ਜ਼ਿਲ੍ਹੇ ਭਰ 'ਚ 12355 ਲੋਕ ਯੋਗ ਕਲਾਸਾਂ ਦਾ ਲੈ ਰਹੇ ਹਨ ਲਾਹਾ*
*ਨਵੀਂਆਂ ਯੋਗ ਕਲਾਸਾਂ ਸ਼ੁਰੂ ਕਰਵਾਉਣ ਲਈ ਕੀਤਾ ਜਾ ਸਕਦਾ ਹੈ ਸੰਪਰਕ
ਅਸ਼ੋਕ ਵਰਮਾ
ਬਠਿੰਡਾ, 2 ਮਈ 2026 : ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਯੋਗ ਗਤੀਵਿਧੀਆਂ ਨੂੰ ਪਿੰਡ ਪੱਧਰ ਤੱਕ ਵਿਸਥਾਰ ਦਿੱਤਾ ਗਿਆ ਹੈ, ਜਿਸ ਦੇ ਸਾਰਥਿਕ ਨਤੀਜਿਆਂ ਸਦਕਾ ਲੋਕ ਸਿਹਤਮੰਦ ਜੀਵਨ ਵੱਲ ਵਧ ਰਹੇ ਹਨ।
ਜ਼ਿਲ੍ਹਾ ਕੋਆਰਡੀਨੇਟਰ ਲਵਪ੍ਰੀਤ ਸਿੰਘ ਦੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਭਰ ਵਿੱਚ ਇਸ ਵੇਲੇ 62 ਤਜਰਬੇਕਾਰ ਯੋਗ ਟਰੇਨਰਾਂ ਵੱਲੋਂ 437 ਯੋਗ ਕਲਾਸਾਂ ਨਿਯਮਿਤ ਤੌਰ ‘ਤੇ ਚਲਾਈਆਂ ਜਾ ਰਹੀਆਂ ਹਨ, ਜਿਹੜੀਆਂ ਸਵੇਰੇ ਅਤੇ ਸ਼ਾਮ ਦੇ ਸਮੇਂ ਬਿਲਕੁਲ ਮੁਫ਼ਤ ਲਗਦੀਆਂ ਹਨ। ਇਹਨਾਂ ਯੋਗ ਕਲਾਸਾਂ ਵਿੱਚ ਜਿਲ੍ਹੇ ਭਰ ਦੇ 12355 ਲੋਕ ਹਰ ਰੋਜ਼ ਲਾਹਾ ਪ੍ਰਾਪਤ ਕਰ ਰਹੇ ਹਨ।
ਉਹਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਮੂਹਿਕ ਸਿਹਤ ਸੁਧਾਰ ਲਈ ਚਲਾਈ ਜਾ ਰਹੀ ਸੀ.ਐਮ. ਦੀ ਯੋਗਸ਼ਾਲਾ ਯੋਜਨਾ ਜ਼ਿਲ੍ਹੇ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਢੰਗ ਨਾਲ ਚੱਲ ਰਹੀ ਹੈ। ਇਸ ਮੁਹਿੰਮ ਨੇ ਪਿੰਡਾਂ ਅਤੇ ਸ਼ਹਿਰਾਂ ਦੋਹਾਂ ਵਿੱਚ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕੀਤਾ ਹੈ ਅਤੇ ਨਿਯਮਿਤ ਯੋਗ ਅਭਿਆਸ ਨਾਲ ਲੋਕਾਂ ਦੇ ਸਰੀਰਕ ਤੇ ਮਾਨਸਿਕ ਸਿਹਤ ਵਿੱਚ ਮਹੱਤਵਪੂਰਨ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ।
ਉਹਨਾਂ ਅੱਗੇ ਦੱਸਿਆ ਕਿ ਇਹ ਯੋਗ ਕਲਾਸਾਂ ਹਰ ਵਰਗ ਦੇ ਲੋਕਾਂ ਲਈ ਖੁੱਲ੍ਹੀਆਂ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਮਹਿਲਾਵਾਂ ਅਤੇ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ। ਇਸ ਮੁਹਿੰਮ ਨਾਲ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧੀ ਹੈ ਅਤੇ ਉਹ ਰੋਜ਼ਾਨਾ ਜੀਵਨ ਵਿੱਚ ਯੋਗ ਨੂੰ ਸ਼ਾਮਲ ਕਰ ਰਹੇ ਹਨ।
ਯੋਗ ਟਰੇਨਰਾਂ ਵੱਲੋਂ ਸਿਰਫ਼ ਆਸਣਾਂ ਦੀ ਸਿਖਲਾਈ ਹੀ ਨਹੀਂ ਦਿੱਤੀ ਜਾਂਦੀ, ਸਗੋਂ ਸਹੀ ਖੁਰਾਕ ਅਤੇ ਮਾਨਸਿਕ ਤੰਦਰੁਸਤੀ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਮੈਡੀਟੇਸ਼ਨ ਅਤੇ ਪ੍ਰਾਣਾਯਾਮ ਰਾਹੀਂ ਲੋਕ ਤਣਾਅ ਤੋਂ ਮੁਕਤੀ ਪਾਉਂਦਿਆਂ ਇੱਕ ਸੰਤੁਲਿਤ ਜੀਵਨ ਜੀਉਣ ਵੱਲ ਅੱਗੇ ਵੱਧ ਰਹੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਨੇੜਲੇ ਇਲਾਕਿਆਂ ਵਿੱਚ ਚੱਲ ਰਹੀਆਂ ਮੁਫ਼ਤ ਯੋਗ ਕਲਾਸਾਂ ਦਾ ਲਾਭ ਲੈਣ। ਜੇਕਰ ਕਿਸੇ ਪਿੰਡ ਜਾਂ ਮੁਹੱਲੇ ਵਿੱਚ ਨਵੀਂ ਯੋਗ ਕਲਾਸ ਸ਼ੁਰੂ ਕਰਵਾਉਣ ਦੀ ਇੱਛਾ ਹੋਵੇ ਤਾਂ ਵਿਭਾਗ ਦੇ ਨੰਬਰ 99146-81801 ਜਾਂ ਟੋਲ ਫਰੀ ਨੰਬਰ 85919-25814 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Click to Follow Babushahi Facebook page →