ਭਾਰਤੀ ਫੌਜ ਦੀ ਚੇਤਕ ਕੋਰ ਨੇ ਮਨਾਇਆ ਆਪਣਾ 47ਵਾਂ ਸਥਾਪਨਾ ਦਿਵਸ
ਅਸ਼ੋਕ ਵਰਮਾ
ਬਠਿੰਡਾ 1 ਜੁਲਾਈ 2025 : ਚੇਤਕ ਕੋਰ ਨੇ ਬਠਿੰਡਾ ਮਿਲਟਰੀ ਸਟੇਸ਼ਨ ਵਿਖੇ ਆਪਣਾ 47ਵਾਂ ਸਥਾਪਨਾ ਦਿਵਸ ਬੜੇ ਹੀ ਸ਼ਾਨਦਾਰ ਢੰਗ ਨਾਲ ਮਨਾਇਆ। ਚੇਤਕ ਕੋਰ ਦੀ ਸਥਾਪਨਾ 1 ਜੁਲਾਈ 1979 ਨੂੰ ਲੈਫਟੀਨੈਂਟ ਜਨਰਲ ਐਮ.ਐਲ.ਤੁਲੀ ਦੀ ਅਗਵਾਈ ਹੇਠ ਕੀਤੀ ਗਈ ਸੀ। 'ਫਾਈਟ ਫਾਰਵਰਡ, ਫਾਈਟ ਅਗ੍ਰੇਸਿਵ' ਦੇ ਜ਼ੋਰਦਾਰ ਨਾਅਰੇ ਨਾਲ, ਚੇਤਕ ਕੋਰ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇੱਕ ਬੜੇ ਪ੍ਰੋਫੈਸ਼ਨਲ,ਯੁੱਧ ਲਈ ਤਿਆਰ ਅਤੇ ਅਪਰੇਸ਼ਨਲ ਤੌਰ 'ਤੇ ਸਮਰੱਥ ਸੰਗਠਨ ਦੇ ਤੌਰ ਤੇ ਵਿਕਸਤ ਹੋਣ ਲਈ ਕਈ ਪੜਾਵਾਂ ਵਿੱਚੋਂ ਲੰਘਿਆ।
ਇਸ ਮੌਕੇ ਆਯੋਜਿਤ ਇੱਕ ਸਮਾਰੋਹ ਵਿੱਚ, ਲੈਫਟੀਨੈਂਟ ਜਨਰਲ ਸ਼ਮਸ਼ੇਰ ਸਿੰਘ ਵਿਰਕ, ਜਨਰਲ ਅਫਸਰ ਕਮਾਂਡਿੰਗ, ਚੇਤਕ ਕੋਰ, ਨੇ ਸਾਰੇ ਅਧਿਕਾਰੀਆਂ ਅਤੇ ਜਵਾਨਾਂ ਦੇ ਨਾਲ 'ਯੋਧਾ ਯਾਦਗਾਰ' ਯੁੱਧ ਸਮਾਰਕ 'ਤੇ ਫੁੱਲਮਾਲਾ ਭੇਟ ਕੀਤੀ। ਇਹ ਸ਼ਰਧਾਂਜਲੀ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਸਮਰਪਿਤ ਸੀ ਜਿਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਵੱਖ-ਵੱਖ ਯੁੱਧਾਂ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।
ਇਸ ਮੌਕੇ 'ਤੇ, ਕੋਰ ਕਮਾਂਡਰ ਨੇ ਕੋਰ ਦੇ ਸਾਰੇ ਅਧਿਕਾਰੀਆਂ ਅਤੇ ਸੈਨਿਕਾਂ ਨੂੰ ਪੂਰੀ ਵਫ਼ਾਦਾਰੀ ਅਤੇ ਸਮਰਪਣ ਨਾਲ ਆਪਣੀ ਡਿਊਟੀ ਨਿਭਾਉਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਨੂੰ ਭਾਰਤੀ ਫੌਜ ਦੀਆਂ ਉੱਚਤਮ ਪਰੰਪਰਾਵਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ 'ਆਪ੍ਰੇਸ਼ਨ ਸਿੰਦੂਰ' ਦੌਰਾਨ ਕੋਰ ਦੀ ਉੱਚ ਪੱਧਰੀ ਤਿਆਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਸਾਰੀਆਂ ਮੁਹਿੰਮਾਂ ਲਈ ਹਮੇਸ਼ਾ ਤਿਆਰ ਰਹਿਣ ਦੀ ਤਾਕੀਦ ਕੀਤੀ। ਲੈਫਟੀਨੈਂਟ ਜਨਰਲ ਵਿਰਕ ਨੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਅਣਮੁੱਲੇ ਯੋਗਦਾਨ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕੋਰ ਹਮੇਸ਼ਾ ਵੀਰ ਨਾਰੀਆਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਹੇਗਾ।