Babushahi Special ਹੋਗੇ ਡਾਢੇ ਤੰਗ ਜਦੋਂ ਦੀ ਪਈ ਜੰਗ ਦੀ ਮਾਰ ਤਾਂ ‘ਗੋਲ ਗੱਪੇ ਵੀ ਹੋਏ 20 ਰਪਈਆਂ ਦੇ ਚਾਰ ਜੀ
ਅਸ਼ੋਕ ਵਰਮਾ
ਬਠਿੰਡਾ , 28 ਮਾਰਚ 2026 : ਮੱਧ ਏਸ਼ੀਆ ’ਚ ਲੱਗੀ ਇਰਾਨ ਇਜ਼ਰਾਈਲ ਅਮਰੀਕਾ ਵਿਚਕਾਰ ਜੰਗ ਕਾਰਨ ਮਹਿੰਗੇ ਹੋਏ ਕਮਰਸ਼ੀਅਲ ਗੈਸ ਦੇ ਸਿਲੰਡਰਾਂ ਅਤੇ ਹੋਰ ਜਰੂਰੀ ਵਸਤਾਂ ਦਾ ਮਾੜਾ ਅਸਰ ਹੁਣ ਖਾਣ ਪੀਣ ਵਾਲੀਆਂ ਵਸਤਾਂ ’ਤੇ ਦਿਖਾਈ ਦੇਣ ਲੱਗਿਆ ਹੈ। ਜੰਗ ਦੀ ਮਾਰ ਕਾਰਨ ਜਿੱਥੇ ਚਾਹ ਦਾ ਕੱਪ 15 ਤੋਂ 20 ਰੁਪਏ ਤੱਕ ਚਲਾ ਗਿਆ ਹੈ ਉੱਥੇ ਹੀ ਔਰਤਾਂ ਦੀ ਮਨਭਾਉਂਦੀ ਖੁਰਾਕ ਗੋਲ ਗੱਪੇ 20 ਰੁਪਏ ’ਚ ਸਿਰਫ ਚਾਰ ਮਿਲਣ ਲੱਗੇ ਹਨ ਜੋਕਿ ਜੰਗ ਤੋਂ ਪਹਿਲਾਂ ਕੁਆਲਿਟੀ ਦੇ ਅਧਾਰ ’ਤੇ 6 ਤੋਂ 10 ਤੱਕ ਅਸਾਨੀ ਨਾਲ ਮਿਲ ਜਾਂਦੇ ਸਨ। ਹਾਲਾਂਕਿ ਇਹ ਰਿਪੋਰਟ ਪੜ੍ਹਨ ਅਤੇ ਸੁਣਨ ਵਾਲਿਆਂ ਨੂੰ ਇੱਕ ਵਾਰ ਅਟਪਟੀ ਜਿਹੀ ਲੱਗੇਗੀ ਕਿ ਜਰੂਰੀ ਖੁਰਾਕੀ ਵਸਤਾਂ ਦੀ ਥਾਂ ਗੋਲ ਗੱਪਿਆਂ ਦੀ ਗੱਲ ਹੋ ਰਹੀ ਹੈ ਜਦੋਂਕਿ ਇਹ ਵੀ ਕੌੜੀ ਸਚਾਈ ਹੈ ਕਿ ਗੋਲ ਗੱਪੇ ਹੁਣ ਪੰਜਾਬੀਆਂ ਦੇ ਖਾਣ ਪੀਣ ਦਾ ਇੱਕ ਅਹਿਮ ਅੰਗ ਬਣ ਗਏ ਹਨ।
ਔਰਤਾਂ ਲਈ ਤਾਂ ਗੋਲ ਗੱਪੇ ਅਜਿਹਾ ਪਕਵਾਨ ਹਨ ਜੋ ਵਿਆਹ ਸ਼ਾਦੀਆਂ ’ਚ ਉਨ੍ਹਾਂ ਲਈ ਤਰਜੀਹੀ ਅਧਾਰ ਤੇ ਪਰੋਸੇ ਜਾਂਦੇ ਹਨ। ਇਸ ਪੱਤਰਕਾਰ ਵੱਲੋਂ ਅੱਜ ਕੀਤੀ ਗਈ ਪੁਣਛਾਣ ਦੌਰਾਨ ਮਹਿੰਗਾਈ ਨੂੰ ਦਰਕਿਨਾਰ ਕਰਦਿਆਂ ਤਕਰੀਬਨ ਇੱਕ ਦਰਜਨ ਰੇਹੜੀਆਂ ਅਤੇ ਦੁਕਾਨਾਂ ’ਤੇ ਔਰਤਾਂ ਗੋਲ ਗੱਪੇ ਛਕਦੀਆਂ ਦਿਖਾਈ ਦਿੱਤੀਆਂ ਹਨ। ਇੱਕ ਅਨੁਮਾਨ ਅਨੁਸਾਰ ਬਠਿੰਡਾ ਜਿਲ੍ਹੇ ’ਚ ਰੋਜਾਨਾ ਲੋਕ ਇੱਕ ਲੱਖ ਰੁਪਏ ਤੋਂ ਵੱਧ ਦੇ ਇਕੱਲੇ ਗੋਲ ਗੱਪੇ ਛਕ ਜਾਂਦੇ ਹਨ ਜਦੋਂਕਿ ਫਾਸਟ ਫੂਡ ਨਾਲ ਜੁੜੀਆਂ ਚਟਪਟੀਆਂ ਵਸਤਾਂ ਦੀ ਵਿਕਰੀ ਇਸ ਤੋਂ ਵੱਖਰੀ ਹੈ। ਗੋਲ ਗੱਪੇ ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ ਮਾਮਲੇ ਦਾ ਸਭ ਤੋਂ ਗੰਭੀਰ ਪਹਿਲੂ ਗੈਸ ਸਿਲੰਡਰ ਉਪਲੱਬਧ ਨਾਂ ਹੋਣਾ ਹੈ। ਉਨ੍ਹਾਂ ਦੱਸਿਆ ਕਿ ਰਿਫਾਇੰਡ ਅਤੇ ਗੋਲ ਗੱਪੇ ਬਨਾਉਣ ਲਈ ਵਰਤੀ ਜਾਣ ਵਾਲੀ ਸੂਜ਼ੀ ਵਰਗੀਆਂ ਅਤੀ ਜਰੂਰੀ ਵਸਤਾਂ ਮਹਿੰਗੀਆਂ ਹੋ ਗਈਆਂ ਹਨ ਜਿਸ ਕਰਕੇ ਲਾਗਤ ਖਰਚਿਆਂ ਅਤੇ ਵਿੱਕਰੀ ਵਿਚਕਾਰ ਤਾਲਮੇਲ ਬਿਠਾਉਣਾ ‘ਬੋਤਾ ਰੇਲ ਚੜ੍ਹਾਉਣ ਵਾਂਗ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਨਿਰਦੇਸ਼ਾਂ ਤਹਿਤ ਹਸਪਤਾਲਾਂ, ਵਿੱਦਿਅਕ ਹੈ। ਇਸ ਦੇ ਨਤੀਜੇ ਵਜੋਂ ਹੋਟਲ, ਰੈਸਟੋਰੈਂਟ ਅਤੇ ਮੈਰਿਜ ਪੈਲੇਸਾਂ ਨੂੰ ਮੁਸ਼ਕਲ ਬਣੀ ਹੋਈ ਹੈ। ਮੈਰਿਜ ਪੈਲੇਸ ਸੰਚਾਲਕਾਂ ਅਨੁਸਾਰ ਵਿਆਹ ਸਮਾਗਮਾਂ ਦੇ ਖਰਚੇ 15 ਤੋਂ 20 ਫੀਸਦੀ ਵਧ ਗਏ ਹਨ। ਜਿੱਥੇ ਪਹਿਲਾਂ ਇਕ ਵਿਆਹ ਲਗਭਗ 15 ਲੱਖ ਰੁਪਏ ਵਿੱਚ ਹੋ ਜਾਂਦਾ ਸੀ ਹੁਣ ਇਹ ਖਰਚਾ 18 ਤੋਂ 20 ਲੱਖ ਰੁਪਏ ਤੱਕ ਪਹੁੰਚ ਗਿਆ ਹੈ। ਕਰਿਆਨਾ ਵਪਾਰੀ ਸ਼ਾਮ ਕੁਮਾਰ ਨੇ ਕਿਹਾ ਕਿ 15 ਕਿਲੋ ਰਿਫਾਇੰਡ ਦੀ ਕੀਮਤ ਪਹਿਲਾਂ ਲਗਭਗ 2120 ਰੁਪਏ ਸੀ ਜੋ ਹੁਣ 2580 ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ ਕਿ ਵਧੀਆਂ ਤੇਲ ਕੀਮਤਾਂ ਨੇ ਬਾਜ਼ਾਰ ਵਿਚ ਤਿਆਰ ਹੋਣ ਵਾਲੀ ਹਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤ ’ਚ ਵਾਧਾ ਕੀਤਾ ਹੈ। ਭੁਜੀਏ ਦੇ ਭਾਅ ਵਿਚ ਪ੍ਰਤੀ ਕਿਲੋਗ੍ਰਾਮ 10 ਰੁਪਏ ਦਾ ਵਾਧਾ ਹੋਇਆ ਹੈ। ਇਸ ਦੌਰਾਨ ਪਕੌੜਿਆਂ ਦੀ ਕੀਮਤ ’ਚ ਤੇਜੀ ਦਰਜ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।
ਗੈਸ ਨੇ ਕਸੂਤੇ ਫਸਾਏ
ਗੋਲ ਗੱਪਿਆਂ ਦੇ ਵਿਕ੍ਰੇਤਾ ਰਜਿੰਦਰ ਕੁਮਾਰ ਦਾ ਕਹਿਣਾ ਸੀ ਕਿ ਜੇਕਰ ਕੀਮਤ ਨਾਂ ਵਧਾਉਂਦੇ ਤਾਂ ਲਾਗਤ ਵੀ ਪੂਰੀ ਹੋਣੀ ਮੁਸ਼ਕਿਲ ਬਣ ਜਾਣੀ ਸੀ। ਉਨ੍ਹਾਂ ਕਿਹਾ ਕਿ ਰੇਟ ਵਧਣ ਨਾਲ ਲੋਕ ਹੁਣ ਗੋਲ ਗੱਪੇ ਖਾਣ ਤੋਂ ਪਾਸਾ ਵੱਟਣ ਲੱਗੇ ਹਨ ਜੋਕਿ ਉਨ੍ਹਾਂ ਲਈ ਚਿੰਤਾਜਨਕ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ 2250 ਰੁਪਏ ਦਾ ਅਤੇ ਫਿਰ ਢਾਈ ਹਜ਼ਾਰ ਦਾ ਸਿਲੰਡਰ ਲਿਆਇਆ ਸੀ ਅਤੇ ਹੁਣ ਅੱਗਿਓ ਕੀ ਹੋਵੇਗਾ ਰੱਬ ਜਾਣਦਾ ਹੈ।
ਗੋਲ ਗੱਪਿਆਂ ਵਾਲੇ ਸਾਵਧਾਨ
ਅਜੋਕੇ ਦੌਰ ’ਚ ਹਰ ਛੋਟੇ ਵੱਡੇ ਕਿਰਤੀ ਕੋਲ ਆਨਲਾਈਨ ਅਦਾਇਗੀ ਦਾ ਸਿਸਟਮ ਹੈ ਜੋ ਉਨ੍ਹਾਂ ਨੂੰ ਕਸੂਤਾ ਫਸਰਾ ਸਕਦਾ ਹੈ। ਗੱਲ ਤਾਮਿਲਨਾਡੂ ਦੀ ਹੈ ਜਿੱਥੇ ਜੀਐਸਟੀ ਵਿਭਾਗ ਵੱਲੋਂ ਗੋਲ ਗੱਪਿਆਂ ਵਾਲੇ ਨੂੰ 40 ਲੱਖ ਰੁਪਏ ਦਾ ਨੋਟਿਸ ਭੇਜਣ ਦੀ ਖਬਰ ਵਾਇਰਲ ਹੋਈ ਸੀ। ਵਾਇਰਲ ਖ਼ਬਰਾਂ ਅਨੁਸਾਰ ਵਿਭਾਗ ਨੇ ਇਹ ਨੋਟਿਸ ਫੋਨਪੇਅ ਵਰਗੇ ਡਿਜੀਟਲ ਪੇਮੈਂਟ ਪਲੇਟਫਾਰਮ ਤੋਂ ਮਿਲੇ ਡਾਟਾ ਦੇ ਆਧਾਰ ’ਤੇ ਜਾਰੀ ਕੀਤਾ ਸੀ। ਰਿਕਾਰਡ ਤੋਂ ਪਤਾ ਲੱਗਾ ਕਿ ਇਸ ਗੋਲਗੱਪੇ ਵਾਲੇ ਨੂੰ 40 ਲੱਖ ਤੋਂ ਵਧ ਦਾ ਆਨਲਾਈਨ ਭੁਗਤਾਨ ਮਿਲਿਆ ਸੀ। ਨੋਟਿਸ ’ਚ ਕਿਹਾ ਸੀ ਕਿ ਜੇਕਰ ਮੰਨ ਲਈਏ ਕਿ ਤੁਸੀਂ 50 ਫੀਸਦੀ ਵੀ ਕੱਚੇ ਮਾਲ ’ਤੇ ਖਰਚਾ ਵੀ ਕੀਤਾ ਤਾਂ ਉਸ ਦਾ ਅੱਧਾ ਹਿੱਸਾ ਵੀ ਇੱਕ ਮਿਡਲ ਕਲਾਸ ਪ੍ਰੀਵਾਰ ਦੀ ਕਈ ਸਾਲਾਂ ਦੀ ਕਮਾਈ ਜਿੰਨਾ ਹੈ।
ਕਸੂਤਾ ਫਸਾ ਦਿੰਦੇ ਗੋਲ ਗੱਪੇ
ਗੱਲ ਬੇਸ਼ੱਕ ਪੁਰਾਣੀ ਹੈ ਪਰ ਫਿਲਮ ਨਗਰੀ ਨਾਲ ਜੁੜੀ ਹੋਣ ਕਰਕੇ ਰੌਚਕ ਹੈ। ਫਿਲਮੀ ਅਦਕਾਰ ਕਾਮੀਆ ਪੰਜਾਬੀ ਇੰਦੌਰ ਗਈ ਤਾਂ ਉਸ ਨੂੰ ਉੱਥੋਂ ਦੇ ਮਸ਼ਹੂਰ ਗੋਲ ਗੱਪਿਆਂ ਅਤੇ ਚਾਟ ਬਾਰੇ ਪਤਾ ਲੱਗਿਆ ਤਾਂ ਉਹ ਰਹਿ ਨਾਂ ਸਕੀ ਅਤੇ ਸਟਾਲ ’ਤੇ ਪੁੱਜ ਗਈ। ਉਸ ਸਮੇਂ ਕਾਮਿਆ ਦੇ ਹੱਥ ‘ਚ ਇੱਕ ਲੱਖ ਰੁਪਏ ਦੀ ਰਾਸ਼ੀ ਨਾਲ ਭਰਿਆ ਹੋਇਆ ਲਿਫਾਫਾ ਸੀ ਜਿਸ ਨੂੰ ਉਹ ਚਾਟ ਸਟਾਲ ’ਤੇ ਹੀ ਭੁੱਲ ਗਈ । ਇਸ ਮੌਕੇ ਉਹ ਫੋਟੋਆਂ ਖਿਚਾਉਣ ‘ਚ ਏਨੀਂ ਕੁ ਰੁੱਝ ਗਈ ਸੀ ਕਿ ਉਸ ਨੂੰ ਪੈਸਿਆਂ ਨਾਲ ਭਰੇ ਲਿਫਾਫੇ ਦਾ ਧਿਆਨ ਹੀ ਨਹੀਂ ਰਿਹਾ । ਜਦੋਂ ਕਾਮੀਆ ਮੁੜ ਤੋਂ ਉਸ ਚਾਟ ਸਟਾਲ ’ਤੇ ਪਹੁੰਚੀ ਤਾਂ ਉਸ ਦਾ ਲਿਫਾਫਾ ਉਸੇ ਥਾਂ ’ਤੇ ਪਿਆ ਜਿਸ ਤੋਂ ਬਾਅਦ ਉਸ ਨੇ ਸੁੱਖ ਦਾ ਸਾਹ ਲਿਆ ।
Click to Follow Babushahi Facebook page →