ਐਸਡੀਐਮ ਵੱਲੋਂ ਨਾੜ ਨੂੰ ਅੱਗ ਨਾਂ ਲਾਉਣ ਸਬੰਧੀ ਜਾਗਰੂਕ ਕਰਨ ਲਈ ਖੇਤਾਂ ਦੇ ਭਲਵਾਨੀ ਗੇੜੇ
ਅਸ਼ੋਕ ਵਰਮਾ
ਬਠਿੰਡਾ, 2 ਮਈ 2026 : ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਦੇ ਦਿਸਾ-ਨਿਰਦੇਸ਼ਾਂ 'ਤੇ ਉਪ ਮੰਡਲ ਮੈਜਿਸਟਰੇਟ ਬਠਿੰਡਾ ਸ. ਬਲਕਰਨ ਸਿੰਘ ਮਾਹਲ ਵੱਲੋਂ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਦੀ ਹੌਂਸਲਾ ਅਫਜਾਈ ਵੀ ਕੀਤੀ ਗਈ ਜਿਹੜੇ ਨਾੜ ਨੂੰ ਬਿਨਾਂ ਅੱਗ ਲਗਾਏ ਉਸ ਨੂੰ ਖੇਤਾਂ ਵਿਚ ਹੀ ਵਾਹ ਰਹੇ ਹਨ।ਉਨ੍ਹਾਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਫੂਸ ਮੰਡੀ, ਗੁਲਾਬਗੜ੍ਹ ਅਤੇ ਕਟਾਰ ਸਿੰਘ ਵਾਲਾ ਦੇ ਖੇਤਾਂ ਦਾ ਦੌਰਾ ਕੀਤਾ । ਉਹਨਾਂ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਿਸਾਨ ਵੀਰ ਵੱਖ-ਵੱਖ ਤਰੀਕੇ ਦੇ ਖੇਤੀ ਸੰਦਾਂ ਨਾਲ ਕਣਕ ਦੇ ਨਾੜ ਤੋਂ ਤੂੜੀ ਬਣਾ ਕੇ, ਬਚੇ ਹੋਏ ਨਾੜ ਨੂੰ ਸਾੜਨ ਦੀ ਬਜਾਏ ਖੇਤਾਂ ਵਿੱਚ ਟਰੈਕਟਰ ਦੀਆਂ ਤਵੀਆਂ ਨਾਲ ਮਿੱਟੀ ਵਿੱਚ ਹੀ ਰਲਾ ਦਿੰਦੇ ਹਨ। ਇਸ ਨਾਲ ਨਾ ਕੇਵਲ ਵਾਤਾਵਰਣ ਦੀ ਸੰਭਾਲ ਹੁੰਦੀ ਹੈ ਬਲਕਿ ਮਿੱਟੀ ਦੀ ਉਪਜਾਉ ਸ਼ਕਤੀ ਚ ਵੀ ਵਾਧਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਨਾ ਸਿਰਫ਼ ਵਾਤਾਵਰਣ ਪਲੀਤ ਹੁੰਦਾ ਹੈ, ਸਗੋਂ ਮਿੱਤਰ ਕੀੜੇ ਮਰਨ ਨਾਲ ਜ਼ਮੀਨ ਦੀ ਸਿਹਤ 'ਤੇ ਵੀ ਬੁਰਾ ਅਸਰ ਪੈਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਹਰੇਕ ਕਿਸਾਨ ਨੂੰ ਵਾਤਾਵਰਣ ਦਾ ਰਾਖਾ ਬਣ ਕੇ ਇਹ ਪ੍ਰਣ ਲੈਣਾ ਚਾਹੀਦਾ ਹੈ, ਕਿ ਉਹ ਭਵਿੱਖ ਵਿੱਚ ਕਦੇ ਵੀ ਨਾੜ ਜਾਂ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਕੇ ਅੱਗ ਲਗਾਉਣ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਦੌਰਾਨ ਇਹਨਾਂ ਪਿੰਡਾਂ ਵਿੱਚ ਕਿਸਾਨਾਂ ਨਾਲ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਮੀਟਿੰਗਾਂ ਕਰਕੇ ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।ਇਸ ਮੌਕੇ ਉਪ ਪੁਲਿਸ ਕਪਤਾਨ ਹਰਵਿੰਦਰ ਸਿੰਘ ਸਰਾਂ, ਗੁਲਾਬਗੜ੍ਹ ਦੇ ਨੋਡਲ ਅਫ਼ਸਰ ਕੁਲਵੀਰ ਕੌਰ, ਨੋਡਲ ਅਫ਼ਸਰ ਨਵਜੀਤ ਢਿੱਲੋਂ ਤੋਂ ਇਲਾਵਾ ਵੱਖ- ਵੱਖ ਪਿੰਡਾਂ ਦੇ ਕਿਸਾਨ ਆਦਿ ਹਾਜ਼ਰ ਸਨ।
Click to Follow Babushahi Facebook page →