ਛਣਕਾਟੇ 'ਚ ਸਮਾਜਿਕ ਕੁਰੀਤੀਆਂ ਤੇ ਦੇਸ਼ ਭਰ ਵਿੱਚ ਫੈਲੇ ਭ੍ਰਿਸਟਾਚਾਰ ਵਿਰੁੱਧ ਜੜ ਜੜ ਕੇ ਕੋਕੇ ਲਾਉਣ ਵਾਲਾ ਚਾਚਾ ਚਤਰਾ ਅਚਾਨਕ ਹੀ ਪੰਜਾਬੀਆਂ ਨੂੰ ਰੁਆ ਕੇ ਚਲਾ ਗਿਆ
ਪ੍ਰਸਿੱਧ ਪੰਜਾਬੀ ਕਮੇਡੀਅਨ ਤੇ ਅਦਾਕਾਰ ਜਸਵਿੰਦਰ ਸਿੰਘ ਭੱਲਾ ਉਰਫ ਚਾਚਾ ਚਤਰਾ ਦਾ ਅੱਜ 22 ਅਗਸਤ ਨੂੰ ਸਵੇਰ ਅਚਾਨਕ ਦਿਹਾਂਤ ਹੋ ਗਿਆ, ਉਹਨਾਂ ਦੇ ਦਿਹਾਂਤ ਦੀ ਖਬਰ ਸ਼ੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਗਈ,ਜਸਵਿੰਦਰ ਸਿੰਘ ਭੱਲਾ ਦੇ ਚਾਹੁੰਣ ਵਾਲਿਆਂ ਤੇ ਸਮੁੱਚੇ ਪੰਜਾਬੀ ਫਿਲਮ ਜਗਤ ਨੂੰ ਇਸ ਖਬਰ ਨੇ ਡੂੰਘੇ ਸਦਮੇ ਅੰਦਰ ਧੱਕਾ ਦਿੱਤਾ । ਉਹਨਾਂ ਦਾ ਵਿਛੋੜਾ ਪੰਜਾਬੀ ਸਰੋਤਿਆਂ ਤੇ ਉਹਨਾਂ ਦੇ ਪਰਿਵਾਰ ਲਈ ਅਸਹਿ ਹੈ। ਪੰਜਾਬੀ ਦੇ ਇਸ ਪ੍ਰਸਿੱਧ ਕਾਮੇਡੀਅਨ ਅਤੇ ਅਦਾਕਾਰ ਜਸਵਿੰਦਰ ਸਿੰਘ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਜਿਲ੍ਹੇ ਦੇ ਪਿੰਡ ਦੋਰਾਹਾ ਪੰਜਾਬ ਵਿੱਚ ਮਾਤਾ ਸਤਵੰਤ ਕੌਰ ਦੀ ਕੁੱਖੋਂ ਪਿਤਾ ਬਹਾਦਰ ਸਿੰਘ ਭੱਲਾ ਦੇ ਘਰ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਇੱਕ ਪ੍ਰਾਇਮਰੀ ਸਕੂਲ 'ਚ ਅਧਿਆਪਕ ਸਨ। ਜਸਵਿੰਦਰ ਸਿੰਘ ਭੱਲਾ ਦਾ ਵਿਆਹ ਪਰਮਦੀਪ ਕੌਰ ਭੱਲਾ ਨਾਲ ਹੋਇਆ। ਉਹਨਾਂ ਦੇ ਦੋ ਬੱਚੇ ਪੁੱਤਰ ਪੁਖਰਾਜ ਸਿੰਘ ਭੱਲਾ ਤੇ ਧੀ ਅਰਸ਼ਪ੍ਰੀਤ ਕੌਰ ਭੱਲਾ ਹਨ। ਜਸਵਿੰਦਰ ਸਿੰਘ ਭੱਲਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ.ਐਸਸੀ. ਅਤੇ ਐਮ.ਐਸਸੀ. ਕੀਤੀ, ਅਤੇ 1989 ਵਿੱਚ ਉੱਥੇ ਲੈਕਚਰਾਰ ਵਜੋਂ ਕੈਰੀਅਰ ਸ਼ੁਰੂ ਕੀਤਾ, ਜਿੱਥੇ ਉਹ 2020 ਵਿੱਚ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਸਨ। ਜਸਵਿੰਦਰ ਸਿੰਘ ਭੱਲਾ ਕਿਸਾਨ ਮੇਲਿਆਂ ਦੇ ਵੀ ਸ਼ਿੰਗਾਰ ਹੁੰਦੇ ਸੀ ਤੇ ਖੇਤੀਬਾੜੀ ਅਫਸਰ ਹੋਣ ਕਰਕੇ ਉਹ ਕਿਸਾਨਾਂ ਨੂੰ ਅਗਾਂਹ ਵਧੂ ਕਿਸਾਨ ਬਣਾਉਣ ਲਈ ਵਧੀਆ ਖੇਤੀ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਸੀ ਤੇ ਉਹਨਾਂ ਦੇ ਭਾਸ਼ਣ ਦੌਰਾਨ ਜਿੱਥੇ ਉਹਨਾਂ ਦੇ ਚਿਹਰੇ ਤੇ ਵੱਖਰੀ ਖੁਸ਼ੀ ਝਲਕ ਦੀ ਰਹਿੰਦੀ ਸੀ ਤੇ ਉਹ ਭਾਸ਼ਣ ਦੌਰਾਨ ਵੀ ਮਜਾਕੀਆ ਲਹਿਜੇ ਵਾਲੀਆਂ ਗੱਲਾਂ ਕਰਦੇ ਕਿਸਾਨਾਂ ਨੂੰ ਮਹੱਤਵਪੂਰਣ ਜਾਣਕਾਰੀ ਦਿੰਦੇ ਰਹਿੰਦੇ ਸਨ,ਦਾਸ ਨੇ(ਲੇਖਕ ਨੇ) ਫਰੀਦਕੋਟ ਕਿਸਾਨ ਮੇਲੇ ਤੇ ਕਈ ਵਾਰ ਉਹਨਾਂ ਨੂੰ ਵੱਖਰੇ ਢੰਗ ਨਾਲ ਕਿਸਾਨਾਂ ਨੂੰ ਸੰਬੋਧਿਤ ਹੁੰਦਿਆਂ ਦੇਖਿਆ ਹੈ। ਜਸਵਿੰਦਰ ਸਿੰਘ ਭੱਲਾ ਦੀ ਦਮਦਾਰ ਪੇਸ਼ਕਾਰੀ ਜਲੰਧਰ ਦੂਰਦਰਸ਼ਨ ਕੇਂਦਰ ਅਤੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀ ਵੀ ਸ਼ਾਨ ਹੁੰਦੀ ਸੀ। ਜਸਵਿੰਦਰ ਸਿੰਘ ਭੱਲਾ ਨੇ 1988 ਵਿੱਚ ਸਹਿ ਕਲਾਕਾਰ ਬਾਲ ਮੁਕੰਦ ਸ਼ਰਮਾ ਤੇ ਨੀਲੂ ਸ਼ਰਮਾ ਦੇ ਨਾਲ “ਛਣਕਾਟਾ” ਪ੍ਰੋਗਰਾਮ ਨਾਲ ਕਾਮੇਡੀ ਦੀ ਸ਼ੁਰੂਆਤ ਕੀਤੀ, ਜਿਸ ਵਿੱਚ “ਚਾਚਾ ਚਤਰਾ” ਦਾ ਕਿਰਦਾਰ ਬਹੁਤ ਮਸ਼ਹੂਰ ਹੋਇਆ ਤੇ ਪੰਜਾਬੀਆਂ ਨੇ ਖੂਬ ਪਸੰਦ ਕੀਤਾ। ਉਹਨਾਂ ਨੇ ਛਣਕਾਟੇ 'ਚ ਸਮਾਜਿਕ ਕੁਰੀਤੀਆਂ ਤੇ ਦੇਸ਼ ਵਿਚ ਫੈਲੇ ਭ੍ਰਿਸਟਾਚਾਰ ਵਿਰੁੱਧ ਠੋਕ ਠੋਕ ਕੇ ਕੋਕੇ ਜੜੇ। ਉਨ੍ਹਾਂ ਦੀ ਪਹਿਲੀ ਫਿਲਮ ਮਹੌਲ ਠੀਕ ਸੀ, ਜਿਸ ਤੋਂ ਬਾਅਦ ਕੈਰੀ ਆਨ ਜੱਟਾ, ਦੁੱਲਾ ਭੱਟੀ ,ਡੈਡੀ ਕੂਲ ਮੁੰਡੇ ਫੂਲ”, ਜੱਟ ਐਂਡ ਜੂਲੀਅਟ, ਮੇਲ ਕਰਾ ਦੇ ਰੱਬਾ,ਕੀਹਨੇ ਮੇਰਾ ਦਿਲ ਲੁੱਟਿਆ, ਪਾਵਰਕੱਟ ਵਰਗੀਆਂ ਅਨੇਕਾਂ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਦੀ ਡਾਇਲਾਗ ਡਿਲੀਵਰੀ ਨੂੰ ਪੰਜਾਬੀ ਸਿਨੇਮਾ ਵਿੱਚ ਸਭ ਤੋਂ ਤੇਜ਼ ਮੰਨਿਆ ਜਾਂਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਕਈ ਪੁਰਸਕਾਰ ਵੀ ਮਿਲੇ ਸਨ। ਜਸਵਿੰਦਰ ਭੱਲਾ ਬਿਨਾਂ ਹਰ ਪੰਜਾਬੀ ਫਿਲਮ ਅਧੂਰੀ ਜਿਹੀ ਜਾਪਦੀ ਸੀ। ਜਸਵਿੰਦਰ ਸਿੰਘ ਭੱਲਾ ਬਹੁਤ ਹੀ ਵਧੀਆ ਮਿਲਣਸਾਰ ਤੇ ਸਾਊ ਦਰਵੇਸ਼ ਇਨਸਾਨ ਸਨ।
ਜਸਵਿੰਦਰ ਭੱਲਾ ਸੋਸ਼ਲ ਮੀਡੀਆ ’ਤੇ ਵੀ ਸਰਗਰਮ ਰਹਿੰਦੇ ਸਨ, ਜਿੱਥੇ ਉਹ ਸ਼ਾਇਰੀ ਅਤੇ ਮਜ਼ਾਕੀਆ ਪੋਸਟਾਂ ਸਾਂਝੀਆਂ ਕਰਦੇ ਸਨ। ਉਨ੍ਹਾਂ ਦਾ ਪੁੱਤਰ ਪੁਖਰਾਜ ਭੱਲਾ ਵੀ ਪੰਜਾਬੀ ਫਿਲਮਾਂ ਵਿੱਚ ਆਦਾਕਰੀ ਕਰ ਰਿਹਾ ਹੈ। ਉਹ ਮੋਹਾਲੀ ਦੇ ਫੌਰਟਿਸ ਹਸਪਤਾਲ ਵਿੱਚ ਇਲਾਜ ਅਧੀਨ ਸਨ ਜਿੱਥੇ ਅੱਜ 22 ਅਗਸਤ 2025 ਦੀ ਸਵੇਰ ਉਹਨਾਂ ਆਖਰੀ ਸਾਹ ਲਿਆ। ਉਹ 65 ਸਾਲ ਦੇ ਸਨ। ਉਹਨਾਂ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਨਾਲ ਉਹਨਾਂ ਦੇ ਪਰਿਵਾਰ ਤੇ ਪੰਜਾਬੀ ਫਿਲਮ ਜਗਤ ਤੇ ਪੰਜਾਬੀ ਸਰੋਤਿਆਂ ਨੂੰ ਕਦੇ ਨਾਂ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ,ਉਹਨਾਂ ਦੇ ਦਿਹਾਂਤ ਦਾ ਪਤਾ ਲੱਗਣ ਤੋਂ ਬਾਅਦ ਜਸਵਿੰਦਰ ਸਿੰਘ ਭੱਲਾ ਨੂੰ ਪਿਆਰ ਕਰਨ ਵਾਲੇ ਲੋਕੀਂ ਬਹੁਤ ਹੀ ਭਾਵੁਕ ਸਨ ਤੇ ਹਰੇਕ ਨੇ ਸ਼ੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਉਹਨਾਂ ਦੇ ਵਿਛੋੜੇ ਨੂੰ ਅਸਹਿ ਦੱਸਿਆ ਤੇ ਉਹਨਾਂ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ਦੀਆਂ ਪ੍ਰਮਾਤਮਾ ਅੱਗੇ ਅਰਦਾਸਾਂ ਕੀਤੀਆਂ। ਜਸਵਿੰਦਰ ਸਿੰਘ ਭੱਲਾ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਮਿਤੀ 23 ਅਗਸਤ 2025 ਨੂੰ ਮੋਹਾਲੀ ਦੇ ਬਲ਼ੌਂਗੀ ਸ਼ਮਸ਼ਾਨਘਾਟ ਵਿਖੇ ਦੁਪਹਿਰ ਦੇ ਲਗਪਗ 12 ਵਜੇ ਹੋਵੇਗਾ ,ਜਿਥੇ ਪੰਜਾਬੀ ਫਿਲਮ ਜਗਤ ਦੀਆਂ ਵੱਡੀਆਂ ਹਸਤੀਆਂ ਸਮੇਤ ਵੱਖ ਵੱਖ ਧਾਰਮਿਕ,ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕ ਉਹਨਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦੇਣਗੇ।
ਚਾਚਾ ਚਤਰਾ ਅਲਵਿਦਾ
ਪੱਤਰਕਾਰ ਸੁਖਜਿੰਦਰ ਸਿੰਘ ਪੰਜਗਰਾਈਂ
ਮੋਬਾਈਲ: 98724-00034
.jpg)
-
ਸੁਖਜਿੰਦਰ ਸਿੰਘ ਪੰਜਗਰਾਈਂ, ਪੱਤਰਕਾਰ
sukhjinder@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.