ਲੁਧਿਆਣਾ ਪੁਲਿਸ ਦੀ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ: 31 ਕੁਇੰਟਲ ਚੂਰਾ ਪੋਸਤ ਸਮੇਤ 4 ਵਾਹਨ ਬਰਾਮਦ, ਗੋਲੀਬਾਰੀ ਤੋਂ ਬਾਅਦ ਤਸਕਰ ਫਰਾਰ
ਸੁਖਮਿੰਦਰ ਭੰਗੂ
ਲੁਧਿਆਣਾ, 28 ਮਾਰਚ 2026: ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਥਾਣਾ ਜਮਾਲਪੁਰ ਦੀ ਪੁਲਿਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਭਾਰੀ ਮਾਤਰਾ ਵਿੱਚ ਚੂਰਾ ਪੋਸਤ ਬਰਾਮਦ ਕੀਤਾ ਅਤੇ ਨਸ਼ਾ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 27 ਮਾਰਚ 2026 ਨੂੰ ਸਵੇਰੇ ਲਗਭਗ 4:30 ਵਜੇ ਐੱਸ.ਐੱਚ.ਓ. ਜਮਾਲਪੁਰ ਦਲਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਜਮਾਲਪੁਰ ਚੌਂਕ ਨੇੜੇ ਗਸ਼ਤ ‘ਤੇ ਸੀ। ਇਸ ਦੌਰਾਨ ਮੁਖ਼ਬਰ ਦੀ ਸੂਚਨਾ ਮਿਲੀ ਕਿ ਪਿੰਡ ਫਾਗਲਾ ਬੱਸ ਅੱਡੇ ਕੋਲ ਇੱਕ ਖਾਲੀ ਪਲਾਟ ਵਿੱਚ ਟਰੱਕ ਵਿੱਚੋਂ ਨਸ਼ੀਲਾ ਸਮਾਨ ਹੋਰ ਗੱਡੀਆਂ ਵਿੱਚ ਲੋਡ ਕੀਤਾ ਜਾ ਰਿਹਾ ਹੈ।
ਜਦੋਂ ਪੁਲਿਸ ਟੀਮ ਨੇ ਮੌਕੇ ‘ਤੇ ਛਾਪੇਮਾਰੀ ਕੀਤੀ ਤਾਂ ਉੱਥੇ ਟਰੱਕ ਨੰਬਰ HR-64A-5376 ਵਿੱਚੋਂ ਚੂਰਾ ਪੋਸਤ ਛੋਟੀਆਂ ਗੱਡੀਆਂ ਵਿੱਚ ਭਰਿਆ ਜਾ ਰਿਹਾ ਸੀ। ਪੁਲਿਸ ਨੂੰ ਦੇਖਦੇ ਹੀ ਤਸਕਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਕਾਰਪੀਓ ਸਵਾਰ ਦੋ ਨੌਜਵਾਨਾਂ ਨੇ ਪੁਲਿਸ ਪਾਰਟੀ ‘ਤੇ ਜਾਨੋਂ ਮਾਰਨ ਦੀ ਨੀਅਤ ਨਾਲ ਚਾਰ ਗੋਲੀਆਂ ਚਲਾਈਆਂ।
ਪੁਲਿਸ ਵੱਲੋਂ ਜਵਾਬੀ ਕਾਰਵਾਈ ਅਤੇ ਪਿੱਛਾ ਕਰਨ ਦੌਰਾਨ ਤਸਕਰਾਂ ਦੀ ਸਕਾਰਪੀਓ ਗੱਡੀ ਸੰਤੁਲਨ ਖੋ ਬੈਠੀ ਅਤੇ ਪਿੰਡ ਖਹਿਰਾ ਬੇਟ ਨੇੜੇ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਟਕਰਾ ਗਈ। ਹਾਲਾਂਕਿ ਮੁਲਜ਼ਮ ਮੌਕੇ ਦਾ ਫਾਇਦਾ ਚੁੱਕਦੇ ਹੋਏ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ।
ਪੁਲਿਸ ਨੇ ਮੌਕੇ ਤੋਂ ਕੁੱਲ 155 ਬੋਰੀਆਂ (ਲਗਭਗ 3100 ਕਿਲੋ) ਚੂਰਾ ਪੋਸਤ ਅਤੇ ਵਾਰਦਾਤ ਵਿੱਚ ਵਰਤੇ ਗਏ 4 ਵਾਹਨ ਕਬਜ਼ੇ ਵਿੱਚ ਲਏ ਹਨ।
ਟਰੱਕ (HR-64A-5376) ਵਿੱਚੋਂ 120 ਬੋਰੀਆਂ (2400 ਕਿਲੋ)
ਮਹਿੰਦਰਾ ਬੋਲੇਰੋ ਮੈਕਸੀ ਟਰੱਕ (PB-10CC-3767) ਵਿੱਚੋਂ 15 ਬੋਰੀਆਂ (300 ਕਿਲੋ)
ਇਸੂਜ਼ੂ ਗੱਡੀ (PB-11CF-1759) ਵਿੱਚੋਂ 15 ਬੋਰੀਆਂ (300 ਕਿਲੋ)
ਸਕਾਰਪੀਓ (PB-13BS-2020) ਵਿੱਚੋਂ 5 ਬੋਰੀਆਂ (100 ਕਿਲੋ)
ਪੁਲਿਸ ਦੇ ਮੁਤਾਬਕ ਹਰ ਬੋਰੀ ਦਾ ਵਜ਼ਨ ਲਗਭਗ 20 ਕਿਲੋ ਹੈ ਅਤੇ ਕੁੱਲ ਬਰਾਮਦਗੀ ਲਗਭਗ 31 ਕੁਇੰਟਲ ਬਣਦੀ ਹੈ, ਜੋ ਕਿ ਨਸ਼ਾ ਤਸਕਰੀ ਦਾ ਇੱਕ ਵੱਡਾ ਮਾਮਲਾ ਮੰਨਿਆ ਜਾ ਰਿਹਾ ਹੈ।
ਇਸ ਮਾਮਲੇ ਵਿੱਚ ਪੁਲਿਸ ਵੱਲੋਂ 10/12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ NDPS ਐਕਟ ਦੀਆਂ ਧਾਰਾਵਾਂ 15/61/85 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ।
ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਗਿਰੋਹ ਨਾਲ ਜੁੜੇ ਹੋਰ ਲੋਕਾਂ ਨੂੰ ਵੀ ਬੇਨਕਾਬ ਕੀਤਾ ਜਾਵੇਗਾ।
Click to Follow Babushahi Facebook page →