ਸਿਹਤ ਕ੍ਰਾਂਤੀ ਵੱਲ ਪੰਜਾਬ ਦਾ ਵੱਡਾ ਕਦਮ: ਭਗਵੰਤ ਮਾਨ ਤੇ ਕੇਜਰੀਵਾਲ ਨੇ 109 ਨਵੇਂ ‘ਆਮ ਆਦਮੀ ਕਲੀਨਿਕਾਂ’ ਦੀ ਦਿੱਤੀ ਸੌਗਾਤ
Babushahi Network
ਸਰਹੰਦ (ਫ਼ਤਹਿਗੜ੍ਹ ਸਾਹਿਬ), 28 ਮਾਰਚ, 2026: ਪੰਜਾਬ ਵਿੱਚ ਸਿਹਤ ਸਹੂਲਤਾਂ ਨੂੰ ਘਰ-ਘਰ ਪਹੁੰਚਾਉਣ ਦੇ ਮਕਸਦ ਨਾਲ ਅੱਜ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਹੰਦ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ 109 ਨਵੇਂ ‘ਆਮ ਆਦਮੀ ਕਲੀਨਿਕ’ ਲੋਕਾਂ ਨੂੰ ਸਮਰਪਿਤ ਕੀਤੇ। ਇਸ ਨਵੇਂ ਉਦਘਾਟਨ ਨਾਲ ਹੁਣ ਪੰਜਾਬ ਵਿੱਚ ਕੁੱਲ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵੱਧ ਕੇ 990 ਹੋ ਗਈ ਹੈ।
ਪੰਜਾਬੀਆਂ ਲਈ ਵੱਡੀ ਸੌਗਾਤ
ਸਮਾਗਮ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਕਲੀਨਿਕ ਆਮ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ, ਇਨ੍ਹਾਂ ਕਲੀਨਿਕਾਂ ਵਿੱਚ ਲੋਕਾਂ ਨੂੰ ਮੁਫ਼ਤ ਦਵਾਈਆਂ, ਮੁਫ਼ਤ ਟੈਸਟ ਅਤੇ ਬਿਹਤਰ ਡਾਕਟਰੀ ਸਲਾਹ ਮਿਲ ਰਹੀ ਹੈ। ਸਰਕਾਰ ਦਾ ਟੀਚਾ ਹਰ ਪਿੰਡ ਅਤੇ ਮੁਹੱਲੇ ਤੱਕ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਪਹੁੰਚਾਉਣਾ ਹੈ। ਹੁਣ ਤੱਕ ਕਰੋੜਾਂ ਲੋਕ ਇਨ੍ਹਾਂ ਕਲੀਨਿਕਾਂ ਤੋਂ ਆਪਣਾ ਇਲਾਜ ਕਰਵਾ ਕੇ ਲਾਭ ਉਠਾ ਚੁੱਕੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਇਹ ਸਿਹਤ ਮਾਡਲ ਹੁਣ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਗ਼ਰੀਬ ਲੋਕਾਂ ਨੂੰ ਮਾਮੂਲੀ ਇਲਾਜ ਲਈ ਵੀ ਵੱਡੇ ਹਸਪਤਾਲਾਂ ਦੇ ਚੱਕਰ ਕੱਟਣੇ ਪੈਂਦੇ ਸਨ, ਪਰ ਹੁਣ ਇਹ ਕਲੀਨਿਕ ਉਨ੍ਹਾਂ ਦੇ ਘਰਾਂ ਦੇ ਬਿਲਕੁਲ ਨੇੜੇ ਖੁੱਲ੍ਹ ਚੁੱਕੇ ਹਨ।
ਅੱਜ ਦੇ 109 ਕਲੀਨਿਕਾਂ ਦੇ ਉਦਘਾਟਨ ਤੋਂ ਬਾਅਦ ਪੰਜਾਬ ਦੇ ਸਿਹਤ ਢਾਂਚੇ ਵਿੱਚ ਇੱਕ ਹੋਰ ਨਵਾਂ ਅਧਿਆਏ ਜੁੜ ਗਿਆ ਹੈ। ਇਸ ਨਵੇਂ ਉਦਘਾਟਨ ਨਾਲ ਹੁਣ ਪੰਜਾਬ ਵਿੱਚ ਕੁੱਲ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵੱਧ ਕੇ 990 ਹੋ ਗਈ ਹੈ। ਸਰਕਾਰ ਵੱਲੋਂ ਜਲਦ ਹੀ ਕਲੀਨਿਕਾਂ ਦੀ ਗਿਣਤੀ 1000 ਤੋਂ ਪਾਰ ਕਰਨ ਦਾ ਟੀਚਾ ਰੱਖਿਆ ਗਿਆ ਹੈ।
