ਸੁਲਤਾਨਪੁਰ ਲੋਧੀ 'ਚ ਹੋਲੀ ਮੌਕੇ ਮੰਡੀਰ ਦਾ ਗੁੰਡਾਗਰਦੀ ਦਾ ਨੰਗਾ ਨਾਚ; ਕਿਰਪਾਨਾਂ ਲਹਿਰਾਉਂਦੇ ਮਨਚਲਿਆਂ ਨੇ ਮਚਾਇਆ ਹੜਦੁੰਗ
ਰੋਕਣ 'ਤੇ ਸਕੂਟਰੀ ਸਵਾਰ ਨੌਜਵਾਨ 'ਤੇ ਕਿਰਪਾਨ ਨਾਲ ਕੀਤਾ ਹਮਲਾ; ਪਵਿੱਤਰ ਨਗਰੀ 'ਚ ਕਾਨੂੰਨ ਦੀਆਂ ਉੱਡੀਆਂ ਧੱਜੀਆਂ, ਘਟਨਾ CCTV 'ਚ ਕੈਦ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ: 4 ਮਾਰਚ 2026 ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਹੋਲੀ ਦਾ ਤਿਉਹਾਰ ਉਸ ਵੇਲੇ ਦਹਿਸ਼ਤ ਦੇ ਸਾਏ ਹੇਠ ਆ ਗਿਆ, ਜਦੋਂ ਮੋਟਰਸਾਈਕਲ ਸਵਾਰ ਮਨਚਲੇ ਨੌਜਵਾਨਾਂ ਨੇ ਸ਼ਹਿਰ ਦੀਆਂ ਸੜਕਾਂ 'ਤੇ ਸ਼ਰੇਆਮ ਗੁੰਡਾਗਰਦੀ ਕੀਤੀ। ਪੁਲਿਸ ਪ੍ਰਸ਼ਾਸਨ ਦੇ ਦਾਵਿਆਂ ਦੇ ਬਾਵਜੂਦ, ਹਥਿਆਰਬੰਦ ਨੌਜਵਾਨਾਂ ਨੇ ਨਾ ਸਿਰਫ਼ ਕਾਨੂੰਨ ਦੀ ਪਰਵਾਹ ਕੀਤੀ, ਸਗੋਂ ਰਾਹਗੀਰਾਂ 'ਤੇ ਜ਼ਬਰਦਸਤੀ ਰੰਗ ਸੁੱਟ ਕੇ ਹੋਲੀ ਦੇ ਪਵਿੱਤਰ ਦਿਹਾੜੇ ਨੂੰ ਬਦਨਾਮ ਕੀਤਾ।
ਕਿਰਪਾਨ ਨਾਲ ਕੀਤਾ ਜਾਨਲੇਵਾ ਹਮਲਾ
ਘਟਨਾ ਚੌਂਕ ਚੇਲਿਆਂ ਦੇ ਪੰਜਾਬ ਨੈਸ਼ਨਲ ਬੈਂਕ ਕੋਲ ਵਾਪਰੀ, ਜਿੱਥੇ ਇੱਕ ਸਕੂਟਰੀ ਸਵਾਰ ਨੌਜਵਾਨ ਅਭੀ ਮੋਗਲਾ ਨੂੰ ਮਨਚਲਿਆਂ ਨੇ ਰੋਕ ਕੇ ਰੰਗ ਪਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਅਭੀ ਨੇ ਇਸ ਦਾ ਵਿਰੋਧ ਕੀਤਾ ਤਾਂ ਬੇਖੌਫ਼ ਨੌਜਵਾਨਾਂ ਨੇ ਉਸ ਉੱਤੇ ਕਿਰਪਾਨ ਨਾਲ ਵਾਰ ਕਰ ਦਿੱਤਾ। ਅਭੀ ਮੋਗਲਾ ਵਾਲ-ਵਾਲ ਬਚਿਆ, ਪਰ ਉਹ ਇਸ ਹਮਲੇ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
CCTV ਵਿੱਚ ਕੈਦ ਹੋਈ ਗੁੰਡਾਗਰਦੀ
ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇਹ ਖ਼ੌਫ਼ਨਾਕ ਮੰਜ਼ਰ ਕੈਦ ਹੋ ਗਿਆ ਹੈ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਤਿੰਨ-ਤਿੰਨ ਨੌਜਵਾਨ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਹੱਥਾਂ ਵਿੱਚ ਕਿਰਪਾਨਾਂ ਲਹਿਰਾਉਂਦੇ ਹੋਏ ਬਾਜ਼ਾਰਾਂ ਵਿੱਚ ਹੜਦੁੰਗ ਮਚਾ ਰਹੇ ਹਨ। ਉਨ੍ਹਾਂ ਦੇ ਮਨਾਂ ਵਿੱਚ ਪੁਲਿਸ ਦਾ ਕੋਈ ਵੀ ਡਰ ਨਜ਼ਰ ਨਹੀਂ ਆ ਰਿਹਾ ਸੀ।
ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ
ਹੋਲੀ ਵਰਗੇ ਵੱਡੇ ਤਿਉਹਾਰ 'ਤੇ ਸ਼ਰੇਆਮ ਹਥਿਆਰਾਂ ਨਾਲ ਘੁੰਮ ਰਹੀ ਮੰਢੀਰ ਨੇ ਪ੍ਰਸ਼ਾਸਨਿਕ ਸੁਰੱਖਿਆ ਦੇ ਦਾਵਿਆਂ ਦੀ ਫੂਕ ਕੱਢ ਦਿੱਤੀ ਹੈ। ਇਸ ਮਾਮਲੇ ਵਿੱਚ ਡਿਊਟੀ ਅਫ਼ਸਰ ਭਜਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਜੇ ਤੱਕ ਕੋਈ ਲਿਖਤੀ ਰਿਪੋਰਟ ਨਹੀਂ ਪਹੁੰਚੀ ਹੈ, ਜਦਕਿ ਪੀੜਤ ਧਿਰ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ।
ਸ਼ਹਿਰ ਵਾਸੀਆਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਪਵਿੱਤਰ ਨਗਰੀ ਵਿੱਚ ਸ਼ਰੇਆਮ ਕਿਰਪਾਨਾਂ ਚੱਲਣਗੀਆਂ, ਤਾਂ ਆਮ ਲੋਕ ਆਪਣੇ-ਆਪ ਨੂੰ ਸੁਰੱਖਿਅਤ ਕਿਵੇਂ ਮਹਿਸੂਸ ਕਰਨਗੇ? ਲੋਕਾਂ ਨੇ ਮੰਗ ਕੀਤੀ ਹੈ ਕਿ ਸੀਸੀਟੀਵੀ ਦੇ ਆਧਾਰ 'ਤੇ ਇਨ੍ਹਾਂ ਗੁੰਡਾ ਅਨਸਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਸਲਾਖਾਂ ਪਿੱਛੇ ਸੁੱਟਿਆ ਜਾਵੇ।
Click to Follow Babushahi Facebook page →