ਵੱਡੀ ਖ਼ਬਰ: ਪਾਕਿਸਤਾਨ ਅਤੇ ਦੁਬਈ ਤੋਂ ਤਾਰਾਂ ਜੋੜ ਕੇ ਫ਼ਰਜ਼ੀ ਰਿਸ਼ਤੇਦਾਰ ਬਣ ਠੱਗੀ ਮਾਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ
ਬਰਨਾਲਾ ਦੇ ਪਿੰਡ ਲੋਹਗੜ੍ਹ ਦੇ ਕਿਸਾਨ ਨਾਲ ਹੋਈ ਸੀ 10,19,000 ਰੁਪਏ ਦੀ ਠੱਗੀ
ਫ਼ਿਰੋਜ਼ਪੁਰ ਨਾਲ ਸਬੰਧਤ ਹਨ ਚਾਰੇ ਮੁਲਜ਼ਮ, ਮਾਮਲੇ 'ਚ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ
ਬਰਨਾਲਾ ਪੁਲਿਸ ਨੇ ਲੋਕਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਸਾਵਧਾਨ ਰਹਿਣ ਦੀ ਕੀਤੀ ਅਪੀਲ
ਕਮਲਜੀਤ ਸਿੰਘ ਸੰਧੂ
ਬਰਨਾਲਾ, 3 ਫਰਵਰੀ 2026- ਇੱਕ ਪਾਸੇ ਜਿੱਥੇ ਵਿਦੇਸ਼ੀ ਨੰਬਰਾਂ ਤੋਂ ਖ਼ੁਦ ਨੂੰ ਰਿਸ਼ਤੇਦਾਰ ਦੱਸ ਕੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦਾ ਸਿਲਸਿਲਾ ਜਾਰੀ ਹੈ, ਉੱਥੇ ਹੀ ਬਰਨਾਲਾ ਸਾਈਬਰ ਕ੍ਰਾਈਮ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਨੇ ਅਜਿਹੇ ਹੀ ਇੱਕ ਅੰਤਰਰਾਸ਼ਟਰੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਦਬੋਚ ਲਿਆ।
ਡੀ.ਐਸ.ਪੀ. ਸਤਬੀਰ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਸਾਈਬਰ ਕ੍ਰਾਈਮ ਨੇ ਵਿਦੇਸ਼ਾਂ ਵਿੱਚ ਬੈਠੇ ਠੱਗਾਂ ਦੇ ਗਿਰੋਹ ਨਾਲ ਜੁੜੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਨਾਲਾ ਦੇ ਡੀ.ਐਸ.ਪੀ. ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਪਿੰਡ ਲੋਹਗੜ੍ਹ ਦੇ ਕਿਸਾਨ ਆਤਮਾ ਸਿੰਘ ਪੁੱਤਰ ਨਾਹਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਵਿਦੇਸ਼ੀ ਨੰਬਰਾਂ ਤੋਂ ਰਿਸ਼ਤੇਦਾਰ ਬਣ ਕੇ ਉਨ੍ਹਾਂ ਨਾਲ 10 ਲੱਖ 19 ਹਜ਼ਾਰ ਰੁਪਏ ਦੀ ਸਾਈਬਰ ਠੱਗੀ ਮਾਰੀ ਗਈ ਹੈ।
