ਮਜੀਠੀਆ ਨੇ ਲਾਏ ਗੰਭੀਰ ਇਲਜ਼ਾਮ! ਛੁੱਟੀ ਵਾਲੇ ਜੇਲ੍ਹ 'ਚ ਦਿਨ ਕੌਣ ਆਏ ਸਨ? ਮਜੀਠੀਆ ਨੇ AGPC ਜੇਲ੍ਹ ਨੂੰ ਦੇ 'ਤਾ ਅਲਟੀਮੇਟਮ
ਮਜੀਠੀਆ ਨੇ ਪਿਤਾ ਦੇ ਲਾਏ ਪੈਰੀਂ ਹੱਥ ਅਤੇ ਬੱਚਿਆਂ ਨੂੰ ਮਿਲ ਕੇ ਹੋਏ ਭਾਵੁਕ
Ravi Jakhu
ਚੰਡੀਗੜ੍ਹ, 3 ਫਰਵਰੀ 2026- ਨਾਭਾ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਦੇਰ ਸ਼ਾਮ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਪਹੁੰਚੇ। ਘਰ ਪਹੁੰਚਣ 'ਤੇ ਮਜੀਠੀਆ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਦੇ ਪੈਰੀਂ ਹੱਥ ਲਗਾ ਕੇ ਅਸ਼ੀਰਵਾਦ ਲਿਆ। ਇਸ ਭਾਵੁਕ ਮੌਕੇ 'ਤੇ ਉਨ੍ਹਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਅਤੇ ਉਨ੍ਹਾਂ ਦੇ ਦੋਵੇਂ ਪੁੱਤਰ ਵੀ ਮੌਜੂਦ ਸਨ।
ਘਰ ਪਹੁੰਚਦਿਆਂ ਹੀ ਮਜੀਠੀਆ ਮੁੜ ਹਮਲਾਵਰ ਰੌਂਅ ਵਿੱਚ ਨਜ਼ਰ ਆਏ ਅਤੇ ਪੰਜਾਬ ਸਰਕਾਰ ਸਮੇਤ ਮੁੱਖ ਮੰਤਰੀ ਭਗਵੰਤ ਮਾਨ 'ਤੇ ਗੰਭੀਰ ਇਲਜ਼ਾਮ ਲਗਾਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਵੱਡਾ ਦੋਸ਼ ਲਾਉਂਦੇ ਹੋਏ ਕਿਹਾ ਕਿ ਛੁੱਟੀ ਵਾਲੇ ਦਿਨ ਕੁੱਝ ਬੰਦੇ ਜੇਲ੍ਹ ਦੇ ਅੰਦਰ ਆਏ ਸਨ, ਜਿਨ੍ਹਾਂ ਬਾਰੇ ਉਸਨੂੰ ਤਾਂ ਪਤਾ ਹੈ, ਪਰ ਮੈਂ ਚਾਹੁੰਦਾ ਹਾਂ ਕਿ ਏਡੀਜੀਪੀ ਜੇਲ੍ਹ ਇਸ ਬਾਰੇ ਪਛਾਣ ਜਨਤਕ ਕਰ ਦੇਣ, ਨਹੀਂ ਤਾਂ ਅਗਲੇ ਦਿਨਾਂ ਵਿੱਚ ਮੈਂ ਦੱਸਾਂਗਾ ਕਿ ਉਹ ਕੌਣ ਸਨ?
ਮਜੀਠੀਆ ਨੇ ਬੇਹੱਦ ਸਨਸਨੀਖੇਜ਼ ਬਿਆਨ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ, "ਸਰਕਾਰ ਨੇ ਮੇਰੀ ਸੁਰੱਖਿਆ ਵਾਪਸ ਲੈ ਲਈ ਹੈ, ਮੈਨੂੰ ਵੀ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਵਾਂਗ ਮਾਰਿਆ ਜਾ ਸਕਦਾ ਹੈ।" ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਦਲੇਰ ਹਨ ਅਤੇ ਉਹ ਜਾਣਦੇ ਹਨ ਕਿ ਸੱਚ ਦੇ ਨਾਲ ਕਿਵੇਂ ਖੜ੍ਹਨਾ ਹੈ। ਉਨ੍ਹਾਂ ਕਿਹਾ ਕਿ ਝੂਠੇ ਕੇਸਾਂ ਨਾਲ ਉਨ੍ਹਾਂ ਨੂੰ ਦਬਾਇਆ ਨਹੀਂ ਜਾ ਸਕਦਾ।
ਸਿਆਸੀ ਹਲਕਿਆਂ ਵਿੱਚ ਹਲਚਲ ਪੈਦਾ ਕਰਦਿਆਂ ਮਜੀਠੀਆ ਨੇ ਇਸ਼ਾਰਾ ਕੀਤਾ ਕਿ ਪੰਜਾਬ ਦੀ ਸਿਆਸਤ ਵਿੱਚ ਬਹੁਤ ਜਲਦ ਕੁਝ ਵੱਡਾ ਅਤੇ ਨਵਾਂ ਹੋਣ ਵਾਲਾ ਹੈ। ਉਨ੍ਹਾਂ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ, ਪਰ ਅਦਾਲਤ ਵਿੱਚ ਸੱਚ ਦੀ ਜਿੱਤ ਹੋਈ ਹੈ।
ਮਜੀਠੀਆ ਦੀ ਰਿਹਾਈ ਤੋਂ ਤੁਰੰਤ ਬਾਅਦ ਦਿੱਤੇ ਗਏ ਇਨ੍ਹਾਂ ਤਿੱਖੇ ਬਿਆਨਾਂ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇੱਕ ਪਾਸੇ ਜਿੱਥੇ ਅਕਾਲੀ ਦਲ ਇਸ ਨੂੰ 'ਸੱਚ ਦੀ ਜਿੱਤ' ਦੱਸ ਰਿਹਾ ਹੈ, ਉੱਥੇ ਹੀ 'ਆਪ' ਆਗੂਆਂ ਨੇ ਮਜੀਠੀਆ ਦੇ ਜਸ਼ਨਾਂ ਨੂੰ 'ਆਮ ਕਾਨੂੰਨੀ ਪ੍ਰਕਿਰਿਆ' ਕਰਾਰ ਦਿੱਤਾ ਹੈ।
