ਘੱਟ ਕੋਈ ਨੀ...ਸੂਤ ਲਾਇਆ-ਪੈਸਾ ਕਮਾਇਆ
ਨਿਊਜ਼ੀਲੈਂਡ ਪੁਲਿਸ ਦਾ ਇਕ ਕਰਮਚਾਰੀ ਹਜ਼ਾਰਾਂ ਡਾਲਰਾਂ ਦਾ ਜਾਅਲੀ ਓਵਰਟਾਈਮ ਦੱਸ ਕੇ 29,000 ਡਾਲਰ ਕਮਾ ਗਿਆ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 02 ਮਈ, 2026:- ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਵਿਭਾਗ ਦੇ ਅੰਦਰ ਹੀ ਸੰਨ੍ਹ ਲੱਗਣ ਵਰਗੀ ਘਟਨਾ ਹੋਈ ਹੈ। ਨਿਊਜ਼ੀਲੈਂਡ ਦੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਫਰਜ਼ੀ ਟਾਈਮ-ਸ਼ੀਟਾਂ ਭਰ ਕੇ ਹਜ਼ਾਰਾਂ ਡਾਲਰਾਂ ਦਾ ਓਵਰਟਾਈਮ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਮਾਮੂਲੀ ਜਿਹੀ ਗਲਤੀ ਨੇ ਉਸਦੀ ਸਾਰੀ ਪੋਲ ਖੋਲ੍ਹ ਦਿੱਤੀ। 32 ਸਾਲਾ ਰਿਕੀ ਟੋਬੀ, ਜੋ ਕਾਇਤਾਇਆ ਪੁਲਿਸ ਸਟੇਸ਼ਨ (ਔਕਲੈਂਡ ਤੋਂ ਲਗਭਗ 350 ਕਿਲੋਮੀਟਰ ਦੂਰ) ਵਿੱਚ ਇੱਕ ਅਧਿਕਾਰਤ ਅਫਸਰ ਵਜੋਂ ਤਾਇਨਾਤ ਸੀ, ਨੇ ਲਗਭਗ 29,000 ਡਾਲਰ (ਤਕਰੀਬਨ 15 ਲੱਖ ਰੁਪਏ) ਦਾ ਅਜਿਹਾ ਓਵਰਟਾਈਮ ਵਸੂਲਿਆ ਜੋ ਉਸਨੇ ਕਦੇ ਕੀਤਾ ਹੀ ਨਹੀਂ ਸੀ।
ਕਿਵੇਂ ਫੜਿਆ ਗਿਆ: ਟੋਬੀ ਨੇ 2024-2025 ਦੇ ਨਵੇਂ ਸਾਲ ਦੌਰਾਨ ਇੱਕ ਫਰਜ਼ੀ ਟਾਈਮ-ਸ਼ੀਟ ਜਮ੍ਹਾਂ ਕਰਵਾਈ ਸੀ। ਇਸ ਸ਼ੀਟ ਵਿੱਚ ਦੋ ਸ਼ਿਫਟਾਂ ਵਿਚਕਾਰ 9 ਘੰਟੇ ਦਾ ਜ਼ਰੂਰੀ ਆਰਾਮ ਨਹੀਂ ਦਿਖਾਇਆ ਗਿਆ ਸੀ, ਜਿਸ ਨਾਲ ਵਰਕਫੋਰਸ ਮੈਨੇਜਮੈਂਟ ਟੀਮ ਨੂੰ ਸ਼ੱਕ ਹੋ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਅਗਸਤ 2024 ਤੋਂ ਦਸੰਬਰ 2024 ਦੇ ਵਿਚਕਾਰ ਉਸਨੇ 42 ਵਾਰ ਅਜਿਹੀਆਂ ਟਾਈਮ-ਸ਼ੀਟਾਂ ਭਰੀਆਂ ਜਿਨ੍ਹਾਂ ਦਿਨਾਂ ਵਿੱਚ ਉਸਨੇ ਕੰਮ ਹੀ ਨਹੀਂ ਸੀ ਕੀਤਾ।
ਟੋਬੀ ਨੇ ਅਦਾਲਤ ਵਿੱਚ ਮੰਨਿਆ ਕਿ ਇੱਕ ਨਿੱਜੀ ਬ੍ਰੇਕ-ਅੱਪ ਕਾਰਨ ਉਹ ਆਰਥਿਕ ਤੰਗੀ ਵਿੱਚ ਸੀ, ਜਿਸ ਕਾਰਨ ਉਸਨੇ ਇਹ ਗਲਤ ਰਸਤਾ ਚੁਣਿਆ। ਪੁਲਿਸ ਇੰਸਪੈਕਟਰ ਐਂਥਨੀ ਟੇਬਟ ਨੇ ਦੱਸਿਆ ਕਿ ਟਾਈਮ-ਸ਼ੀਟਾਂ ਦੀ ਜਾਂਚ ਕਰਨ ਵਾਲੇ ਸੁਪਰਵਾਈਜ਼ਰ ਦੀ ਨਿਗਰਾਨੀ ਵਿੱਚ ਵੀ ਕਮੀ ਰਹੀ ਸੀ, ਜਿਸ ਨੂੰ ਹੁਣ ਸੁਧਾਰਿਆ ਗਿਆ ਹੈ। ਟੋਬੀ ਨੇ ਪੁਲਿਸ ਦੀ ਅੰਦਰੂਨੀ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ।
ਰਿਕੀ ਟੋਬੀ ’ਤੇ ਧੋਖਾਧੜੀ ਰਾਹੀਂ ਪੈਸੇ ਹਾਸਲ ਕਰਨ ਦੇ ਦੋਸ਼ ਲਗਾਏ ਗਏ ਹਨ। ਉਸ ਨੂੰ ਇਸੇ ਮਹੀਨੇ ਦੇ ਅੰਤ ਵਿੱਚ ਸਜ਼ਾ ਸੁਣਾਈ ਜਾਵੇਗੀ ਅਤੇ ਪੁਲਿਸ ਵੱਲੋਂ ਗਲਤ ਤਰੀਕੇ ਨਾਲ ਲਏ ਗਏ ਪੈਸਿਆਂ ਦੀ ਵਾਪਸੀ ਦੀ ਮੰਗ ਵੀ ਕੀਤੀ ਗਈ ਹੈ। ਨੌਰਥਲੈਂਡ ਦੇ ਡਿਸਟ੍ਰਿਕਟ ਕਮਾਂਡਰ ਮੈਟ ਸ੍ਰੋਜ ਨੇ ਇਸ ਵਿਵਹਾਰ ਨੂੰ ਬਿਲਕੁਲ ਨਾ-ਕਾਬਿਲੇ ਬਰਦਾਸ਼ਤ ਦੱਸਿਆ ਹੈ।
Click to Follow Babushahi Facebook page →