ਕਣਕ ਦੀ ਖਰੀਦ 'ਤੇ ਸਟੋਰੇਜ ਦਾ ਸੰਕਟ; ਪੰਜਾਬ ਸਰਕਾਰ ਨੇ ਕੇਂਦਰ ਨੂੰ ਪੁਰਾਣਾ ਸਟਾਕ ਤੁਰੰਤ ਚੁੱਕਣ ਲਈ ਕਿਹਾ
ਚੰਡੀਗੜ੍ਹ 27 ਮਾਰਚ, 2026: ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਜਿਸ ਨੂੰ ਲੈ ਕੇ ਸੂਬਾ ਸਰਕਾਰ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਹਾਲਾਂਕਿ, ਅਨਾਜ ਦੀ ਸਟੋਰੇਜ (ਭੰਡਾਰਣ) ਲਈ ਜਗ੍ਹਾ ਦੀ ਘਾਟ ਇੱਕ ਵੱਡੀ ਚੁਣੌਤੀ ਬਣ ਕੇ ਸਾਹਮਣੇ ਆ ਰਹੀ ਹੈ। ਇਸ ਸਬੰਧੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੋਦਾਮਾਂ ਵਿੱਚ ਪਏ ਪੁਰਾਣੇ ਅਨਾਜ ਨੂੰ ਤੁਰੰਤ ਚੁੱਕਿਆ (ਲਿਫਟਿੰਗ) ਜਾਵੇ।
ਪੰਜਾਬ ਸਰਕਾਰ ਨੇ ਚਿੰਤਾ ਜਤਾਈ ਹੈ ਕਿ ਜੇਕਰ ਪੁਰਾਣਾ ਸਟਾਕ ਸਮੇਂ ਸਿਰ ਨਾ ਚੁੱਕਿਆ ਗਿਆ, ਤਾਂ ਨਵੀਂ ਫ਼ਸਲ ਦੀ ਖਰੀਦ ਵਿੱਚ ਭਾਰੀ ਮੁਸ਼ਕਲਾਂ ਆ ਸਕਦੀਆਂ ਹਨ। ਅੰਕੜਿਆਂ ਅਨੁਸਾਰ, ਇਸ ਵਾਰ ਮੰਡੀਆਂ ਵਿੱਚ ਲਗਭਗ 125 ਲੱਖ ਮੀਟ੍ਰਿਕ ਟਨ ਕਣਕ ਆਉਣ ਦਾ ਅਨੁਮਾਨ ਹੈ। ਪੰਜਾਬ ਕੋਲ ਇਸ ਸਮੇਂ ਸਿਰਫ਼ 100 ਲੱਖ ਮੀਟ੍ਰਿਕ ਟਨ ਅਨਾਜ ਸਟੋਰ ਕਰਨ ਦੀ ਹੀ ਜਗ੍ਹਾ ਹੈ। ਲਗਭਗ 22 ਲੱਖ ਮੀਟ੍ਰਿਕ ਟਨ ਕਣਕ ਨੂੰ ਰੱਖਣ ਲਈ ਜਗ੍ਹਾ ਦੀ ਵੱਡੀ ਕਿੱਲਤ ਹੈ। ਇਸੇ ਕਾਰਨ ਸਰਕਾਰ ਨੇ ਮੰਗ ਕੀਤੀ ਹੈ ਕਿ ਇਹ ਕਣਕ ਸਿੱਧੀ FCI (ਭਾਰਤੀ ਖੁਰਾਕ ਨਿਗਮ) ਨੂੰ ਡਿਲੀਵਰ ਕੀਤੀ ਜਾਵੇ।
ਕਿਸਾਨਾਂ ਲਈ ਨਿਰਵਿਘਨ ਖਰੀਦ ਦਾ ਭਰੋਸਾ
ਸਰਕਾਰ ਨੇ ਜ਼ੋਰ ਦਿੱਤਾ ਹੈ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਖ਼ੁਆਰੀ ਨਹੀਂ ਹੋਣ ਦਿੱਤੀ ਜਾਵੇਗੀ। ਮੁੱਖ ਉਦੇਸ਼ ਇਹ ਹਨ, ਮੰਡੀਆਂ ਵਿੱਚ ਫ਼ਸਲ ਦੀ ਆਮਦ ਹੁੰਦੇ ਹੀ ਤੁਰੰਤ ਖਰੀਦ ਯਕੀਨੀ ਬਣਾਉਣਾ। ਕਿਸਾਨਾਂ ਦੀ ਫ਼ਸਲ ਦੀ ਅਦਾਇਗੀ ਨਿਰਧਾਰਤ ਸਮੇਂ ਅੰਦਰ ਉਨ੍ਹਾਂ ਦੇ ਖਾਤਿਆਂ ਵਿੱਚ ਪਹੁੰਚਾਉਣਾ। ਖਰੀਦੀ ਗਈ ਫ਼ਸਲ ਨੂੰ ਜਲਦ ਤੋਂ ਜਲਦ ਮੰਡੀਆਂ ਵਿੱਚੋਂ ਚੁੱਕ ਕੇ ਗੋਦਾਮਾਂ ਤੱਕ ਪਹੁੰਚਾਉਣਾ। ਪੰਜਾਬ ਸਰਕਾਰ ਨੇ ਕੇਂਦਰ ਨੂੰ ਸਪੱਸ਼ਟ ਕੀਤਾ ਹੈ ਕਿ ਜੇਕਰ ਲਿਫਟਿੰਗ ਵਿੱਚ ਦੇਰੀ ਹੁੰਦੀ ਹੈ, ਤਾਂ ਇਸ ਦਾ ਸਿੱਧਾ ਅਸਰ ਪੂਰੀ ਖਰੀਦ ਪ੍ਰਕਿਰਿਆ 'ਤੇ ਪਵੇਗਾ। ਹੁਣ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਇਸ ਮੰਗ 'ਤੇ ਕਿੰਨੀ ਜਲਦੀ ਅਮਲ ਕਰਦੀ ਹੈ।
Click to Follow Babushahi Facebook page →