ਰਵਨੀਤ ਬਿੱਟੂ ਦਾ ਰਾਹੁਲ ਗਾਂਧੀ 'ਤੇ ਤਿੱਖਾ ਹਮਲਾ: "ਮੈਂ ਸਿੱਖਾਂ ਦੇ ਕਾਤਲ ਪਰਿਵਾਰ ਨਾਲ ਹੱਥ ਨਹੀਂ ਮਿਲਾਉਂਦਾ"
ਚੰਡੀਗੜ੍ਹ, 4 ਫਰਵਰੀ 2026- ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਰਾਹੁਲ ਗਾਂਧੀ ਵਿਚਾਲੇ ਹੋਈ ਤਕਰਾਰ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਬਿੱਟੂ ਨੇ ਗਾਂਧੀ ਪਰਿਵਾਰ 'ਤੇ ਸਿੱਖਾਂ ਦੇ ਕਤਲੇਆਮ ਅਤੇ ਪੰਜਾਬ ਦੇ ਗੁਰਦੁਆਰਿਆਂ ਨੂੰ ਅੱਗ ਲਗਾਉਣ ਦੇ ਗੰਭੀਰ ਇਲਜ਼ਾਮ ਲਗਾਉਂਦਿਆਂ ਰਾਹੁਲ ਗਾਂਧੀ ਨੂੰ ਕਰੜੇ ਹੱਥੀਂ ਲਿਆ ਹੈ। ਬਿੱਟੂ ਨੇ ਕਿਹਾ ਕਿ ਸਿੱਖਾਂ ਦੇ ਅਪਮਾਨ ਅਤੇ ਪੰਜਾਬ ਦੇ ਗੁਰਦੁਆਰਿਆਂ ਨੂੰ ਅੱਗ ਲਗਾਉਣ ਲਈ ਸਿਰਫ਼ ਗਾਂਧੀ ਪਰਿਵਾਰ ਹੀ ਜ਼ਿੰਮੇਵਾਰ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਦੇਸ਼ ਦੇ ਖ਼ਿਲਾਫ਼ ਬੋਲਣ ਕਾਰਨ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ 'ਗਦਾਰ' ਕਿਹਾ ਹੈ ਅਤੇ ਆਪਣੇ ਪਰਿਵਾਰ ਦੀਆਂ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਦਾ ਹਵਾਲਾ ਦਿੱਤਾ। ਬਿੱਟੂ ਅਨੁਸਾਰ ਜਦੋਂ ਉਹ ਕਾਂਗਰਸ ਵਿੱਚ ਸਨ ਤਾਂ ਉਨ੍ਹਾਂ ਨੂੰ "ਸ਼ਹੀਦ ਦਾ ਪੋਤਾ" ਕਿਹਾ ਜਾਂਦਾ ਸੀ, ਪਰ ਭਾਜਪਾ ਵਿੱਚ ਆਉਣ ਤੋਂ ਬਾਅਦ ਰਾਹੁਲ ਗਾਂਧੀ ਹੁਣ ਉਨ੍ਹਾਂ ਨੂੰ "ਗਦਾਰ ਦੋਸਤ" ਕਹਿ ਰਹੇ ਹਨ। ਉਨ੍ਹਾਂ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਉਹ ਸਿੱਖਾਂ ਦੇ ਕਾਤਲ ਪਰਿਵਾਰ ਨਾਲ ਕਦੇ ਹੱਥ ਨਹੀਂ ਮਿਲਾਉਣਗੇ।
ਮਨਜਿੰਦਰ ਸਿਰਸਾ ਵੱਲੋਂ ਵੀ ਸਖ਼ਤ ਨਿਖੇਧੀ
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਵਿਵਾਦ ਵਿੱਚ ਕੁੱਦਦਿਆਂ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਸਿਰਸਾ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਬਿਆਨ ਪੂਰੀ ਸਿੱਖ ਕੌਮ ਨੂੰ ਸ਼ਰਮਸਾਰ ਕਰਨ ਵਾਲਾ ਹੈ ਕਿਉਂਕਿ ਸਰਦਾਰ ਕਦੇ ਗਦਾਰ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਅਸਲੀ ਗਦਾਰ ਗਾਂਧੀ ਪਰਿਵਾਰ ਹੈ, ਜਿਸ ਨੇ ਸਿੱਖਾਂ ਦੇ ਹਿਰਦੇ ਵਲੂੰਧਰੇ ਹਨ।