"ਵੱਡੀਆਂ ਤਾਕਤਾਂ ਸਾਨੂੰ ਰੋਕਣ 'ਚ ਲੱਗੀਆਂ, ਪਰ ਪੰਜਾਬ 'ਚ ਵਿਕਾਸ ਨਹੀਂ ਰੁਕਣ ਦਿਆਂਗੇ"-ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਖ਼ੁਲਾਸਾ ਕੀਤਾ ਕਿ ਇਹ ਕਲੀਨਿਕ ਸਿਰਫ਼ ਖੋਲ੍ਹੇ ਹੀ ਨਹੀਂ ਗਏ, ਬਲਕਿ ਇਨ੍ਹਾਂ ਦੀ ਕਾਰਗੁਜ਼ਾਰੀ 'ਤੇ ਮੁੱਖ ਮੰਤਰੀ ਦਫ਼ਤਰ (CMO) ਤੋਂ ਸਿੱਧੀ ਨਜ਼ਰ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ, ਇੱਕ-ਇੱਕ ਕਲੀਨਿਕ ਦੀ ਨਿਗਰਾਨੀ ਹੁੰਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਉੱਥੇ ਦਵਾਈਆਂ ਜਾਂ ਡਾਕਟਰਾਂ ਦੀ ਕੋਈ ਕਮੀ ਤਾਂ ਨਹੀਂ। ਉਨ੍ਹਾਂ ਭਰੋਸਾ ਦਿੱਤਾ ਕਿ ਇਨ੍ਹਾਂ ਕਲੀਨਿਕਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਡਾਕਟਰਾਂ ਦੀ ਕੋਈ ਕਿੱਲਤ ਨਹੀਂ ਹੈ।
ਆਪਣੇ ਭਾਸ਼ਣ ਵਿੱਚ ਕੇਜਰੀਵਾਲ ਨੇ ਕਿਹਾ, "ਵੱਡੀਆਂ-ਵੱਡੀਆਂ ਤਾਕਤਾਂ ਸਾਡੇ ਪਿੱਛੇ ਲੱਗੀਆਂ ਹੋਈਆਂ ਹਨ ਅਤੇ ਸਾਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਪਰ ਅਸੀਂ ਪੰਜਾਬ ਦੇ ਵਿਕਾਸ ਨੂੰ ਨਹੀਂ ਰੁਕਣ ਦਿਆਂਗੇ।" ਉਨ੍ਹਾਂ ਨੇ ਅਦਾਲਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੋਰਟ ਨੇ ਵੀ ਉਨ੍ਹਾਂ ਨੂੰ 'ਕੱਟੜ ਇਮਾਨਦਾਰ' ਕਿਹਾ ਹੈ, ਜੋ ਉਨ੍ਹਾਂ ਦੀ ਸਿਆਸਤ ਦੀ ਸਭ ਤੋਂ ਵੱਡੀ ਤਾਕਤ ਹੈ।
ਪਿਛਲੀਆਂ ਸਰਕਾਰਾਂ ਨੂੰ ਲੰਬੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਕਿਸੇ ਵੀ ਸਰਕਾਰ ਨੇ ਲੋਕਾਂ ਦੀ ਸਿਹਤ ਦੀ ਪਰਵਾਹ ਨਹੀਂ ਕੀਤੀ ਅਤੇ ਨਾ ਹੀ ਕੋਈ ਮੁਹੱਲਾ ਕਲੀਨਿਕ ਬਣਾਇਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਕੁੱਲ 990 ਕਲੀਨਿਕ ਚੱਲ ਰਹੇ ਹਨ, ਜਿੱਥੇ ਆਮ ਆਦਮੀ ਨੂੰ ਬਿਨਾਂ ਕਿਸੇ ਖ਼ਰਚੇ ਦੇ ਮਿਆਰੀ ਇਲਾਜ ਮਿਲ ਰਿਹਾ ਹੈ।
Click to Follow Babushahi Facebook page →