ਸਾਈਬਰ ਕ੍ਰਾਈਮ ਸ਼ਾਖਾ ਨੇ ਕਾਰਵਾਈ ਕਰਦਿਆਂ ਨੈੱਟਵਰਕ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੀਆਂ ਤਾਰਾਂ ਪਾਕਿਸਤਾਨ ਅਤੇ ਦੁਬਈ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਗਿਰੋਹ ਵਟਸਐਪ ਕਾਲ ਰਾਹੀਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ। ਪਾਕਿਸਤਾਨ ਅਤੇ ਦੁਬਈ ਵਿੱਚ ਬੈਠੇ ਇਨ੍ਹਾਂ ਦੇ ਸਾਥੀ ਵਿਦੇਸ਼ੀ ਰਿਸ਼ਤੇਦਾਰ ਬਣ ਕੇ ਗੱਲ ਕਰਦੇ ਸਨ ਅਤੇ ਵਿਦੇਸ਼ ਲੈ ਜਾਣ ਜਾਂ ਕਿਸੇ ਮੁਸੀਬਤ ਵਿੱਚ ਫਸੇ ਹੋਣ ਦਾ ਬਹਾਨਾ ਬਣਾ ਕੇ ਲੱਖਾਂ ਰੁਪਏ ਠੱਗ ਲੈਂਦੇ ਸਨ। ਪੈਸੇ ਖਾਤੇ ਵਿੱਚ ਜਮ੍ਹਾ ਹੋਣ ਤੋਂ ਬਾਅਦ ਇਹ ਮੁਲਜ਼ਮ ਮੋਬਾਈਲ ਫ਼ੋਨ ਬੰਦ ਕਰ ਦਿੰਦੇ ਸਨ। ਠੱਗੀ ਲਈ ਇਨ੍ਹਾਂ ਨੇ ਫ਼ਰਜ਼ੀ ਬੈਂਕ ਖਾਤੇ ਵੀ ਖੁਲਵਾਏ ਹੋਏ ਸਨ।
ਬਰਨਾਲਾ ਸਾਈਬਰ ਕ੍ਰਾਈਮ ਬ੍ਰਾਂਚ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਲਵਦੀਪ ਸਿੰਘ ਉਰਫ਼ ਲਵਲੀ ਪੁੱਤਰ ਬਲਵੀਰ ਸਿੰਘ (ਮਮਦੋਟ, ਫ਼ਿਰੋਜ਼ਪੁਰ), ਮਲਕੀਤ ਸਿੰਘ ਉਰਫ਼ ਕੀਤੂ ਪੁੱਤਰ ਬਲਵਿੰਦਰ ਸਿੰਘ (ਮਮਦੋਟ, ਫ਼ਿਰੋਜ਼ਪੁਰ), ਲਖਵਿੰਦਰ ਸਿੰਘ ਪੁੱਤਰ ਬਗੀਚਾ ਸਿੰਘ (ਮਮਦੋਟ, ਫ਼ਿਰੋਜ਼ਪੁਰ), ਸੁਖਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ (ਛਾਂਗਾ ਖੁਰਦ, ਫ਼ਿਰੋਜ਼ਪੁਰ) ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮਾਂ ਖ਼ਿਲਾਫ਼ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਬਰਨਾਲਾ ਵਿੱਚ BNS ਦੀ ਧਾਰਾ 318 (4) ਅਤੇ IT ਐਕਟ 2000 ਦੀ ਧਾਰਾ 66 (D) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ, ਜਿਸ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਡੀ.ਐਸ.ਪੀ. ਬੈਂਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਵਿਦੇਸ਼ੀ ਨੰਬਰਾਂ ਤੋਂ ਆਉਣ ਵਾਲੀਆਂ ਅਣਜਾਣ ਵਟਸਐਪ ਕਾਲਾਂ ਨੂੰ ਸਵੀਕਾਰ ਨਾ ਕਰੋ। ਬਿਨਾਂ ਪੁਸ਼ਟੀ ਕੀਤੇ ਕਿਸੇ ਦੇ ਵੀ ਖਾਤੇ ਵਿੱਚ ਪੈਸੇ ਜਮ੍ਹਾ ਨਾ ਕਰਵਾਓ ਤਾਂ ਜੋ ਤੁਹਾਡੀ ਮਿਹਨਤ ਦੀ ਕਮਾਈ ਸਾਈਬਰ ਠੱਗਾਂ ਤੋਂ ਸੁਰੱਖਿਅਤ ਰਹਿ ਸਕੇ।