ਡਾ.ਕਰਨੈਲ ਸਿੰਘ ਸ਼ੇਰਗਿੱਲ ਦੀਆਂ ਤਿੰਨ ਕਿਤਾਬਾਂ ਰਿਲੀਜ਼ ਕੀਤੀਆਂ
ਡਾ.ਕਰਨੈਲ ਸਿੰਘ ਸ਼ੇਰਗਿੱਲ ਦੀ ਲੈਸਟਰ ਸਥਿਤ ਰਿਹਾਇਸ਼ ਵਿਖੇ ਰਿਲੀਜ਼ ਕੀਤੀਆਂ ਉਹਨਾਂ ਦੀਆਂ ਤਿੰਨ ਕਿਤਾਬਾਂ -ਮੈਮੋਰੀ ਲੇਨ(ਕਹਾਣੀਆਂ),ਪੰਦਰ੍ਹਵਾਂ ਲਾਲ ਕਰਾਸ-ਕਹਾਣੀ ਸੰਗ੍ਰਿਹ(ਚੌਥਾ ਐਡੀਸ਼ਨ) ਤੇ ਲੌਕਡਾਊਨ ਇੰਫਿਨਿਟੀ(ਨਾਵਲ)
ਇੱਕ ਹੋਰ ਸਾਹਿਤਕਾਰ ਡਾ ਜਸਵੰਤ ਸਿੰਘ ਬਿਲਖੂ ਦੀ ਕਿਤਾਬ-ਹਾਸਿਆਂ ਦਾ ਗੁਲਦਸਤਾ ਵੀ ਰਲੀਜ਼ ਕੀਤੀ ਗਈ
ਚੰਡੀਗੜ੍ਹ, 6 ਸਤੰਬਰ 2025 : ਡਾ ਕਰਨੈਲ ਸਿੰਘ ਸ਼ੇਰਗਿੱਲ ਉੱਚ ਸਿੱਖਿਆ ਪ੍ਰਾਪਤ ਮੈਡੀਕਲ ਸਪੈਸ਼ਲਿਸਟ ਵਜੋਂ ਜਿਥੇ ਡਾਕਟਰੀ ਕਿੱਤੇ ਨਾਲ ਜੁੜਿਆ ਹੋਇਆ ਹੈ,ਉੱਥੇ ਉਹ ਬਰਤਾਨਵੀ ਪੰਜਾਬੀ ਸਾਹਿਤ ਦਾ ਇੱਕ ਸਥਾਪਤ ਲੇਖਕ ਵੀ ਹੈ l ਉਹ ਸਥਾਪਿਤ ਕਵੀ,ਕਹਾਣੀਕਾਰ ਦੇ ਨਾਵਲਕਾਰ ਹੈ l ਉਸ ਨੇ ਪੰਜਾਬੀ ਵਿੱਚ ਮਨੁੱਖੀ ਰੋਗਾਂ ਸਬੰਧੀ ਵੀ ਕਿਤਾਬਾਂ ਲਿਖੀਆਂ ਤੇ ਪ੍ਰਕਾਸ਼ਿਤ ਕੀਤੀਆਂ ਹਨ l ਕਵਿਤਾ ਅਤੇ ਕਹਾਣੀ ਦੇ ਖੇਤਰ ਵਿੱਚ ਉਹ ਇੱਕ ਜਾਣਿਆ ਪਛਾਣਿਆ ਨਾਂ ਹੈ l ਅੱਜ ਤੋਂ ਚਾਰ ਦਹਾਕੇ ਪਹਿਲਾਂ ਨਾਗਮਣੀ ਵਿੱਚ ਵੀ ਉਸਦੀਆਂ ਕਹਾਣੀਆਂ ਛਪਦੀਆਂ ਰਹੀਆਂ ਹਨ l ਸੁਭਾਅ ਪੱਖੋਂ ਉਹ ਬਹੁਤ ਹੀ ਸੰਵੇਦਨਸ਼ੀਲ ਤੇ ਸੋਚ ਪੱਖੋਂ ਤਰਕਸ਼ੀਲ ਵਿਚਾਰਾਂ ਨਾਲ ਪ੍ਰਨਾਇਆ ਹੋਇਆ ਹੈ। ਆਪਣਾ ਪਲੇਠਾ ਨਾਵਲ ਲਾਕਡਾਊਨ ਅਲਫਾ ਉਹਨਾਂ ਨੇ 2022 ਵਿੱਚ ਪ੍ਰਕਾਸ਼ਿਤ ਕੀਤਾ,ਜਿਸ ਦੀ ਚਰਚਾ ਸਾਹਿਤਿਕ ਹਲਕਿਆਂ ਵਿੱਚ ਖੂਬ ਹੋਈ ਹੈ l ਹੁਣ ਉਹਨਾਂ ਦਾ ਦੂਜਾ ਨਾਵਲ ਲਾਕਡਾਊਨ ਇੰਫਿਨਿਟੀ ਛਪ ਕੇ ਆਇਆ ਹੈ ਜੋ ਲੋਕਡਾਊਨ ਅਲਫਾ ਦਾ ਹੀ ਵਿਸਥਾਰ ਹੈ l ਡਾ.ਸ਼ੇਰਗਿੱਲ ਮਨੁੱਖੀ ਸੁਭਾਅ ਤੇ ਵਿਹਾਰ ਦੀਆਂ ਦਾਰਸ਼ਨਿਕ ਰਮਜਾਂ ਨੂੰ ਸਮਝਣ ਵਾਲਾ ਕਵੀ ਹੈ l ਉਹ ਕਵਿਤਾ ਦੇ ਸਿਰਜਣੇ ਵਰਤਾਰੇ ਨਾਲ ਜੁੜਦਾ ਹੈ ਤਾਂ ਮਨੁੱਖੀ ਹੋਂਦ ਦੇ ਸਵਾਲਾਂ ਤੋਂ ਲੈ ਕੇ ਸਮਾਜਿਕ ਵਿਹਾਰ ਦੀਆਂ ਪਰਤਾਂ ਨੂੰ ਕਾਵਿ-ਬਿੰਬਾਂ ਵਿੱਚ ਪੇਸ਼ ਕਰਨ ਦੀ ਸਮਰਥਾ ਰੱਖਦਾ ਹੈ l ਉਹ ਕਵਿਤਾ ਵਿੱਚ ਵਿਚਾਰ ਅਤੇ ਕਾਵਿਕਤਾ ਦਾ ਸੁਮੇਲ ਸਮਕਾਲੀ ਪੰਜਾਬੀ ਕਵਿਤਾ ਦਾ ਹਾਸਿਲ ਹੈ l ਉਹ ਕਵਿਤਾਵਾਂ ਰਾਹੀਂ ਪਾਠਕਾਂ ਨਾਲ ਸਿਰਫ ਵਿਚਾਰਾਂ ਦੀ ਸਾਂਝ ਹੀ ਨਹੀਂ ਪਾਉਂਦਾ ਬਲਕਿ ਆਪਣੀ ਕਾਵਿਕ ਭਾਸ਼ਾ ਵਿੱਚ ਪਾਠਕਾਂ ਨੂੰ ਕੀਲਣ ਦੀ ਸਮਰੱਥਾ ਵੀ ਰੱਖਦਾ ਹੈ l ਕਵਿਤਾ ਨਾਵਲ ਅਤੇ ਕਹਾਣੀ ਦੇ ਖੇਤਰ ਵਿੱਚ ਉਹਨਾਂ ਦੇ ਪ੍ਰਕਾਸ਼ਿਤ ਹੁਣ ਤੱਕ ਦੇ ਸਾਰੇ ਦਸਤਾਵੇਜਾਂ ਨੂੰ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ l ਪ੍ਰਸਿੱਧ ਪੰਜਾਬੀ ਪ੍ਰਵਾਸੀ ਸਾਹਿਤਕਾਰ ਵਜੋਂ ਹੁਣ ਉਹ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਰਿਹਾ l ਮੈਮੋਰੀ ਲੇਨ ਡਾਕਟਰ ਕਰਨੈਲ ਸਿੰਘ ਸ਼ੇਰਗਿੱਲ ਦਾ ਦੂਜਾ ਕਹਾਣੀ ਸੰਗ੍ਰਹਿ ਹੈ ਜੋ ਉਹਨਾਂ ਦੇ ਕਿੱਤੇ ਨਾਲ ਸੰਬੰਧਿਤ ਮਰੀਜ਼ਾਂ ਦੀਆਂ ਅਸਧਾਰਣ ਮਾਨਸਿਕਤਾ ਤੇ ਗਹਿਰੇ ਮਨੋਵਿਗਿਆਨ ਦਾ ਵਿਸ਼ਲੇਸ਼ਣ ਹੀ ਨਹੀਂ ਕਰਦਾ ਹੈ,ਬਲਕਿ ਕਹਾਣੀ ਲਿਖਦਿਆਂ ਉਹ ਮਰੀਜਾਂ ਦੀ ਸਿਹਤ ਸਬੰਧੀ ਫਿਕਰਮੰਦ ਵੀ ਰਹਿੰਦਾ ਹੈ ਅਤੇ ਪਾਠਕ ਨੂੰ ਸਿਹਤ ਸਬੰਧੀ ਸੁਚੇਤ ਵੀ ਕਰਦਾ ਹੈ l ਕਈ ਦਹਾਕੇ ਪਹਿਲਾਂ ਕਰਨੈਲ,ਰਵਿੰਦਰ,ਬਲਜੀਤ ਤੇ ਹੋਰ ਕਿੰਨੇ ਸਾਰੇ ਦੋਸਤ ਉਹਨਾਂ ਦੇ ਇੰਟਰਨ ਹੋਸਟਲ ਦੇ ਕਮਰਾ ਨੰਬਰ 19 ਚ ਅੰਮ੍ਰਿਤਸਰ ਵਿਖੇ ਸ਼ਾਮ ਨੂੰ ਇਕੱਠੇ ਹੁੰਦੇ ਤਾਂ ਖੂਬ ਚਰਚਾ ਹੁੰਦੀ ਸੀ l ਇਹਨਾਂ ਦੋਸਤਾਂ ਵਿੱਚ ਖੁਰਸ਼ੀਦ, ਮੁਖਤਿਆਰ ਗਿੱਲ ਤੇ ਪਰਮਿੰਦਰਜੀਤ ਸ਼ਾਮਲ ਸਨ l ਹੋਸਟਲ ਵਿੱਚ ਤਾਂ ਹੋਰ ਵੀ ਡਾਕਟਰ/ਵਿਦਿਆਰਥੀ ਰਹਿੰਦੇ ਸਨ ਪਰ ਸਾਹਿਤਕਾਰ ਤਾਂ ਡਾਕਟਰ ਕਰਨੈਲ ਕੋਲ ਹੀ ਆਉਂਦੇ ਸਨ l ਉਹਨਾਂ ਦਿਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਨਵੀਂ ਹੋਂਦ ਵਿੱਚ ਆਈ ਸੀ ਉਧਰ ਜਦੋਂ ਚੱਕਰ ਲੱਗਦਾ ਤਾਂ ਲਾਲੀ ਬਾਬਾ,ਰਵਿੰਦਰ ਰਵੀ,ਪ੍ਰਫੈਸਰ ਰਾਜ਼ਦਾਨ ਤੇ ਭੂਤਵਾੜੇ ਦੇ ਦੋਸਤਾਂ ਨਾਲ ਵੀ ਇਹਨਾਂ ਦਾ ਰਾਬਤਾ ਬਣ ਜਾਂਦਾ ਸੀ l ਡਾ. ਦਲੀਪ ਕੌਰ ਟਿਵਾਣਾ,ਨਵਤੇਜ ਭਾਰਤੀ,ਕੁਲਵੰਤ ਗਰੇਵਾਲ ਆਦਿ ਮਿੱਤਰਾਂ ਨਾਲ ਵੀ ਵਾਹ ਪੈਂਦਾ ਸੀ ਜਿਨਾਂ ਕੋਲ ਕਲਾ ਦੀ ਦੁਨੀਆ ਦਾ ਇਲਮ ਹੁੰਦਾ ਸੀ l ਕਰਨੈਲ ਨੂੰ ਲਿਖਣ ਦੀ ਚੇਟਕ ਵਿਦਿਆਰਥੀ ਜੀਵਨ ਵੇਲੇ ਹੀ ਲੱਗ ਗਈ ਸੀ lਡਾਕਟਰ ਕਰਨੈਲ ਦੀ ਕਹਾਣੀਆਂ ਦੀ ਕਿਤਾਬ ਪੰਦਰ੍ਹਵਾਂ ਲਾਲ ਕਰਾਸ ਦੀ ਪਹਿਲਾਂ "ਚਰਚਾ" ਰਸਾਲੇ ਵਿੱਚ ਖੂਬ ਚਰਚਾ ਹੋਈ ਸੀ l ਕਿਸੇ ਵੇਲੇ ਡਾਕਟਰ ਕਰਨੈਲ ਨੇ ਯੂਕੇ ਦੇ ਸ਼ਹਿਰ ਲੈਸਟਰ ਵਿੱਚ ਪੰਜਾਬੀ ਅਕੈਡਮੀ ਲੈਸਟਰ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਸੀ ਜਿਸ ਵਿੱਚ ਦੁਨੀਆਂ ਭਰ ਦੇ ਲੇਖਕਾਂ ਨੂੰ ਸੱਦਿਆ ਗਿਆ ਸੀ। ਪਰਚੇ ਪੜੇ ਗਏ ਸਨ l ਇਹਨਾਂ ਦਾ ਅੰਮ੍ਰਿਤਸਰ ਆਉਣ ਜਾਣ ਲੱਗਿਆ ਰਹਿੰਦਾ ਹੈ l ਇਹ ਵੀ ਪਤਾ ਲੱਗਿਆ ਹੈ ਕਿ ਕਰਨੈਲ ਦੀ ਕਵਿਤਾ ਦੀ ਕਿਤਾਬ ਹੁਣ ਮੈਂ ਅਜਨਬੀ ਨਹੀਂ ਵੀ ਛਪੀ ਹੈ l ਉਸ ਪਿੱਛੋਂ ਕਵਿਤਾ ਦੀ ਦੂਜੀ ਕਿਤਾਬ ਕੌਣ ਸੂਤਰਧਾਰ ਆਈ l ਇਸ ਵਿਚਲੀ ਕਵਿਤਾ ਸਮਾਜਿਕ ਦੂਰੀ ਪੜ੍ਹ ਕੇ ਤਾਂ ਅਥਰੂ ਸੰਭਾਲਣੇ ਔਖੇ ਹੋ ਜਾਂਦੇ ਹਨ l ਪੰਦਰ੍ਹਵਾਂ ਲਾਲ ਕਰਾਸ ਡਾਕਟਰ ਕਰਨੈਲ ਦੇ ਕਹਾਣੀ ਸੰਗ੍ਰਹਿ ਦਾ ਚੌਥਾ ਐਡੀਸ਼ਨ ਛਪ ਚੁੱਕਿਆ ਹੈ ਜਿਸ ਵਿੱਚ 11 ਕਹਾਣੀਆਂ ਹਨ l ਇਹ ਕਹਾਣੀਆਂ ਕਥਾ ਸਾਹਿਤ ਵਾਲਿਆਂ ਲਈ ਪ੍ਰੇਰਨਾ ਬਣ ਸਕਦੀਆਂ ਹਨ, ਕਿਉਂਕਿ ਇਹਨਾਂ ਕਹਾਣੀਆਂ ਦੀ ਜੁਗਤ ਮਨੋਵਿਗਿਆਨਿਕ ਹੈ l ਆਪਣੇ ਦੇਸ਼ ਨਾਲ ਡਾਕਟਰ ਸਾਹਿਬ ਦਾ ਦਿਲ ਦਾ ਰਿਸ਼ਤਾ ਹੈ ਤੇ ਹੁਣ ਪਰਵਾਸ ਨਾਲ ਦਿਮਾਗ ਦਾ ਰਿਸ਼ਤਾ ਬਣਿਆ ਹੋਇਆ ਹੈ l ਆਪਣੇ ਪਲੇਠੇ ਨਾਵਲ ਲਾਕਡਾਊਨ ਅਲਫਾ ਲਿਖ ਕੇ ਉਸ ਨੇ ਅਣਛੋਏ ਵਿਸ਼ੇ ਨੂੰ ਨਾਵਲ ਦੀ ਸਮਗਰੀ ਵਿੱਚ ਪੇਸ਼ ਕਰ ਦਿੱਤਾ ਹੈ। ਕਰੋਨਾ ਵਾਇਰਸ ਦਾ ਦੁਨੀਆ ਤੇ ਫੈਲਾਓ ਤੇ ਮਨੁੱਖੀ ਜ਼ਿੰਦਗੀ ਦੀ ਬਰਬਾਦੀ ਦਾ ਨਜ਼ਾਰਾ ਮਨੁੱਖਤਾ ਨੇ ਅੱਖੀ ਵੇਖਿਆ ਤੇ ਹੰਡਾਇਆ ਜਿਸ ਦੇ ਮਾਰੂ ਅਸਰਾਂ ਤੇ ਕਾਬੂ ਪਾਉਣ ਲਈ ਲਾਕਡਾਊਨ ਵਰਗੇ ਪ੍ਰਤੀਬੰਧ ਲਾਏ ਗਏ l ਡਾਕਟਰ ਕਰਨੈਲ ਕਰੋਨਾ ਵਾਇਰਸ ਅਤੇ ਲੋਕਡਾਊਨ ਵਰਗੇ ਸੰਕਲਪਾਂ ਨੂੰ ਮਨੁੱਖੀ ਰਿਸ਼ਤਿਆਂ ਨਾਲ ਜੋੜ ਕੇ ਅਨੋਖੀ ਕਿਸਮ ਦਾ ਬਿਰਤਾਂਤ ਸਿਰਜਦਾ ਹੈ ਤੇ ਨਾਵਲੀ ਬਿਰਤਾਂਤ ਵਿੱਚ ਪੇਸ਼ ਕਰਦਾ ਹੈ l ਉਹਨਾਂ ਦੀ ਕਵਿਤਾ ਤੇ ਨਾਵਲ ਨੂੰ ਤਾਂ ਪਾਠਕਾਂ ਨੇ ਹੁੰਗਾਰਾ ਦਿੱਤਾ ਹੀ ਹੈ ਪਰ ਉਸ ਤੋਂ ਕਿਤੇ ਵੱਧ ਉਸ ਦੀ ਕਹਾਣੀ ਨੂੰ ਪਾਠਕਾਂ ਵੱਲੋਂ ਬਹੁਤ ਸਲਾਹਿਆ ਤੇ ਨਵਾਜਿਆ ਗਿਆ ਹੈ l ਡਾਇਸਪੋਰਾ ਤੇ ਪਰਵਾਸ ਵਾਲੇ ਪਹਿਲੇ ਅਰਥ ਹੁਣ ਨਹੀਂ ਰਹੇ l ਉਹਨਾਂ ਦੀਆਂ ਕਹਾਣੀਆਂ ਦੇ ਪੱਤਰ ਪ੍ਰਵਾਸੀ/ਵਿਦੇਸ਼ੀ ਧਰਤੀ ਤੇ ਪਾਸਾਰ ਕਰਦੇ ਨਜ਼ਰ ਆਉਂਦੇ ਹਨ l ਲੇਖਕ ਨੇ ਇਹਨਾਂ ਪਾਤਰਾਂ ਦੀ ਮਾਨਸਿਕਤਾ ਨੂੰ ਨੇੜੋਂ ਸਮਝਣ ਦੀ ਕੋਸ਼ਿਸ਼ ਕੀਤੀ ਹੈ l ਨਾਵਲ ਲਾਕਡਾਊਨ ਇੰਫਿਨਿਟੀ ਪਹਿਲਾਂ ਵਾਲੇ ਨਾਵਲ ਦੀ ਤਰ੍ਹਾਂ ਆਵਾਸ ਤੇ ਪ੍ਰਵਾਸ ਦੀ ਗਾਥਾ ਹੈ ਉਥੇ ਮਨੁੱਖੀ ਰੀਝਾਂ ਨੂੰ ਵਿਗਿਆਨਿਕ ਪੱਧਰ ਤੇ ਨਾਵਲੀ ਰੂਪ ਚ ਲੈ ਆਂਦਾ ਹੈ l ਕੁੱਲ ਮਿਲਾ ਕੇ ਤੱਤ ਰੂਪ ਵਿੱਚ ਜੇ ਕਹਿਣਾ ਹੋਵੇ ਤਾਂ ਡਾ.ਕਰਨੈਲ ਸਿੰਘ ਸ਼ੇਰਗਿੱਲ ਇੱਕ ਅਤੀ ਸੰਵੇਦਨਸ਼ੀਲ ਮਨੁੱਖ ਅਤੇ ਬਹੁਪੱਖੀ ਲੇਖਕ ਹੈ,ਜਿਨਾਂ ਅੰਦਰ ਸਾਹਿਤ ਸਿਰਜਣਾ ਦੇ ਬੀਜ ਲਗਾਤਾਰ ਪੁੰਗਰਦੇ ਰਹਿੰਦੇ ਹਨ l ਸਾਹਿਤ ਜਗਤ ਨੂੰ ਉਹਨਾਂ ਤੋਂ ਹੋਰ ਵੀ ਵੱਡੀਆਂ ਆਸਾਂ ਹਨ l ਉਹਨਾਂ ਦੇ ਨਿਵਾਸ ਤੇ ਰਿਲੀਜ਼ ਕੀਤੀਆਂ ਤਿੰਨ ਕਿਤਾਬਾਂ ਮੌਕੇ ਮੇਰੇ ਤੋਂ ਇਲਾਵਾ ਬਹੁਪੱਖੀ,ਬਹੁਪਰਤੀ ਲੇਖਕ ਤੇ ਬਹੁਤ ਹੀ ਸੁਲਝੇ ਹੋਏ ਇਨਸਾਨ ਇੰ.ਕਿਰਪਾਲ ਸਿੰਘ ਪੂਨੀ ਕਵੈਂਟਰੀ ਵਾਲੇ ਤੇ ਡਾ.ਜਸਵੰਤ ਸਿੰਘ ਬਿਲਖੂ ਵਿਅੰਗ ਲੇਖਕ ਵੀ ਹਾਜ਼ਰ ਸਨ l ਡਾਕਟਰ ਬਿਲਖੂ ਨੇ ਵਿਅੰਗ ਦੀ ਵਿਧਾ ਵਿੱਚ ਬਹੁਤ ਸੋਹਣੀ ਰਚਨਾ ਕੀਤੀ ਹੈ l ਸ਼ਾਲਾ ਸਾਡੇ ਇਹਨਾਂ ਦੋਨਾਂ ਦੋਸਤਾਂ ਦੀ ਰਚਨਾਤਮਕ ਸਮਰੱਥਾ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਦੀ ਰਹੇ l
ਡਾ,ਅਜੀਤਪਾਲ ਸਿੰਘ ਐਮ ਡੀ