ਗੁਰਦਾਸਪੁਰ: ਬਜ਼ੁਰਗ ਦੀ ਬਹਾਦਰੀ ਨੇ ਬਚਾਈ ਜੰਗਲੀ ਸਾਂਬਰ ਦੀ ਜਾਨ; ਸ਼ਿਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੌਜਵਾਨ ਹੋਏ ਫ਼ਰਾਰ
ਰੋਹਿਤ ਗੁਪਤਾ
ਗੁਰਦਾਸਪੁਰ, 3 ਫਰਵਰੀ 2026- ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਹੇਮਰਾਜਪੁਰ ਵਿੱਚ ਇੱਕ ਜੰਗਲੀ ਜੀਵ ਸਾਂਬਰ ਭਟਕ ਕੇ ਆ ਗਿਆ, ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਸੁਰੱਖਿਅਤ ਬਚਾ ਲਿਆ ਗਿਆ। ਇਸ ਦੌਰਾਨ ਇੱਕ ਬਜ਼ੁਰਗ ਦੀ ਸੂਝ-ਬੂਝ ਸਦਕਾ ਸਾਂਬਰ ਦਾ ਸ਼ਿਕਾਰ ਹੋਣੋਂ ਬਚ ਗਿਆ।
ਜਦੋਂ ਸਾਂਬਰ ਪਿੰਡ ਵਿੱਚ ਦਾਖਲ ਹੋਇਆ ਤਾਂ ਦੋ ਨੌਜਵਾਨਾਂ ਨੇ ਉਸ ਨੂੰ ਫੜ ਕੇ ਬੰਨ੍ਹਣ ਅਤੇ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ। ਪਿੰਡ ਦੇ ਇੱਕ ਬਜ਼ੁਰਗ ਨੇ ਨੌਜਵਾਨਾਂ ਦਾ ਵਿਰੋਧ ਕੀਤਾ ਅਤੇ ਰੌਲਾ ਪਾ ਦਿੱਤਾ। ਲੋਕਾਂ ਦੇ ਇਕੱਠੇ ਹੋਣ ਦੇ ਡਰੋਂ ਸ਼ਿਕਾਰੀ ਨੌਜਵਾਨ ਸਾਂਬਰ ਨੂੰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪਿੰਡ ਦੇ ਸਰਪੰਚ ਰਮਨਬੀਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਸਾਂਬਰ ਨੂੰ ਕਾਬੂ ਕੀਤਾ ਅਤੇ ਤੁਰੰਤ ਵਣ ਵਿਭਾਗ ਨੂੰ ਸੂਚਿਤ ਕੀਤਾ।
ਵਣ ਵਿਭਾਗ ਦੀ ਕਾਰਵਾਈ
ਸੂਚਨਾ ਮਿਲਦੇ ਹੀ ਵਣ ਵਿਭਾਗ ਦੇ ਅਧਿਕਾਰੀ ਧੀਰਾ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਾਂਬਰ ਦਾ ਸਫਲ ਰੈਸਕਿਊ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸਾਂਬਰ ਨੂੰ ਸੁਰੱਖਿਅਤ ਕਥਲੌਰ ਦੇ ਜੰਗਲਾਂ ਵਿੱਚ ਛੱਡ ਦਿੱਤਾ ਜਾਵੇਗਾ। ਭਾਰੀ ਧੁੰਦ ਕਾਰਨ ਅਕਸਰ ਜੰਗਲੀ ਜੀਵ ਰਸਤਾ ਭਟਕ ਕੇ ਰਿਹਾਇਸ਼ੀ ਇਲਾਕਿਆਂ ਵੱਲ ਆ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਪਿੰਡ ਬਥਵਾਲਾ ਅਤੇ ਗੁਰਦਾਸਪੁਰ ਸ਼ਹਿਰ ਵਿੱਚ ਵੀ ਸਾਂਬਰ ਦੇਖੇ ਗਏ ਸਨ, ਜਿਨ੍ਹਾਂ ਨੂੰ ਵਿਭਾਗ ਵੱਲੋਂ ਸੁਰੱਖਿਅਤ ਜੰਗਲਾਂ ਵਿੱਚ ਪਹੁੰਚਾਇਆ ਗਿਆ ਹੈ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਬੇਜ਼ੁਬਾਨ ਜੀਵਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ।