ਡਾਕਟਰ ਦਿਵਸ ਮੌਕੇ ਡਾਕਟਰਾਂ ਵੱਲੋਂ ਨਿਭਾਈਆਂ ਜਾ ਰਹੀਆਂ ਅਦੁੱਤੀ ਸੇਵਾਵਾਂ ਨੂੰ ਕੀਤਾ ਗਿਆ ਨਮਨ
ਅਸ਼ੋਕ ਵਰਮਾ
ਬਠਿੰਡਾ, 1 ਜੁਲਾਈ 2025: ਅੱਜ ਡਾਕਟਰ ਦਿਵਸ ਮੌਕੇ ਸਿਵਲ ਹਸਪਤਾਲ ਬਠਿੰਡਾ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ ਰਮਨਦੀਪ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਸ਼ਾਮਿਲ ਹੋਏ । ਇਸ ਮੌਕੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ, ਸੀਨੀਅਰ ਮੈਡੀਕਲ ਅਫ਼ਸਰ ਭਗਤਾ ਡਾ ਸੀਮਾ ਗੁਪਤਾ, ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਡਾ ਅਰੁਣ ਬਾਂਸਲ,ਡਾ ਰਵਿੰਦਰ ਸਿੰਘ ਆਹਲੂਵਾਲੀਆ, ਡਾ ਹਰਸ਼ਿਤ, ਡਾ ਜਗਰੂਪ ਸਿੰਘ, ਡਾ ਰਜਿਤ, ਡਾ ਨੇਹਾ ਅਤੇ ਹੋਰ ਡਾਕਟਰ ਮੌਜੂਦ ਸਨ । ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾਕਟਰ ਮਨੁੱਖਤਾ ਦੇ ਸੱਚੇ ਸੇਵਕ ਹਨ ਜੋ ਰੋਗੀਆਂ ਦੀ ਜ਼ਿੰਦਗੀ ਬਚਾਉਣ ਲਈ ਦਿਨ-ਰਾਤ ਜੁਟੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਖ਼ਾਸ ਤੌਰ 'ਤੇ ਕੋਵਿਡ-19 ਮਹਾਮਾਰੀ ਦੌਰਾਨ ਡਾਕਟਰਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅਮੂਲ ਸੇਵਾਵਾਂ ਪ੍ਰਦਾਨ ਕੀਤੀਆਂ। ਸਾਰੇ ਸਥਾਨਕ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਡਾਕਟਰਾਂ ਨਾਲ ਸਹਿਯੋਗ ਕਰਦਿਆਂ ਉਨ੍ਹਾਂ ਦਾ ਆਦਰ ਸਨਮਾਨ ਬਣਾਈ ਰੱਖਣ। ਇਹ ਦਿਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਸਿਹਤ ਸਭ ਤੋਂ ਵੱਡਾ ਧਨ ਹੈ ਅਤੇ ਡਾਕਟਰ ਉਸ ਧਨ ਦੇ ਰਖਵਾਲੇ ਹਨ। ਉਹਨਾਂ ਕਿਹਾ ਕਿ ਡਾਕਟਰਾਂ ਦੀ ਮਿਹਨਤ ਅਤੇ ਤਿਆਗ ਦੇ ਨਾਲ ਹੀ ਸਮਾਜ ਨੂੰ ਸਿਹਤ ਸੰਬੰਧੀ ਜਾਗਰੂਕਤਾ ਵਧਾਉਣ ਦੀ ਜ਼ਰੂਰਤ ਹੈ। ਰੋਜ਼ਾਨਾ ਸਿਹਤ ਚੈੱਕਅਪ, ਟੀਕਾਕਰਨ ਅਤੇ ਸਵੱਛਤਾ ਜਿਵੇਂ ਉਪਰਾਲਿਆਂ ਨਾਲ ਅਨੇਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਸਮਾਰੋਹ ਦੌਰਾਨ ਹਾਜ਼ਰ ਡਾਕਟਰਾਂ ਨੇ ਵੀ ਆਪਣਾ ਅਨੁਭਵ ਸਾਂਝਾ ਕੀਤਾ ਅਤੇ ਨਵੀਂ ਪੀੜ੍ਹੀ ਨੂੰ ਨਿਸ਼ਕਾਮ ਭਾਵ ਨਾਲ ਮਰੀਜ਼ਾਂ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ।