ਮੇਰਾ ਖਜ਼ਾਨਾ .. Mera Khazana..
'ਸਮੁੰਦਰੀ ਵਿਰਾਸਤ' ਦੇ ਰੂ-ਬ-ਰੂ ਕਰਾ ਗਈ ਤਰਨਜੀਤ ਸੰਧੂ ਨਾਲ ਨਿੱਘੀ ਮਿਲਣੀ
A Warm Interaction with Taranjit Sandhu Reconnects with ‘Samundari Heritage’
*********
16 ਮਾਰਚ ਦੀ ਸ਼ਾਮ ਤਕਰੀਬਨ 5 ਵਜੇ ਦਾ ਵਕਤ ਸੀ। ਸਥਾਨ—ਅੰਮ੍ਰਿਤਸਰ ਸਥਿਤ ਸੰਧੂ-ਸਮੁੰਦਰੀ ਪਰਿਵਾਰ ਦੀ ਰਿਹਾਇਸ਼ 'ਸਮੁੰਦਰੀ ਹਾਊਸ' ਦਾ ਡਰਾਇੰਗ ਰੂਮ। ਇੱਥੇ ਦਿੱਲੀ ਦੇ ਨਵੇਂ ਬਣੇ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਨਾਲ ਇੱਕ ਬਹੁਤ ਹੀ ਨਿੱਘੀ ਅਤੇ ਖੁੱਲ੍ਹੀ ਮਿਲਣੀ ਹੋਈ। ਗੱਲਾਂਬਾਤਾਂ ਦਾ ਸਿਲਸਿਲਾ ਜੱਗ ਦੀਆਂ ਖ਼ਬਰਾਂ ਤੋਂ ਸ਼ੁਰੂ ਹੋ ਕੇ ਦਿਲ ਦੀਆਂ ਗੱਲਾਂ ਤੱਕ ਪਹੁੰਚ ਗਿਆ। ਜਿਸ ਤਰ੍ਹਾਂ ਅਮਰੀਕਾ ਵਿੱਚ ਭਾਰਤੀ ਰਾਜਦੂਤ ਹੁੰਦਿਆਂ ਉਹ ਹਰ ਮੁਲਾਕਾਤ ਵੇਲੇ ਪੰਜਾਬ ਦਾ ਹਾਲ-ਚਾਲ ਪੁੱਛਦੇ ਸਨ, ਉਸੇ ਲਹਿਜੇ ਚ ਫੇਰ ਪੁੱਛਿਆ । ਹਮੇਸ਼ਾਂ ਵਾਂਗ ਕੁਝ ਗੱਲਾਂ ਔਨ ਰਿਕਾਰਡ ਤੇ ਕੁਝ ਆਫ਼ ਰਿਕਾਰਡ ਵੀ ਹੋਈਆਂ. ਪਹਿਲਾਂ ਵਰਗੀ ਅਪਣੱਤ ਵੀ ਬਰਕਰਾਰ ਸੀ।ਮੇਰੇ ਨਾਲ ਸਾਡੇ ਸਾਂਝੇ ਦੋਸਤ ਨਿਰਮਲ ਸੰਧੂ ਅਤੇ ਉਨ੍ਹਾਂ ਦੇ ਮਿੱਤਰ ਦਲਜੀਤ ਸਿੰਘ ਛੀਨਾ ਵੀ ਮੌਜੂਦ ਸਨ।
ਗੱਲਬਾਤ ਦੌਰਾਨ ਉਨ੍ਹਾਂ ਦੇ ਸਵਰਗੀ ਵੱਡੇ ਭਰਾ ਅਤੇ ਮੇਰੇ ਅਜ਼ੀਜ਼ ਮਿੱਤਰ, ਆਈ.ਐਫ.ਐਸ. (IFS) ਜਸਜੀਤ ਸਮੁੰਦਰੀ ਦਾ ਜ਼ਿਕਰ ਆਉਣਾ ਲਾਜ਼ਮੀ ਸੀ.ਇਨ੍ਹਾਂ ਨਾਲ ਮੇਰੀ ਜਾਣ -ਪਛਾਣ ਜਸਜੀਤ ਹੋਰਾਂ ਹੀ ਕਰਵਾਈ ਸੀ. ਜਸਜੀਤ ਦਾ ਜ਼ਿਕਰ ਆਉਂਦਿਆਂ ਤਰਨਜੀਤ ਹੋਰਾਂ ਦਾ ਭਾਵੁਕ ਹੋਣਾ ਸੁਭਾਵਿਕ ਹੀ ਹੁੰਦੈ। ਜਦੋਂ ਅਮਰੀਕਾ ਅਤੇ ਹੋਰ ਮੁਲਕਾਂ ਦੇ ਰਾਜਦੂਤ ਵਜੋਂ ਜਦੋਂ ਵੀ ਸੰਧੂ ਹੋਰੀਂ ਚੰਡੀਗੜ੍ਹ ਆਉਂਦੇ ਤਾਂ ਅਕਸਰ ਹੀ ਨਿਰਮਲ ਸੰਧੂ ਨਾਲ ਇਕੱਠੇ ਮਿਲਦੇ ਸਾਂ .
ਦਿੱਲੀ ਦੇ ਲੈਫਟੀਨੈਂਟ ਗਵਰਨਰ ਦੀ ਨਵੀਂ ਅਤੇ ਚੁਣੌਤੀ ਭਰਪੂਰ ਜ਼ਿੰਮੇਵਾਰੀ ਬਾਰੇ ਵੀ ਗੈਰ-ਰਸਮੀ ਚਰਚਾ ਹੋਈ। ਜਦੋਂ ਅਸੀਂ ਵਿਦਾ ਹੋਣ ਲੱਗੇ, ਤਾਂ ਉਹ ਆਪਣੇ ਦਾਦਾ ਜੀ ਜਥੇਦਾਰ ਤੇਜਾ ਸਿੰਘ ਸਮੁੰਦਰੀ ਦੇ ਜ਼ਮਾਨੇ ਦੀਆਂ ਗੱਲਾਂ ਕਰ ਰਹੇ ਸਨ। ਉਨ੍ਹਾਂ ਨੂੰ ਅਚਾਨਕ ਯਾਦ ਆਇਆ ਅਤੇ ਪੁੱਛਣ ਲੱਗੇ, "ਕੀ ਤੁਸੀਂ ਉਨ੍ਹਾਂ ਦੇ ਜੀਵਨ ਬਾਰੇ ਕਿਤਾਬ ਪੜ੍ਹੀ ਹੈ?" ਮੇਰੇ ਜਵਾਬ ਦੀ ਉਡੀਕ ਕੀਤੇ ਬਿਨਾਂ ਹੀ ਉਨ੍ਹਾਂ ਨੇ ਆਪਣੇ ਸਹਾਇਕ ਨੂੰ ਆਵਾਜ਼ ਮਾਰ ਕੇ ਕਿਤਾਬ ਮੰਗਵਾ ਲਈ।
ਤਰਨਜੀਤ ਸੰਧੂ ਨੇ ਕਿਤਾਬ ਭੇਟ ਕਰਦਿਆਂ ਕਿਹਾ, "ਇਸ ਨੂੰ ਜ਼ਰੂਰ ਪੜ੍ਹਿਓ।" ਅਸੀਂ ਫੋਟੋ ਦੀ ਰਸਮ ਵੀ ਪੂਰੀ ਕੀਤੀ। ਅੰਮ੍ਰਿਤਸਰ ਤੋਂ ਚੰਡੀਗੜ੍ਹ ਵਾਪਸੀ ਦੌਰਾਨ ਕਾਰ ਵਿੱਚ ਬੈਠਦਿਆਂ ਹੀ ਮੈਂ ਤੇਜਾ ਸਿੰਘ ਸਮੁੰਦਰੀ ਦੀ ਜੀਵਨੀ ਵਾਲੀ ਉਹ ਕਿਤਾਬ ਖੋਲ੍ਹ ਲਈ। ਪਤਾ ਲੱਗਾ ਕਿ ਇਹ ਕਿਤਾਬ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੀ ਪ੍ਰੇਰਨਾ ਨਾਲ ਡਾ. ਪਿਆਰ ਸਿੰਘ ਵੱਲੋਂ ਲਿਖੀ ਗਈ ਸੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 1975 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਹਾਲਾਂਕਿ ਹੁਣ ਮੇਰਾ ਕਿਤਾਬਾਂ ਪੜ੍ਹਨ ਦਾ ਸੁਭਾਅ ਪਹਿਲਾਂ ਵਰਗਾ ਨਹੀਂ ਰਿਹਾ, ਪਰ ਇਸ ਕਿਤਾਬ ਨੇ ਮੇਰੀ ਅਜਿਹੀ ਰੁਚੀ ਜਗਾਈ ਕਿ ਸਿਹਤ ਨਾਸਾਜ਼ ਹੋਣ ਦੇ ਬਾਵਜੂਦ, 16 ਮਾਰਚ ਦੀ ਸ਼ਾਮ ਨੂੰ ਮਿਲੀ ਇਹ ਕਿਤਾਬ ਮੈਂ 17 ਮਾਰਚ ਦੀ ਰਾਤ 11 ਵਜੇ ਤੱਕ ਪੂਰੀ ਪੜ੍ਹ ਲਈ।

