ਮਾਨਸਾ ਪੁਲਿਸ ਵੱਲੋਂ ਸਰਦੂਲਗੜ੍ਹ ਇਲਾਕੇ ਵਿੱਚ ਹੋਏ ਦੋ ਅੰਨ੍ਹੇ ਕਤਲਾਂ ਦੇ ਮਾਮਲੇ ਵਿੱਚ ਮੁਲਜ਼ਮ ਗ੍ਰਿਫਤਾਰ
ਅਸ਼ੋਕ ਵਰਮਾ
ਮਾਨਸਾ, 4 ਮਾਰਚ 2026 :ਸੀਨੀਅਰ ਕਪਤਾਨ ਪੁਲਿਸ, ਮਾਨਸਾ ਭਾਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ 27 ਫਰਵਰੁ 2026 ਨੂੰ ਥਾਣਾ ਸਰਦੂਲਗੜ੍ਹ ਦੇ ਏਰੀਏ ਵਿੱਚ ਸ਼ੈਲਰ ਰੋਡ 'ਤੇ ਇੱਕ ਫਾਰਮ ਹਾਊਸ ਵਿੱਚ ਦੋ ਵਿਅਕਤੀਆਂ ਦੇ ਅੰਨ੍ਹੇ ਕਤਲ ਦੇ ਮੁਕਦੱਮੇ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਵੇਰਵੇ ਸਾਂਝੇ ਕਰਦਿਆਂ ਸ੍ਰੀ ਮਨਮੋਹਨ ਸਿੰਘ ਔਲਖ ਐਸ.ਪੀ.(ਇੰਨਵੈ) ਨੇ ਦੱਸਿਆ ਕਿ 27 ਫਰਵਰੀ 2026 ਨੂੰ ਥਾਣਾ ਸਰਦੂਲਗੜ੍ਹ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸਰਦੂਲਗੜ੍ਹ ਦੇ ਸ਼ੈਲਰ ਰੋਡ 'ਤੇ ਇੱਕ ਫਾਰਮ ਹਾਊਸ ਵਿੱਚ ਜਸਵੀਰ ਸਿੰਘ ਉਰਫ ਕਾਕਾ ਪੁੱਤਰ ਰਮੇਸ਼ ਕੁਮਾਰ ਵਾਸੀ ਸਰਦੂਲਗੜ੍ਹ ਤੇ ਬਲਦੇਵ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਮੀਰਪੁਰ ਖੁਰਦ ਦਾ ਕਤਲ ਕਰ ਦਿੱਤਾ ਗਿਆ ਹੈ।
ਇਸ ਸਬੰਧ ਵਿੱਚ ਤੁਰੰਤ ਕਾਰਵਾਈ ਕਰਦਿਆਂ ਅਸ਼ੋਕ ਕੁਮਾਰ ਦੇ ਬਿਆਨ 'ਤੇ ਮੁਕੱਦਮਾ ਨੰਬਰ 50 ਮਿਤੀ 27.02.2026 ਅ/ਧ 103,3(5) ਬੀ.ਐਨ.ਐਸ, ਥਾਣਾ ਸਰਦੂਲਗੜ੍ਹ ਬਰਖਿਲਾਫ ਨਾ ਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਸ਼੍ਰੀ ਮਨਜੀਤ ਸਿੰਘ, ਉਪ ਕਪਤਾਨ ਪੁਲਿਸ (ਸ:ਡ) ਸਰਦੂਲਗੜ੍ਹ, ਸ਼੍ਰੀ ਜਸਵਿੰਦਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈ:) ਮਾਨਸਾ ਦੀ ਦੇਖ ਰੇਖ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਜਿੰਨ੍ਹਾਂ ਵੱਲੋਂ ਮੁਸਤੈਦੀ ਅਤੇ ਵਿਗਿਆਨਕ ਤਰੀਕੇ ਨਾਲ ਕੰਮ ਕਰਦੇ ਹੋਏ ਮੁਕੱਦਮੇ ਵਿੱਚ ਗੁਰਪ੍ਰੀਤ ਸਿੰਘ (ਉਮਰ 35 ਸਾਲ) ਉਰਫ ਨਿਉਲਾ ਪੁੱਤਰ ਘੋਨਾ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਵਾਰਡ ਨੰਬਰ 04, ਸਰਦੂਲਗੜ੍ਹ ਨੂੰ ਨਾਮਜਦ ਕਰਕੇ 04 ਮਾਰਚ 2026 ਨੂੰ ਗ੍ਰਿਫਤਾਰ ਕੀਤਾ ਗਿਆ
ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਸਿੰਘ ਦਾ ਪਿਤਾ ਘੋਨਾ ਸਿੰਘ ਅਕਸਰ ਹੀ ਮ੍ਰਿਤਕ ਜਸਵੀਰ ਕੁਮਾਰ ਉਰਫ ਕਾਕਾ ਪਾਸ ਚਲਾ ਜਾਂਦਾ ਸੀ । ਕੁੱਝ ਅਰਸੇ ਬਾਅਦ ਹੀ ਜਦੋ ਗੁਰਪ੍ਰੀਤ ਸਿੰਘ ਦੇ ਪਿਤਾ ਦੀ ਕਿਸੇ ਕਾਰਨ ਕਰਕੇ ਮੌਤ ਹੋ ਗਈ ਤਾਂ ਗੁਰਪ੍ਰੀਤ ਸਿੰਘ ਇਸ ਗੱਲ ਦਾ ਸ਼ੱਕ ਕਰਦਾ ਸੀ ਕਿ ਮ੍ਰਿਤਕ ਜਸਵੀਰ ਕੁਮਾਰ ਉਰਫ ਕਾਕਾ ਨੇ ਹੀ ਉਸਦੇ ਪਿਤਾ ਨੁੂੰ ਕੋਈ ਅਜਿਹੀ ਚੀਜ ਚਾਹ ਵਿੱਚ ਮਿਲਾ ਕੇ ਪਿਆਈ ਹੈ ਜਿਸ ਕਾਰਨ ਕਰਕੇ ਹੀ ਉਸਦਾ ਪਿਤਾ ਬਿਮਾਰੀ ਗ੍ਰਸਤ ਹੋ ਕੇ ਮਰ ਗਿਆ ਹੈ । ਕਿਸੇ ਵੱਲੋਂ ਜ਼ਹਿਰ ਪਾਉਣ ਕਰਕੇ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ ਦੀ ਮੌਤ ਹੋ ਗਈ ਸੀ ਜਿਸਦਾ ਸ਼ੱਕ ਵੀ ਉਹ ਮ੍ਰਿਤਕ ਜਸਵੀਰ ਕੁਮਾਰ ਉਰਫ ਕਾਕਾ ਪਰ ਕਰਦਾ ਸੀ ਜਿਸ ਕਰਕੇ ਉਸਨੇ ਮੌਕਾ ਮਿਲਦੇ ਹੀ ਜਸਵੀਰ ਕੁਮਾਰ ਉਰਫ ਕਾਕਾ 'ਤੇ ਮਾਲੀ ਬਲਦੇਵ ਸਿੰਘ ਦਾ ਕਤਲ ਕੀਤਾ ਹੈ।ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
Click to Follow Babushahi Facebook page →