ੍ਹੀ ਕੋਲ ਸੀ, ਜਦੋਂ ਕਿ ਹੁਣ ਖੁਦ ਨਵੀਂ ਪੀੜ੍ਹੀ ਇਸ ਦੀ ਮੋਹਰੀ ਹੈ।
ਬੇਸ਼ੱਕ ਅਜੇ ਇਸ ਦਾ ਮੁਹਾਂਦਰਾ ਸਾਫ ਨਹੀਂ, ਪਰ ਨੇਪਾਲ ਵਰਗੇ ਕੁਝ ਦੇਸ਼ਾਂ ਦਾ ਤਜਰਬਾ ਇਹ ਸੰਕੇਤ ਕਰਦਾ ਹੈ ਕਿ Gen Z ਪੂਰੀ ਸਿਆਸੀ ਉਥਲ-ਪੁਥਲ ਕਰ ਸਕਦੀ ਹੈ। ਇਸ ਦਾ ਸਿਆਸੀ ਪਰਛਾਵਾਂ ਸਾਰੇ ਮੁਲਕ ’ਚ ਅਤੇ ਖਾਸ ਕਰਕੇ ਪੰਜਾਬ ਅਤੇ ਜਿਨ੍ਹਾਂ ਸੂਬਿਆਂ ’ਚ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਹੋਣੀਆਂ ਹਨ, ਉੱਥੇ ਵੀ ਪੈ ਸਕਦਾ ਹੈ। ਪੰਜਾਬ ਵਿੱਚੋਂ ਨੌਜਵਾਨਾਂ ਦੇ ਕਾਕਰੋਚ ਪਾਰਟੀ ਵੱਲ ਖਿੱਚੇ ਜਾਣ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ।
ਪੰਜਾਬ ਵਿੱਚ ਜਿਹੋ ਜਿਹਾ ਸਿਆਸੀ ਘਚੋਲੇ ਵਾਲਾ ਮਾਹੌਲ ਹੈ, ਇੱਥੇ ਕੁਝ ਵੀ ਹੋ ਸਕਦਾ ਹੈ। ਪੰਜਾਬ ਦੇ ਲੋਕਾਂ ਨੇ 1989 ਦੀਆਂ ਲੋਕ ਸਭਾ ਚੋਣਾਂ, ਫਿਰ 2014 ਦੀਆਂ ਲੋਕ ਸਭਾ ਚੋਣਾਂ ਅਤੇ ਫਿਰ 2022 ਵਿੱਚ ਅਜਿਹੇ ਸਿਆਸੀ ਕ੍ਰਿਸ਼ਮੇ ਕਰ ਕੇ ਦਿਖਾਏ ਹਨ — ਇਸ ਲਈ ਕੁਝ ਵੀ ਹੋ ਸਕਦਾ ਹੈ।
ਤਿਰਛੀ ਨਜ਼ਰ / ਬਲਜੀਤ ਬੱਲੀ
Editor-in-Chief
Babushahi News Network
May 21, 2026

-
ਬਲਜੀਤ ਬੱਲੀ, ਸੰਪਾਦਕ
tirshinazar@gmail.com
1234567
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.