ਕਿਤਾਬ ਪੜ੍ਹਨ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਸਮੁੰਦਰੀ ਪਰਿਵਾਰ ਅਤੇ ਖ਼ਾਸ ਕਰਕੇ ਜਥੇਦਾਰ ਤੇਜਾ ਸਿੰਘ ਸਮੁੰਦਰੀ ਬਾਰੇ ਮੇਰੀ ਜਾਣਕਾਰੀ 'ਆਟੇ ਵਿੱਚ ਲੂਣ' ਬਰਾਬਰ ਸੀ। ਅੰਗਰੇਜ਼ੀ ਹਕੂਮਤ ਦਾ ਉਹ ਦੌਰ, ਉਸ ਵੇਲੇ ਦੇ ਹਾਲਾਤ, ਕਿਸਾਨਾਂ ਅਤੇ ਸਿੱਖਾਂ ਦੀਆਂ ਵੱਖ-ਵੱਖ ਲਹਿਰਾਂ ਅਤੇ ਉਨ੍ਹਾਂ ਦੀ ਸੁਲਝੀ ਹੋਈ ਬਹੁ-ਪੱਖੀ ਸ਼ਖ਼ਸੀਅਤ, ਦੇਸ਼ ਭਗਤੀ, ਨਿਰੰਤਰ ਜਦੋਜਹਿਦ ਤੇ ਕੁਰਬਾਨੀ ਬਾਰੇ ਇਸ ਖੋਜ-ਭਰਪੂਰ ਕਿਤਾਬ ਨੂੰ ਪੜ੍ਹ ਕੇ ਹੀ ਸਮੁੰਦਰੀ ਪਰਿਵਾਰ ਦੀ ਵਿਰਾਸਤ ਅਤੇ ਦਰਬਾਰ ਸਾਹਿਬ ਵਿਚਲੇ 'ਤੇਜਾ ਸਿੰਘ ਸਮੁੰਦਰੀ ਹਾਲ' ਦੀ ਅਸਲ ਅਹਿਮੀਅਤ ਨੂੰ ਸਮਝਿਆ ਜਾ ਸਕਦਾ ਹੈ। ਤਰਨਜੀਤ ਸੰਧੂ ਦੇ ਪਿਤਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਣੀ VC ਬਿਸ਼ਨ ਸਿੰਘ ਸਮੁੰਦਰੀ ਦੇ ਜਨਮ ਅਤੇ ਬਚਪਨ ਬਾਰੇ ਵੀ ਪਹਿਲੀ ਵਾਰ ਕਾਫੀ ਜਾਣਕਾਰੀ ਪਹਿਲੀ ਵਾਰ ਮਿਲੀ .

ਮੈਂ ਤਰਨਜੀਤ ਸਿੰਘ ਸੰਧੂ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੇਰੇ ਗਿਆਨ ਵਿੱਚ ਇਹ ਵਾਧਾ ਕੀਤਾ। ਇਸ ਪਰਿਵਾਰ ਨਾਲ ਮੇਰੀ ਲੰਮੇ ਸਮੇਂ ਤੋਂ ਨੇੜਤਾ ਹੈ ਅਤੇ ਇਸ ਇਤਿਹਾਸਕ ਪਿਛੋਕੜ ਨੂੰ ਜਾਣ ਕੇ ਮੈਨੂੰ ਇਸ ਮੇਲਜੋਲ 'ਤੇ ਹੋਰ ਵੀ ਮਾਣ ਮਹਿਸੂਸ ਹੋ ਰਿਹਾ ਹੈ।
17 ਮਾਰਚ, 2026

-
ਬਲਜੀਤ ਬੱਲੀ, ਸੰਪਾਦਕ, ਬਾਬੂਸ਼ਾਹੀ ਨਿਊਜ਼ ਨੈਟਵਰਕ , ਚੰਡੀਗੜ੍ਹ, india
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.