SSP ਡਾ. ਦਰਪਣ ਆਹਲੂਵਾਲੀਆ ਵੱਲੋਂ ਕੀਤੀ ਜਾ ਰਹੀ ਮੀਟਿੰਗ ਦਾ ਦ੍ਰਿਸ਼
ਦੀਦਾਰ ਗੁਰਨਾ
ਖੰਨਾ 25 ਜਨਵਰੀ 2026 : ਖੰਨਾ ਵਿੱਚ ਸਾਈਬਰ ਅਪਰਾਧਾਂ ’ਤੇ ਲਗਾਮ ਕੱਸਣ ਲਈ ਪੁਲਿਸ ਵੱਲੋਂ ਕਮਰ ਕੱਸ ਲਈ ਗਈ ਹੈ , ਇਸ ਸਬੰਧ ਵਿੱਚ ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਐਸ.ਪੀ (ਡੀ) ਪਵਨਜੀਤ ਚੌਧਰੀ ਅਤੇ ਡੀ.ਐਸ.ਪੀ (ਡੀ) ਮੋਹਿਤ ਸਿੰਗਲਾ ਦੇ ਨਾਲ ਪੁਲਿਸ ਸਟੇਸ਼ਨ ਸਾਈਬਰ ਕ੍ਰਾਈਮ ਟੀਮ ਨਾਲ ਇੱਕ ਮਹੱਤਵਪੂਰਨ ਅਪਰਾਧ ਮੀਟਿੰਗ ਦੀ ਪ੍ਰਧਾਨਗੀ ਕੀਤੀ , ਇਹ ਮੀਟਿੰਗ ਸਾਈਬਰ ਅਪਰਾਧਾਂ ਦੀ ਵਧ ਰਹੀ ਸੰਖਿਆ ਨੂੰ ਦੇਖਦੇ ਹੋਏ ਕੀਤੀ ਗਈ, ਤਾਂ ਜੋ ਲੋਕਾਂ ਨੂੰ ਠੱਗੀ ਤੋਂ ਬਚਾਇਆ ਜਾ ਸਕੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ ਜਾ ਸਕੇ
ਮੀਟਿੰਗ ਵਿੱਚ ਐਸ.ਐਚ.ਓ ਸਾਈਬਰ ਕ੍ਰਾਈਮ, ਆਈ.ਟੀ ਅਧਿਕਾਰੀ, ਵਿੱਤੀ ਅਧਿਕਾਰੀ ਅਤੇ ਸਬੰਧਤ ਜਾਂਚ ਅਧਿਕਾਰੀ (ਆਈ.ਓ) ਵੀ ਸ਼ਾਮਲ ਹੋਏ। ਇਸ ਦੌਰਾਨ ਜ਼ਿਲ੍ਹੇ ਵਿੱਚ ਚੱਲ ਰਹੇ ਸਾਈਬਰ ਅਪਰਾਧ ਮਾਮਲਿਆਂ ਦੀ ਵਿਸਤ੍ਰਿਤ ਸਮੀਖਿਆ ਕੀਤੀ ਗਈ। ਖ਼ਾਸ ਤੌਰ ’ਤੇ ਆਨਲਾਈਨ ਠੱਗੀ, ਫਰਾਡ ਕਾਲਾਂ, ਫਰਜ਼ੀ ਲਿੰਕ, ਬੈਂਕਿੰਗ ਅਤੇ ਡਿਜੀਟਲ ਭੁਗਤਾਨ ਨਾਲ ਜੁੜੇ ਅਪਰਾਧਾਂ ’ਤੇ ਚਰਚਾ ਹੋਈ , ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਲੰਬਿਤ ਕੇਸਾਂ ਦੀ ਜਾਂਚ ਤੇਜ਼ੀ ਨਾਲ ਪੂਰੀ ਕੀਤੀ ਜਾਵੇ ਅਤੇ ਪੀੜਤਾਂ ਨੂੰ ਜਲਦੀ ਇਨਸਾਫ਼ ਦਿਵਾਇਆ ਜਾਵੇ , ਉਨ੍ਹਾਂ ਕਿਹਾ ਕਿ ਸਾਈਬਰ ਅਪਰਾਧ ਆਮ ਲੋਕਾਂ ਦੀ ਜੇਬ ’ਤੇ ਸਿੱਧਾ ਅਸਰ ਪਾਂਦੇ ਹਨ, ਇਸ ਲਈ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਸਭ ਤੋਂ ਵੱਧ ਤਰਜੀਹ ਦੇਣੀ ਲਾਜ਼ਮੀ ਹੈ। ਉਨ੍ਹਾਂ ਜਾਂਚ ਅਧਿਕਾਰੀਆਂ ਨੂੰ ਆਧੁਨਿਕ ਤਕਨੀਕ ਅਤੇ ਆਈ.ਟੀ ਸਾਧਨਾਂ ਦੀ ਵਰਤੋਂ ਕਰਕੇ ਦੋਸ਼ੀਆਂ ਤੱਕ ਪਹੁੰਚ ਬਣਾਉਣ ਲਈ ਕਿਹਾ
