ਲਿੰਗ ਅਨੁਪਾਤ ਲਈ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ, 19 ਜਨਵਰੀ 2026: ਬਠਿੰਡਾ ਜ਼ਿਲ੍ਹੇ ਵਿੱਚ ਲਿੰਗ ਅਨੁਪਾਤ ਵਿਚ ਸਮਾਨਤਾ ਲਿਆਉਣ ਅਤੇ ਬੇਟੀ ਬਚਾਓ–ਬੇਟੀ ਪੜ੍ਹਾਓ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ‘ਤੇ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਬਠਿੰਡਾ ਸ਼ਹਿਰ ਦੀਆਂ ਚਾਰ ਆਸ਼ਾ ਵਰਕਰਾਂ ਨੂੰ ਸਿਵਲ ਸਰਜਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਨੇ ਆਸ਼ਾ ਵਰਕਰਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ।
ਸਿਵਲ ਸਰਜਨ ਨੇ ਕਿਹਾ ਕਿ ਆਸ਼ਾ ਵਰਕਰ ਸਿਹਤ ਵਿਭਾਗ ਦੀ ਮਜ਼ਬੂਤ ਕੜੀ ਹਨ ਜੋ ਪਿੰਡ ਪੱਧਰ ‘ਤੇ ਲੋਕਾਂ ਤੱਕ ਸਰਕਾਰੀ ਸਕੀਮਾਂ ਅਤੇ ਜਾਗਰੂਕਤਾ ਸੰਦੇਸ਼ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਰਭਵਤੀ ਮਹਿਲਾਵਾਂ ਦੀ ਸਮੇਂ ਸਿਰ ਰਜਿਸਟ੍ਰੇਸ਼ਨ, ਪੂਰਵ-ਜਨਮ ਜਾਂਚਾਂ ਅਤੇ ਲਿੰਗ ਚੋਣ ਵਿਰੋਧੀ ਕਾਨੂੰਨਾਂ ਬਾਰੇ ਜਾਗਰੂਕਤਾ ਫੈਲਾਉਣ ਨਾਲ ਲਿੰਗ ਅਨੁਪਾਤ ਸੁਧਾਰ ਵਿੱਚ ਸਪੱਸ਼ਟ ਨਤੀਜੇ ਸਾਹਮਣੇ ਆ ਰਹੇ ਹਨ।
ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਆਸ਼ਾ ਵਰਕਰਾਂ ਵੱਲੋਂ ਘਰ-ਘਰ ਸੰਪਰਕ ਕਰਕੇ ਮਹਿਲਾਵਾਂ ਅਤੇ ਪਰਿਵਾਰਾਂ ਨੂੰ ਲੜਕੀਆਂ ਦੀ ਮਹੱਤਤਾ ਬਾਰੇ ਸਮਝਾਇਆ ਜਾ ਰਿਹਾ ਹੈ, ਜਿਸ ਨਾਲ ਸਮਾਜ ਵਿੱਚ ਸਕਾਰਾਤਮਕ ਬਦਲਾਅ ਆ ਰਿਹਾ ਹੈ। ਅੰਤ ਵਿੱਚ ਸਿਵਲ ਸਰਜਨ ਨੇ ਉਮੀਦ ਜਤਾਈ ਕਿ ਆਸ਼ਾ ਵਰਕਰ ਇਸੇ ਤਰ੍ਹਾਂ ਸਮਰਪਿਤ ਭਾਵ ਨਾਲ ਕੰਮ ਕਰਦੀਆਂ ਰਹਿਣਗੀਆਂ ਅਤੇ ਸਿਹਤ ਵਿਭਾਗ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੰਦਾ ਰਹੇਗਾ। ਇਸ ਮੌਕੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ ਐਲ.ਐਚ.ਵੀ ਗੁਰਜਿੰਦਰ ਕੌਰ ਅਤੇ ਏ.ਐਨ.ਐਮ ਗੁਰਪ੍ਰੀਤ ਕੌਰ ਹਾਜਰ ਸਨ ।