ਅੰਮ੍ਰਿਤਸਰ-ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਪਿੰਡਾਂ ‘ਚ ਡੇਰਾ ਸਿਰਸਾ ਪੈਰੋਕਾਰਾਂ ਨੇ ਵੰਡੀ ਰਾਹਤ ਸਮੱਗਰੀ
ਅਸ਼ੋਕ ਵਰਮਾ
ਅੰਮ੍ਰਿਤਸਰ, 6 ਸਤੰਬਰ 2025 : ਭਾਰੀ ਬਰਸਾਤਾਂ ਦੌਰਾਨ ਦਰਿਆਵਾਂ ਵਿੱਚ ਵਧੇ ਪਾਣੀ ਕਾਰਨ ਪੰਜਾਬ ਦਾ ਮਾਝਾ,ਮਾਲਵਾ ਅਤੇ ਦੁਆਬਾ ਖੇਤਰ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਤੱਕ ਡੇਰਾ ਸਿਰਸਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੇ ਸੱਦੇ ‘ਤੇ ਡੇਰਾ ਸੱਚਾ ਸੌਦਾ, ਸਿਰਸਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਮਾਝੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਭਾਵਿਤ ਪਿੰਡ ਜੋ ਪਾਣੀ ਨਾਲ ਘਿਰ ਚੁੱਕੇ, ਜਿੱਥੇ ਪਾਣੀ ਦੀ ਮਾਰ ਹੇਠ ਆਈਆਂ ਫਸਲਾਂ-ਚਾਰੇ ਖਰਾਬ ਹੋ ਚੁੱਕੇ ਹਨ ਉੱਥੇ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਸੇਵਦਾਰ ਛਿੰਦਰਪਾਲ ਇੰਸਾਂ ਅਤੇ ਗੁਰਦੇਵ ਇੰਸਾਂ ਨੇ ਦੱਸਿਆ ਕਿ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੀ ਸਬ ਡਵੀਜਨ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਪਿੰਡ ਝੁੰਜ, ਰਾਮਦਾਸ, ਕੋਟਲੀ ਕੁਰਟਾਣਾ, ਬੱਲੜਵਾੜ ਅਬਾਦੀ ਵਿੱਚ ਅਤੇ ਜ਼ਿਲ੍ਹਾ ਤਰਨ ਤਾਰਨ ਦੀ ਸਬ ਡਵੀਜਨ ਪੱਟੀ ਦੇ ਪਿੰਡ ਸਭਰਾ, ਝੁੱਗੀਆਂ ਪੀਰ ਬਖ਼ਸ਼, ਰਾਹਦਾਲ ਕੇ ਆਦਿ ਪਿੰਡਾਂ ਵਿੱਚ ਰਾਹਤ ਸਮੱਗਰੀ ਵੰਡੀ ਹੈ । ਇਸ ਮੌਕੇ ਪੰਜਾਬ ਦੇ ਵੱਖ-ਵੱਖ ਬਲਾਕਾਂ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਹਾਜ਼ਰ ਸਨ।
ਡੇਰਾ ਸੱਚਾ ਸੌਦਾ ਦਾ ਧੰਨਵਾਦ
ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਜਦੋਂ ਸੇਵਾਦਾਰ ਵੱਖ-ਵੱਖ ਪਿੰਡਾਂ ਦੇ ਹੜ੍ਹ ਪੀੜ੍ਹਤਾਂ ਨੂੰ ਰਾਹਤ ਸਮੱਗਰੀ ਵੰਡਣ ਪਹੁੰਚੇ ਤਾਂ ਹੜ੍ਹ ਪੀੜ੍ਹਤਾਂ ਨੇ ਭਾਵੁਕ ਹੁੰਦੇ ਵਾਰ-ਵਾਰ ਹੜ੍ਹਾਂ ਕਾਰਨ ਪੈ ਰਹੀਆਂ ਮਾਰਾਂ ਦੇ ਦੁਖੜੇ ਸੇਵਾਦਾਰਾਂ ਅੱਗੇ ਫਰੋਲੇ। ਹੜ੍ਹ ਪੀੜ੍ਹਤਾਂ ਲਵ ਰਾਹਦਾਲ ਕੇ, ਸੁਖਜਿੰਦਰ ਸਿੰਘ ਕੋਟਲੀ , ਗੁਰਮੀਤ ਸਿੰਘ ਆਦਿ ਨੇ ਦੱਸਿਆ ਕਿ ਉਹ ਅਜੇ 2023 ਦੇ ਹੋਏ ਖ਼ਰਾਬੇ ਦੀ ਮਾਰ ਹੇਠੋਂ ਵੀ ਨਹੀਂ ਨਿਕਲੇ ਸਨ ਕੀ 2025 ਦੇ ਹੜ੍ਹਾਂ ਨੇ ਉਹਨਾਂ ਦਾ ਸਾਰਾ ਕੁਝ ਫਿਰ ਤਬਾਹ ਕਰ ਦਿੱਤਾ ਹੈ। ਜ਼ਮੀਨਾਂ ਵਿੱਚ ਰੇਤ ਜਮ੍ਹਾ ਹੋ ਜਾਣ ਕਾਰਨ ਉਹਨਾਂ ਨੂੰ ਅਗਲੀ ਫਸਲ ਬੀਜੇ ਜਾਣ ਦੀ ਵੀ ਕੋਈ ਉਮੀਦ ਅਜੇ ਨਹੀਂ ਦਿੱਖ ਰਹੀ ਅਤੇ ਅਜਿਹੀ ਔਖੀ ਘੜੀ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਸੇਵਦਾਰਾਂ ਵੱਲੋਂ ਸਾਡੇ ਤੱਕ ਜੋ ਰਾਹਤ ਸਮੱਗਰੀ ਪਹੁੰਚਾਈ ਹੈ, ਜਿਸ ਲਈ ਉਹਨਾਂ ਦਾ ਉਹ ਬਹੁਤ-ਬਹੁਤ ਧੰਨਵਾਦ ਕਰਦੇ ਹਨ।- ਪ੍ਰਸ਼ਾਸਨ ਅਤੇ ਮੋਹਤਬਾਰਾਂ ਵੱਲੋਂ ਧੰਨਵਾਦ
ਹੜ੍ਹ ਪੀੜ੍ਹਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦਾ ਸਹਾਇਕ ਕਮਿਸ਼ਨਰ ਤਰਨਤਾਰਨ ਕਰਨਵੀਰ ਸਿੰਘ ਵੱਲੋ ਧੰਨਵਾਦ ਕੀਤਾ ਗਿਆ, ਜਿਹਨਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਇਸ ਸੇਵਾ ਦੀ ਅਹਿਮ ਜ਼ਰੂਰਤ ਸੀ। ਇਸ ਤੋਂ ਇਲਾਵਾ ਸਿਵਲ ਹਸਪਤਾਲ ਤਰਨ ਤਾਰਨ ਦੇ ਚੀਫ ਫਾਰਮੈਸੀ ਅਫਸਰ ਡਾ. ਬਲਵਿੰਦਰ ਸਿੰਘ, ਵੈਟਨਰੀ ਡਾਕਟਰ ਪ੍ਰਭਦੀਪ ਸਿੰਘ ਵੱਲੋਂ ਵੀ ਸੇਵਾਦਾਰਾਂ ਦਾ ਧੰਨਵਾਦ ਕੀਤਾ। ਪਿੰਡ ਝੁੱਗੀਆਂ ਪੀਰ ਬਖ਼ਸ਼ ਦੇ ਸਰਪੰਚ ਅਰਵਿੰਦਰਜੀਤ ਸਿੰਘ, ਰਾਹਦਾਲ ਕੇ ਪਿੰਡ ਦੇ ਸਰਪੰਚ ਗੁਰਸਾਹਿਬ ਸਿੰਘ ਵੱਲੋਂ ਰਾਹਤ ਸਮੱਗਰੀ ਲੈ ਕੇ ਪਹੁੰਚਣ ‘ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ।
- ਸਿਵਲ ਹਸਪਤਾਲ ਨੂੰ ਸੌਪੀਆਂ ਦਵਾਈਆਂ
ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚ ਕੇ ਲੋੜੀਂਦੀ ਰਾਹਤ ਸਮੱਗਰੀ ਜਿੱਥੇ ਵੰਡੀ ਗਈ ਉੱਥੇ ਵੱਖ-ਵੱਖ ਪ੍ਰਕਾਰ ਦੀ ਦਵਾਈਆਂ ਜੋ ਸੇਵਾਦਾਰ ਲੈ ਕੇ ਹੜ੍ਹ ਪੀੜ੍ਹਤਾਂ ਲਈ ਪਹੁੰਚੇ ਸਨ ਉਸਦੀ ਅਗਾਊਂ ਜ਼ਰੂਰਤ ਨੂੰ ਦੇਖ ਦੇ ਸਿਵਲ ਹਸਤਪਤਾਲ ਤਰਨਤਾਰਨ ਵਿੱਚ ਚੀਫ ਫਾਰਮੈਸੀ ਅਫਸਰ ਡਾ. ਬਲਵਿੰਦਰ ਸਿੰਘ ਦੀ ਦੇਖ-ਰੇਖ ‘ਚ ਸੌਪੀਆਂ ਗਈਆਂ, ਜਿਹਨਾਂ ਨੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੜ੍ਹ ਪੀੜ੍ਹਤਾਂ ਦੇ ਇਲਾਜ ਲਈ ਇਹਨਾਂ ਦਵਾਈਆਂ ਦੀ ਵਰਤੋਂ ਕੀਤੀ ਜਾਵੇਗੀ।