ਕਪੂਰੀ ਸਕੂਲ ਦੀ ਪਰਵਿੰਦਰ ਕੌਰ ਨੇ 5ਵੀਂ ਦੀ ਪ੍ਰੀਖਿਆ 'ਚੋਂ 500/500 ਲੈ ਕੇ ਪਹਿਲਾ ਸਥਾਨ ਕੀਤਾ ਹਾਸਲ- Dy DEO ਮਨਵਿੰਦਰ ਕੌਰ ਭੁੱਲਰ
ਲਗਾਤਾਰ ਤੀਸਰੇ ਸਾਲ ਵੀ ਕਪੂਰੀ ਸਕੂਲ ਦੇ ਵਿਦਿਆਰਥੀਆਂ ਦੀ ਪੰਜਵੀਂ ਜਮਾਤ ਦੇ ਨਤੀਜਿਆਂ ਵਿੱਚ ਚਮਕ ਰਹੀ ਬਰਕਰਾਰ-ਜਗਜੀਤ ਸਿੰਘ ਵਾਲੀਆ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 28 ਮਾਰਚ 2026:-ਅੱਜ ਐਸ.ਸੀ.ਈ.ਆਰ.ਟੀ ਪੰਜਾਬ ਵੱਲੋਂ ਪੰਜਵੀਂ ਜਮਾਤ ਦੇ ਨਤੀਜੇ ਐਲਾਨੇ ਗਏ।ਜਿਸ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਕਪੂਰੀ ਬਲਾਕ ਦੇਵੀਗੜ੍ਹ ਦੀ ਵਿਦਿਆਰਥਣ ਪਰਵਿੰਦਰ ਕੌਰ ਨੇ 500/500 ਨੰਬਰ ਲੈ ਕੇ ਪੰਜਾਬ ਭਰ ਵਿੱਚ ਆਪਣੇ ਸਕੂਲ ਅਧਿਆਪਕਾਂ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ । ਇਸ ਸਮੇਂ ਨਗਰ ਪੰਚਾਇਤ ਦੇਵੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਵੀ ਪਿੰਡ ਕਪੂਰੀ ਦੇ ਸਕੂਲ ਪਹੁੰਚੇ। ਉਹਨਾਂ ਨੇ ਜਿੱਥੇ ਵਿਦਿਆਰਥਨਾਂ ਨੂੰ ਆਸ਼ੀਰਵਾਦ ਦਿੱਤਾ ਉੱਥੇ ਹੀ ਮਾਪਿਆਂ ਨੂੰ ਵਧਾਈ ਦਿੱਤੀ ਤੇ ਸਕੂਲ ਸਟਾਫ ਵੱਲੋਂ ਕਰਵਾਈ ਜਾ ਰਹੀ ਸਖਤ ਮਿਹਨਤ ਤੇ ਰੱਜ ਕੇ ਤਾਰੀਫ਼ ਕੀਤੀ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਨਵਿੰਦਰ ਕੌਰ ਭੁੱਲਰ ਜੀ ਨੇ ਅੱਜ ਪੰਜਵੀਂ ਜਮਾਤ ਦੇ ਐਲਾਨੇ ਨਤੀਜਿਆਂ ਦੇ ਮੱਦੇਨਜ਼ਰ ਪ੍ਰਾਇਮਰੀ ਸਕੂਲ ਕਪੂਰੀ ਬਲਾਕ ਦੇਵੀਗੜ੍ਹ ਪਹੁੰਚ ਕੇ ਵਿਦਿਆਰਥਣ ਪਰਵਿੰਦਰ ਕੌਰ ਦੇ 500/500 ਨੂੰ ਆਉਣ ਤੇ ਮੁਬਾਰਕਬਾਦ ਦਿੱਤੀ, ਉਥੇ ਹੀ ਸਮੂਹ ਅਧਿਆਪਕਾਂ ਵਲੋਂ ਕਰਵਾਈ ਮਿਹਨਤ ਤੇ ਤਸੱਲੀ ਪ੍ਰਗਟਾਈ। ਸਕੂਲ ਮੁਖੀ ਜਗਜੀਤ ਸਿੰਘ ਵਾਲੀਆ ਜੀ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਵਿਦਿਆਰਥਣ ਪਰਵਿੰਦਰ ਕੌਰ ਨੇ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਜਿੱਥੇ ਮਿਹਨਤ ਕੀਤੀ ਉੱਥੇ ਹੀ ਉਹਨਾਂ ਨੇ ਆਪਣੇ ਸਕੂਲ ਦੇ ਅਧਿਆਪਕਾਂ ਵੱਲੋਂ ਪੰਜਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਹਰ ਪੱਖੋਂ ਸਖਤ ਮਿਹਨਤ ਕਰਵਾਈ ਤੇ ਤਸੱਲੀ ਪ੍ਰਗਟਾਈ। ਸਕੂਲ ਅਧਿਆਪਕ ਹਰਪ੍ਰੀਤ ਸਿੰਘ ਉੱਪਲ ਤੇ ਮੈਡਮ ਸਤਵਿੰਦਰ ਕੌਰ ਨੇ ਦੱਸਿਆ ਕਿ ਲਗਾਤਾਰ ਤੀਸਰੇ ਸਾਲ ਵੀ ਪੰਜਵੀਂ ਜਮਾਤ ਦੇ ਨਤੀਜਿਆਂ ਵਿੱਚ ਕਪੂਰੀ ਸਕੂਲ ਦੇ ਵਿਦਿਆਰਥੀਆਂ ਦੀ ਚਮਕ ਬਰਕਰਾਰ ਰਹੀ। ਉਹਨਾਂ ਕਿਹਾ ਕਿ ਸਕੂਲ ਦਾ ਨਤੀਜਾ 100% ਰਿਹਾ। ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਪ੍ਰਾਪਤੀਆਂ ਨੂੰ ਜਾਰੀ ਰੱਖਦੇ ਹੋਏ ਸਕੂਲ ਸਟਾਫ ਵੱਲੋਂ ਸਖਤ ਮਿਹਨਤ ਕਰਵਾਈ ਜਾਵੇਗੀ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਅਕਾਦਮਿਕ ਸਪੋਰਟ ਰਾਜਵੰਤ ਸਿੰਘ ਨੇ ਵੀ ਸਕੂਲ ਪਹੁੰਚ ਕੇ ਅਧਿਆਪਕਾਂ ਵਲੋਂ ਕਰਵਾਈ ਮਿਹਨਤ ਦਿਲੋਂ ਸਲਾਮ ਕੀਤਾ। ਉਹਨਾਂ ਕਿਹਾ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਬੱਚੇ ਨਵੋਦਿਆ ਪ੍ਰੀਖਿਆ ਪਾਸ ਕਰਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ। ਵਿਦਿਆਰਥਣ ਪਰਵਿੰਦਰ ਕੌਰ ਦਾ ਪਿੰਡ ਵਾਸੀਆਂ ਵੱਲੋਂ ਢੋਲ ਢਮੱਕੇ ਨਾਲ ਸਨਮਾਨ ਕੀਤਾ ਗਿਆ। ਪਿੰਡ ਵਾਸੀਆਂ ਵੱਲੋਂ ਅਧਿਆਪਕਾਂ ਵੱਲੋਂ ਹੁਣ ਤੱਕ ਕਰਵਾਈ ਮਿਹਨਤ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਗੁਰਦੀਪ ਸਿੰਘ, ਮਿਸਤਰੀ ਲਖਵੀਰ ਸਿੰਘ, ਪਰਮਜੀਤ ਸਿੰਘ ਪੰਮਾ, ਮਿਡ ਡੇ ਮੀਲ ਵਰਕਰ, ਐਸ ਐਮ ਸੀ ਮੈਂਬਰ ਮੌਜੂਦ ਰਹੇ।
Click to Follow Babushahi Facebook page →