ਮੀਟਿੰਗ ਦੌਰਾਨ ਕੇਸ-ਨਿਪਟਾਰਾ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਨ ਲਈ ਵੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਵਿੱਤੀ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਗਿਆ ਕਿ ਠੱਗੀ ਨਾਲ ਜੁੜੀ ਰਕਮ ਦੀ ਟ੍ਰੈਕਿੰਗ ਤੇਜ਼ ਕੀਤੀ ਜਾਵੇ, ਤਾਂ ਜੋ ਪੀੜਤਾਂ ਦਾ ਪੈਸਾ ਵਾਪਸ ਕਰਵਾਇਆ ਜਾ ਸਕੇ। ਨਾਲ ਹੀ, ਬੈਂਕਾਂ ਅਤੇ ਹੋਰ ਸੰਬੰਧਤ ਏਜੰਸੀਆਂ ਨਾਲ ਬਿਹਤਰ ਤਾਲਮੇਲ ਬਣਾਉਣ ’ਤੇ ਜ਼ੋਰ ਦਿੱਤਾ ਗਿਆ , ਐਸ.ਐਸ.ਪੀ ਨੇ ਕਿਹਾ ਕਿ ਸਾਈਬਰ ਅਪਰਾਧਾਂ ਦੀ ਰੋਕਥਾਮ ਲਈ ਜਨਤਾ ਦੀ ਜਾਗਰੂਕਤਾ ਬਹੁਤ ਜ਼ਰੂਰੀ ਹੈ। ਇਸ ਲਈ ਲੋਕਾਂ ਨੂੰ ਆਨਲਾਈਨ ਸੁਰੱਖਿਆ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਣਜਾਣ ਲਿੰਕ, ਕਾਲ ਜਾਂ ਮੈਸੇਜ ’ਤੇ ਭਰੋਸਾ ਨਾ ਕਰਨ ਅਤੇ ਸ਼ੱਕੀ ਗਤੀਵਿਧੀ ਦੀ ਤੁਰੰਤ ਸਾਈਬਰ ਕ੍ਰਾਈਮ ਸੈੱਲ ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਜਾਣਕਾਰੀ ਦੇਣ
ਮੀਟਿੰਗ ਦੇ ਅੰਤ ਵਿੱਚ ਪੁਲਿਸ ਅਧਿਕਾਰੀਆਂ ਨੇ ਇਹ ਭਰੋਸਾ ਦਿਵਾਇਆ ਕਿ ਖੰਨਾ ਪੁਲਿਸ ਸਾਈਬਰ ਅਪਰਾਧਾਂ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕਰਦੀ ਰਹੇਗੀ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਹਰ ਹਾਲਤ ਵਿੱਚ ਯਕੀਨੀ ਬਣਾਇਆ ਜਾਵੇਗਾ