ਅਕਾਲੀ ਲੀਡਰਸ਼ਿਪ ਤੇ ਬਾਦਲ ਪਰਿਵਾਰ ਨੇ ਮਜੀਠੀਆ ਦਾ ਛੱਡਿਆ ਸਾਥ: ਬਲਤੇਜ ਪੰਨੂ
ਸੁਖਬੀਰ-ਹਰਸਿਮਰਤ ਵੀ ਜੇਲ੍ਹ ਬਾਹਰ ਮਜੀਠੀਆ ਨੂੰ ਲੈਣ ਨਹੀਂ ਪਹੁੰਚੇ, ਅਕਾਲੀ ਦਲ 'ਚ ਇਕੱਲਾ ਪੈ ਗਿਆ ਮਜੀਠੀਆ: ਪੰਨੂ
ਵੱਡੀਆਂ ਫੜਾਂ ਮਾਰਨ ਵਾਲੇ ਮਜੀਠੀਆ ਨੂੰ ਲੈਣ ਇੱਕ ਵੀ ਸਾਬਕਾ ਮੰਤਰੀ ਜਾਂ ਵਿਧਾਇਕ ਨਹੀਂ ਪਹੁੰਚਿਆ: ਬਲਤੇਜ ਪੰਨੂ
ਚੰਡੀਗੜ੍ਹ, 3 ਫਰਵਰੀ 2026- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਜਮਾਨਤ 'ਤੇ ਕਿਹਾ ਕਿ ਮਜੀਠੀਆ ਨੂੰ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਅਤੇ ਬਾਦਲ ਪਰਿਵਾਰ ਨੇ ਪੂਰੀ ਤਰ੍ਹਾਂ ਇਕੱਲਾ ਛੱਡ ਦਿੱਤਾ ਹੈ।
ਪੰਨੂ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਮਿਲੀ ਜ਼ਮਾਨਤ ਤੋਂ ਬਾਅਦ ਨਾਭਾ ਜੇਲ੍ਹ ਤੋਂ ਬਾਹਰ ਆਏ ਬਿਕਰਮਜੀਤ ਸਿੰਘ ਮਜੀਠੀਆ ਭਾਵੇਂ ਬਾਹਰ ਆ ਕੇ ਵੱਡੀਆਂ-ਵੱਡੀਆਂ ਫੜਾਂ ਮਾਰਦੇ ਰਹੇ, ਪਰ ਅਸਲੀਅਤ ਇਹ ਹੈ ਕਿ ਮਜੀਠੀਆ ਨੂੰ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਦਾ ਸਾਥ ਵੀ ਨਹੀਂ ਮਿਲਿਆ।
ਪੰਨੂ ਨੇ ਦੱਸਿਆ ਕਿ ਲੀਡਰਸ਼ਿਪ ਤੋਂ ਬਿਨਾਂ ਮਜੀਠੀਆ ਦੇ ਨੇੜਲੇ ਰਿਸ਼ਤੇਦਾਰ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੀ ਜੇਲ੍ਹ ਦੇ ਬਾਹਰ ਉਨ੍ਹਾਂ ਨੂੰ ਲੈਣ ਨਹੀਂ ਪਹੁੰਚੇ। ਇਹ ਦਰਸਾਉਂਦਾ ਹੈ ਕਿ ਮਜੀਠੀਆ ਆਪਣੇ ਹੀ ਪਰਿਵਾਰ ਅਤੇ ਪਾਰਟੀ ਵਿੱਚ ਇਕੱਲੇ ਪੈ ਗਏ ਹਨ।
ਬਲਤੇਜ ਪੰਨੂ ਨੇ ਅੱਗੇ ਕਿਹਾ ਕਿ ਬਿਕਰਮ ਮਜੀਠੀਆ ਦੇ ਅੱਜ ਜੇਲ੍ਹ ਤੋਂ ਬਾਹਰ ਆਉਣ ਮੌਕੇ ਹਾਲਾਤ ਇਹ ਸਨ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇੱਕ ਵੀ ਸਾਬਕਾ ਮੰਤਰੀ ਜਾਂ ਸਾਬਕਾ ਵਿਧਾਇਕ ਜੇਲ੍ਹ ਦੇ ਬਾਹਰ ਨਹੀਂ ਪਹੁੰਚਿਆ।