ਸਿਹਤ ਵਿਭਾਗ ਨੇ ਕਰਵਾਈ ਪੀੜਤ ਮਰੀਜ਼ਾਂ ਲਈ ਬੋਨ ਮੈਰੋ ਟਰਾਂਸਪਲਾਂਟ ਦੀ ਸੁਵਿਧਾ: ਸਿਵਲ ਸਰਜਨ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 1 ਜੁਲਾਈ 2025:ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਥੈਲੇਸੀਮਿਆ, ਬਲੱਡ ਕੈਂਸਰ ਅਤੇ ਗੰਭੀਰ ਰਕਤ ਰੋਗਾਂ ਨਾਲ ਪੀੜਤ ਮਰੀਜ਼ਾਂ ਲਈ ਬੋਨ ਮੈਰੋ ਟਰਾਂਸਪਲਾਂਟ ਲਈ ਸੀ.ਐਮ.ਸੀ ਲੁਧਿਆਣਾ ਨਾਲ ਮਿਲ ਕੇ ਆਧੁਨਿਕ ਸਹੂਲਤ ਉਪਲਬਧ ਕਰਵਾਈ ਗਈ ਹੈ। ਇਸ ਦਾ ਮੁੱਖ ਉਦੇਸ਼ ਪੰਜਾਬ ਦੇ ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਮਰੀਜ਼ਾਂ ਨੂੰ ਉਚਿਤ ਇਲਾਜ ਦੇਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ ਰਮਨਦੀਪ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਨੇ ਦੱਸਿਆ ਕਿ ਇਹ ਟਰਾਂਸਪਲਾਂਟ ਲਈ ਸੀ.ਐਮ.ਸੀ ਲੁਧਿਆਣਾ ਨਾਲ ਸਿਹਤ ਵਿਭਾਗ ਵੱਲੋਂ ਐਮ.ਓ.ਯੂ ਸਾਇਨ ਕੀਤਾ ਗਿਆ ਹੈ ਤਾਂ ਕਿ ਇਲਾਜ ਲਈ ਮਰੀਜਾਂ ਨੂੰ ਪੰਜਾਬ ਤੋਂ ਬਾਹਰ ਨਾ ਜਾਣਾ ਪਵੇ । ਇਸ ਪ੍ਰੋਗਰਾਮ ਦੇ ਤਹਿਤ 12 ਸਾਲ ਤੋਂ ਘੱਟ ਉਮਰ ਦੇ ਬੱਚੇ ਇਲਾਜਯੋਗ ਹੋਣਗੇ ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਟੀਚਾ ਥੈਲੇਸੀਮੀਆ ਨਾਲ ਪੀੜਿਤ ਬੱਚਿਆ ਦਾ ਜੀਵਨ ਬਚਾਉਣਾ ਹੈ ਅਤੇ ਬਿਮਾਰੀ ਦਾ ਸਥਾਈ ਹੱਲ ਲੱਭਣਾ ਹੈ । ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰ ਜ਼ਰੂਰਤਮੰਦ ਮਰੀਜ਼ ਨੂੰ ਬਿਨਾਂ ਕਿਸੇ ਰੁਕਾਵਟ ਦੇ ਇਲਾਜ ਮਿਲ ਸਕੇ। ਇਹ ਟਰਾਂਸਪਲਾਂਟ ਸੁਵਿਧਾ ਪੰਜਾਬ ਲਈ ਵੱਡੀ ਉਪਲਬਧੀ ਹੈ। ਮਰੀਜ਼ਾਂ ਨੂੰ ਦੂਰ-ਦੁਰਾਡੇ ਦੇ ਮਹਿੰਗੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਸਾਡਾ ਮਕਸਦ ਹਰ ਪੀੜਤ ਪਰਿਵਾਰ ਦੀ ਹੌਂਸਲਾ ਅਫ਼ਜ਼ਾਈ ਕਰਨਾ ਅਤੇ ਉਨ੍ਹਾਂ ਦੀ ਜਿੰਦਗੀ ਬਚਾਉਣ ਲਈ ਭਰਪੂਰ ਯਤਨ ਕਰਨਾ ਹੈ।”ਬੋਨ ਮੈਰੋ ਟਰਾਂਸਪਲਾਂਟ ਉਹ ਪ੍ਰਕਿਰਿਆ ਹੈ ਜਿਸ ਵਿੱਚ ਬਿਮਾਰ ਜਾਂ ਨਸ਼ਟ ਹੋ ਚੁੱਕੀ ਹੱਡੀ ਦੇ ਗੂਦੇ ਦੀ ਥਾਂ ਸਿਹਤਮੰਦ ਸੈੱਲ ਲਗਾਏ ਜਾਂਦੇ ਹਨ। ਇਹ ਟਰੀਟਮੈਂਟ ਆਮ ਤੌਰ ’ਤੇ ਲੀਕਿਮੀਆ – ਖੂਨ ਦਾ ਕੈਂਸਰ, ਲਿੰਫੋਮਾ, ਥੈਲੇਸੀਮੀਆ , ਐਪਲਾਸਟਿਕ ਐਨੀਮੀਆ, ਹੋਰ ਗੰਭੀਰ ਖੂਨ ਰੋਗ ਬਿਮਾਰੀਆਂ ਲਈ ਵਰਤਿਆ ਜਾਂਦਾ ਹੈ।