ਚੰਡੀਗੜ੍ਹ ਯੂਨੀਵਰਸਿਟੀ ਵਿਖੇ 2 ਰੋਜ਼ਾ 11ਵੇਂ ਇੰਡੀਆ ਇੰਟਰਨੈਸ਼ਨਲ ਡਾਂਸ ਐਂਡ ਮਿਊਜ਼ਿਕ ਫ਼ੈਸਟੀਵਲ-2026 ਦਾ ਹੋਇਆ ਸ਼ਾਨਦਾਰ ਆਗ਼ਾਜ਼
ਵੱਖ-ਵੱਖ ਮੁਲਕਾਂ ਦੇ ਸੱਭਿਆਚਾਰਾਂ ਦੀ ਦੇਖਣ ਨੂੰ ਮਿਲੀ ਝਲਕ
ਕੌਮਾਂਤਰੀ ਪੱਧਰ ਦੇ ਸੱਭਿਆਚਾਰਕ ਸਮਾਰੋਹ ਕਰਾਉਣ ਨਾਲ ਭਾਰਤ ਦੀ ਵਿਦੇਸ਼ੀ ਮੁਲਕਾਂ ਦੇ ਨਾਲ ਵਧੇਗੀ ਫ਼ਿਰਕੂ ਸਦਭਾਵਨਾ ਤੇ ਭਾਈਚਾਰਕ ਸਾਂਝ : ਡਾ. ਅਰਵਿੰਦ ਕੁਮਾਰ ਸ਼ਰਮਾ, ਹਰਿਆਣਾ ਦੇ ਸੈਰ-ਸਪਾਟਾ ਮੰਤਰੀ
ਕਲਾ ਇੱਕ ਅਜਿਹੀ ਜ਼ੁਬਾਨ ਹੈ ਜਿਸ ਨੂੰ ਪੂਰੀ ਦੁਨੀਆ ਸਮਝਦੀ ਹੈ, ਕਲਾ ਦੀ ਨਾ ਕੋਈ ਹੱਦ ਤੇ ਨਾ ਕੋਈ ਮਜ਼ਹਬ : ਸਤਨਾਮ ਸਿੰਘ ਸੰਧੂ, ਮੈਂਬਰ ਪਾਰਲੀਮੈਂਟ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਆਈਸੀਸੀਆਰ ਦੇ ਸਹਿਯੋਗ ਨਾਲ ਕਰਵਾਏ ਗਏ ਇੰਟਰਨੈਸ਼ਨਲ ਡਾਂਸ ਐਂਡ ਮਿਊਜ਼ਿਕ ਫ਼ੈਸਟੀਵਲ-2026 ਦੌਰਾਨ 33 ਮੁਲਕਾਂ ਦੇ 350 ਤੋਂ ਜ਼ਿਆਦਾ ਕਲਾਕਾਰਾਂ ਨੇ ਸੱਭਿਆਚਾਰਕ ਨ੍ਰਿਤ ਅਤੇ ਕਲਾ ਦੀਆਂ ਕੀਤੀਆਂ ਪੇਸ਼ਕਾਰੀਆਂ
ਮੋਹਾਲੀ/ਚੰਡੀਗੜ੍ਹ, 19 ਜਨਵਰੀ 2026: ਚੰਡੀਗੜ੍ਹ ਯੂਨੀਵਰਸਿਟੀ ਵਿਖੇ ਦੋ ਰੋਜ਼ਾ 11ਵੇਂ ਇੰਡੀਆ ਇੰਟਰਨੈਸ਼ਨਲ ਡਾਂਸ ਐਂਡ ਮਿਊਜ਼ਿਕ ਫ਼ੈਸਟੀਵਲ 2026 ਦਾ ਸ਼ਾਨਦਾਰ ਆਗ਼ਾਜ਼ ਹੋ ਗਿਆ ਹੈ। ਇਹ 2 ਰੋਜ਼ਾ ਪ੍ਰੋਗਰਾਮ ਇੰਡੀਅਨ ਕੌਂਸਲ ਫ਼ਾਰ ਕਲਚਰਲ ਰਿਲੇਸ਼ਨਜ਼ (ਆਈਸੀਸੀਆਰ) ਦੇ ਸਹਿਯੋਗ ਨਾਲ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ "ਇੱਕ ਦੁਨੀਆ ਅਨੇਕ ਸੱਭਿਆਚਾਰ" ਥੀਮ ਦੇ ਹੇਠ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 33 ਮੁਲਕਾਂ ਦੇ 350 ਤੋਂ ਜ਼ਿਆਦਾ ਕਲਾਕਾਰ ਹਿੱਸਾ ਲੈ ਰਹੇ ਹਨ। ਇਹ ਸਾਰੇ ਕਲਾਕਾਰ ਆਪਣੇ ਦੇਸ਼ਾਂ ਦੇ ਡਾਂਸ, ਮਿਊਜ਼ਿਕ ਅਤੇ ਕਲਾ ਦੀਆਂ ਪੇਸ਼ਕਾਰੀਆਂ ਦੇ ਰਹੇ ਹਨ। ਇਹ ਪ੍ਰੋਗਰਾਮ ਵਿਸ਼ਵ ਏਕਤਾ ਅਤੇ ਸੱਭਿਆਚਾਰਕ ਵਿੰਭੀਨਤਾ ਦਾ ਸੰਦੇਸ਼ ਦੇ ਰਿਹਾ ਹੈ।
ਇਸ ਮੌਕੇ ਹਾਜ਼ਰੀਨਾਂ ਵਿੱਚ ਹਰਿਆਣਾ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਅਰਵਿੰਦ ਕੁਮਾਰ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਸਨ। ਇਸ ਦੇ ਨਾਲ ਹੀ ਇੰਡੀਅਨ ਕੌਂਸਲ ਫ਼ਾਰ ਕਲਚਰਲ ਰਿਲੇਸ਼ਨਜ਼ (ICCR) ਦੇ ਡਾਇਰੈਕਟਰ ਜਨਰਲ ਕੇ ਨੰਦਿਨੀ ਸਿੰਗਲਾ ਅਤੇ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਖੇ ਹੋਏ ਇਸ ਸਮਾਰੋਹ ਦੌਰਾਨ ਵੱਖ-ਵੱਖ ਮੁਲਕਾਂ ਦੇ ਕਲਾਕਾਰਾਂ ਨੇ ਆਪੋ-ਆਪਣੇ ਦੇਸ਼ਾਂ ਦੇ ਸੱਭਿਆਚਾਰ ਦੇ ਰੰਗ ਬਿਖੇਰ ਕੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ। ਇਸ ਕੌਮਾਂਤਰੀ ਪੱਧਰ ਦੇ ਪ੍ਰੋਗਰਾਮ ਵਿੱਚ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰਾਂ ਦਾ ਆਦਾਨ ਪ੍ਰਦਾਨ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆ ਭਰ ਦੇ ਬਿਹਤਰੀਨ ਕਲਾਕਾਰ ਇੱਕੋ ਮੰਚ 'ਤੇ ਵੱਖ-ਵੱਖ ਦੇਸ਼ਾਂ ਨੂੰ ਪ੍ਰਸਤੁਤ ਕਰ ਰਹੇ ਹਨ।
ਦੱਸ ਦਈਏ ਕਿ ਫ਼ੈਸਟੀਵਲ ਦੇ ਪਹਿਲੇ ਦਿਨ ਦਾ ਆਗ਼ਾਜ਼ ਪੰਜਾਬ ਦੇ ਰਵਾਇਤੀ ਅਤੇ ਲੋਕ ਨਾਚ ਲੁੱਡੀ ਨਾਲ ਹੋਇਆ, ਜਿਸ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪੇਸ਼ਕਾਰੀਆਂ ਦਿੱਤੀਆਂ। ਦੂਜੀ ਪੇਸ਼ਕਾਰੀ ਵਿੱਚ 80 ਮੈਂਬਰੀ ਲਕਸ਼ਮੀਨਾਰਾਇਣ ਗਲੋਬਲ ਮਿਊਜ਼ਿਕ ਫ਼ੈਸਟੀਵਲ ਗਰੁੱਪ, ਜਿਸ ਨੂੰ ਡਾ. ਐਲ ਸੁਬਰਾਮਨੀਅਮ ਅਤੇ ਕਵੀਤਾ ਕ੍ਰਿਸ਼ਨਾਮੂਰਤੀ ਸੁਬਰਾਮਨੀਅਨ ਨੇ ਪੇਸ਼ ਕੀਤਾ, ਜਿਸ ਵਿੱਚ ਅਸਤਾਨਾ ਫ਼ਿਲਹਾਰਮੋਨਿਕ ਸਿੰਫਨੀ ਆਰਕੈਸਟ੍ਰਾ ਅਕਟੋਬੇ ਰੀਜਨਲ ਫ਼ਿਲਹਾਰਮੋਨਿਕ ਦਾ ਚੈਂਬਰ ਕੁਆਇਰ ਅਤੇ ਕਜ਼ਾਖ਼ਸਤਾਨ ਦਾ ਡਾਂਸ ਅਸੈਂਬਲ 'ਗੱਕੂ' ਸ਼ਾਮਲ ਸੀ। ਗੱਕੂ ਗਰੁੱਪ ਆਪਣੀ ਤੇਜ਼ ਰਫ਼ਤਾਰ ਅਤੇ ਰਵਾਇਤੀ ਬੈਲੇ ਸ਼ੈਲੀ ਲਈ ਜਾਣਿਆ ਜਾਂਦਾ ਹੈ, ਉਨ੍ਹਾਂ ਦੀਆਂ ਪੇਸ਼ਕਾਰੀਆਂ ਵਿੱਚ ਕਜ਼ਾਖ਼ਸਤਾਨ ਦੇ ਇਤਿਹਾਸ ਅਤੇ ਉੱਥੇ ਦੇ ਘੁੜਸਵਾਰਾਂ ਦੀ ਬਹਾਦਰੀ ਅਤੇ ਖੁੱਲ੍ਹੇ ਮੈਦਾਨਾਂ ਦੀ ਝਲਕ ਦੇਖਣ ਨੂੰ ਮਿਲੀ। ਤੀਜੀ ਪੇਸ਼ਕਾਰੀ ਵਿੱਚ ਓਸ਼ ਰੀਜਨਲ ਫ਼ਿਲਹਾਰਮੋਨਿਕ ਦੇ ਤਹਿਤ ਕਿਰਗੀਸਤਾਨ ਦੇ ਲੋਕ ਕਥਾ ਦਲ ਆਲਮ ਅਤੇ ਨ੍ਰਿਤ ਸਮੂਹ ਅਦੇਮੀ ਨੇ ਆਪਣੀ ਊਰਜਾਵਾਨ ਅਤੇ ਰਵਾਇਤੀ ਨ੍ਰਿਤ ਸ਼ੈਲੀਆਂ ਰਾਹੀਂ ਕਿਰਗੀ ਸੱਭਿਆਚਾਰ ਨੂੰ ਖ਼ੂਬਸੂਰਤੀ ਨਾਲ ਪੇਸ਼ ਕੀਤਾ। ਤੀਜੀ ਪੇਸ਼ਕਾਰੀ ਵਿੱਚ ਮਲੇਸ਼ੀਆ ਦੀ ਸੂਤਰ ਫ਼ਾਊਂਡੇਸ਼ਨ ਦੀ 17 ਮੈਂਬਰੀ ਟੀਮ, 'ਰਾਧੇ-ਰਾਧੇ ਦ ਸਵੀਟ ਸਰੇਂਡਰ' 'ਤੇ ਪੇਸ਼ਕਾਰੀ ਕੀਤੀ।
ਇਸ ਮੌਕੇ ਹਰਿਆਣਾ ਸਰਕਾਰ ਦੇ ਹੈਰੀਟੇਜ ਐਂਡ ਟੂਰਿਜ਼ਮ ਮੰਤਰੀ ਅਰਵਿੰਦ ਕੁਮਾਰ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਸਮਾਰੋਹ ਬਹੁਤ ਜ਼ਰੂਰੀ ਹਨ। ਕਿਉਂਕਿ ਇਸ ਦੇ ਨਾਲ ਅਸੀਂ ਦੂਜੇ ਦੇਸ਼ਾਂ ਦੇ ਨਾਲ ਆਪਣੇ ਸੱਭਿਆਚਾਰ ਦਾ ਆਦਾਨ ਪ੍ਰਦਾਨ ਕਰਦੇ ਹਾਂ। ਇਹ ਬੱਚਿਆਂ ਦੇ ਬੌਧਿਕ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਕਿਉਂਕਿ ਅਜਿਹੇ ਪ੍ਰੋਗਰਾਮਾਂ ਦੇ ਜ਼ਰੀਏ ਬੱਚੇ ਇੱਕ ਦੂਜੇ ਦੇ ਸੱਭਿਆਚਾਰਾਂ ਦੇ ਨਾਲ ਜੁੜਦੇ ਹਨ ਅਤੇ ਉਨ੍ਹਾਂ ਦੇ ਰੀਤਿ ਰਿਵਾਜ਼ਾਂ ਦੇ ਬਾਰੇ ਜਾਣਦੇ ਹਨ। ਇਸ ਦੇ ਨਾਲ ਭਾਰਤ ਦੀ ਪੂਰੀ ਦੁਨੀਆ ਦੇ ਨਾਲ ਫ਼ਿਰਕੂ ਸਦਭਾਵਨਾ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ, ਇਹੀ ਚੀਜ਼ ਸਾਨੂੰ ਗਲੋਬਲ ਨਾਗਰਿਕ ਬਣਾਉਂਦੀ ਹੈ।
ਕੈਬਨਿਟ ਮੰਤਰੀ ਅਰਵਿੰਦ ਕੁਮਾਰ ਸ਼ਰਮਾ ਨੇ ਅੱਗੇ ਕਿਹਾ ਕਿ "11ਵੇਂ ਇੰਡੀਆ ਇੰਟਰਨੈਸ਼ਨਲ ਡਾਂਸ ਮਿਊਜ਼ਿਕ ਫ਼ੈਸਟੀਵਲ ਫ਼ੋਕ ਕਲਾਕ 4.0' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ "ਵਾਸੂਦੇਵ ਕੁਟੁੰਬਕਮ" ਦੇ ਨਾਅਰੇ 'ਤੇ ਬਿਲਕੁਲ ਸਟੀਕ ਬੈਠਦਾ ਹੈ, ਜਿਸ ਦਾ ਅਰਥ ਹੈ ਕਿ 'ਪੂਰੀ ਦੁਨੀਆ ਇੱਕ ਪਰਿਵਾਰ ਹੈ।"
ਇਸ ਮੌਕੇ ਮੈਂਬਰ ਪਾਰਲੀਮੈਂਟ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਭਾਰਤ ਅੱਜ ਵਿਦੇਸ਼ੀ ਸੈਲਾਨੀਆਂ ਲਈ ਇੱਕ ਗਲੋਬਲ ਹੱਬ ਬਣ ਕੇ ਉੱਭਰਿਆ ਹੈ। ਸਾਲ 2014 ਤੋਂ ਬਾਅਦ ਸਾਡੇ ਦੇਸ਼ ਵਿੱਚ ਸੈਲਾਨੀਆਂ ਦੀ ਆਮਦ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ। ਇਹੀ ਨਹੀਂ ਵਿਦੇਸ਼ੀ ਵਿਦਿਆਰਥੀ ਭਾਰਤ ਨੂੰ ਇੱਕ ਬਿਹਤਰੀਨ ਸਿੱਖਿਆ ਕੇਂਦਰ ਵਜੋਂ ਦੇਖਦੇ ਹਨ। ਇਸ ਦਾ ਸਬੂਤ ਹੈ ਕਿ ਮੌਜੂਦਾ ਸਮੇਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਵਿੱਚ 3000 ਵਿਦੇਸ਼ੀ ਵਿਦਿਆਰਥੀ ਪੜ੍ਹ ਰਹੇ ਹਨ। ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਤੋਂ ਇਸ ਗੱਲ 'ਤੇ ਯਕੀਨ ਕਰਦੀ ਆਈ ਹੈ ਕਿ ਭਾਰਤ ਨੂੰ ਵਿਸ਼ਵ ਸ਼ਕਤੀ ਵਜੋਂ ਉਭਾਰਨ ਅਤੇ ਸਾਡੇ ਦੇਸ਼ ਦੀ ਸਾਖ਼ ਨੂੰ ਉੱਚਾ ਕਰਨ ਲਈ ਕਲਾ ਤੋਂ ਵਧੀਆ ਹੋਰ ਕੁੱਝ ਵੀ ਨਹੀਂ ਹੋ ਸਕਦਾ, ਕਿਉਂਕਿ ਕਲਾ ਅਜਿਹੀ ਜ਼ੁਬਾਨ ਹੈ ਜਿਸ ਨੂੰ ਸਭ ਸਮਝਦੇ ਹਨ। ਕਲਾ ਅਤੇ ਸੱਭਿਆਚਾਰ ਭਾਰਤ ਨੂੰ ਪੂਰੀ ਦੁਨੀਆ ਨਾਲ ਜੁੜਨ ਅਤੇ ਵਧੀਆ ਰਿਸ਼ਤੇ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸੇ ਦੇ ਨਾਲ ਦੁਨੀਆ ਦੇ ਵੱਖ-ਵੱਖ ਮੁਲਕਾਂ ਨਾਲ ਸਾਡੇ ਵਧੀਆ ਰਿਸ਼ਤੇ ਕਾਇਮ ਹੋ ਰਹੇ ਹਨ।
ਉੱਧਰ, ਆਈਸੀਸੀਆਰ ਦੀ ਡਾਇਰੈਕਟਰ ਜਨਰਲ ਨੰਦਿਨੀ ਸਿੰਗਲਾ ਨੇ ਇਸ ਮੌਕੇ ਬੋਲਦਿਆਂ ਕਿਹਾ, ਆਈਸੀਸੀਆਰ ਦੁਨੀਆ ਭਰ ਦੇ ਵਿਦਿਆਰਥੀਆਂ ਨੂੰ ਇੱਕ ਮੰਚ 'ਤੇ ਖੜਾ ਕਰਦਾ ਹੈ। ਇਸ ਦੇ ਜ਼ਰੀਏ ਬਾਹਰਲੇ ਵਿਦਿਆਰਥੀ ਸਾਡੇ ਮੁਲਕ ਵਿੱਚ ਆਕੇ ਆਪਣੀ ਕਲਾ ਦੀਆਂ ਪੇਸ਼ਕਾਰੀਆਂ ਕਰਦੇ ਹਨ, ਉੱਧਰ ਭਾਰਤ ਦੇ ਬੱਚੇ ਦੂਜੇ ਮੁਲਕਾਂ ਵਿੱਚ ਜਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ। ਮੌਜੂਦਾ ਸਮੇਂ ਵਿੱਚ ਅਸੀਂ ਦੇਖਦੇ ਹਾਂ ਕਿ ਭਾਰਤ ਦਾ ਲੋਕ ਸੰਗੀਤ ਅਤੇ ਲੋਕ ਨ੍ਰਿਤ ਦੀਆਂ ਕਈ ਕਿਸਮਾਂ ਦੁਨੀਆ ਭਰ ਵਿੱਚ ਮਸ਼ਹੂਰ ਹਨ ਅਤੇ ਇਸ ਵਿੱਚ ਕਲਚਰਲ ਐਂਡ ਯੂਥ ਅਫ਼ੇਅਰਜ਼ ਮੰਤਰਾਲੇ ਦਾ ਬਹੁਤ ਵੱਡਾ ਯੋਗਦਾਨ ਹੈ।"
ਇਸ ਦੇ ਨਾਲ ਹੀ ਸਿੰਗਲਾ ਨੇ ਇਹ ਵੀ ਕਿਹਾ, "ਅੱਜ ਵੱਖ-ਵੱਖ ਮੁਲਕਾਂ ਦੇ ਬੱਚੇ ਉਚੇਰੀ ਸਿੱਖਿਆ ਹਾਸਲ ਕਰਨ ਲਈ ਭਾਰਤ ਆਉਣ ਦੇ ਚਾਹਵਾਨ ਕਿਉਂਕਿ ਇਸ ਦੇ ਪਿੱਛੇ ਜੋ ਵਜ੍ਹਾ ਹੈ ਉਹ ਹੈ ਭਾਰਤ ਦਾ ਮਹਾਨ ਇਤਿਹਾਸ। ਭਾਰਤ ਵਿੱਚ ਸਦੀਆਂ ਤੋਂ ਕਲਾ ਅਤੇ ਸੱਭਿਆਚਾਰ ਨੂੰ ਬਹੁਤ ਹੀ ਮਹੱਤਤਾ ਦਿੱਤੀ ਜਾਂਦੀ ਰਹੀ ਹੈ ਅਤੇ ਪੂਰੀ ਦੁਨੀਆ ਨੂੰ ਭਾਰਤ ਵੱਲ ਇਹੀ ਚੀਜ਼ ਖਿੱਚ ਰਹੀ ਹੈ।"
ਰੰਗ-ਬਿਰੰਗੇ ਰਵਾਇਤੀ ਪਹਿਰਾਵੇ ਪਹਿਨੇ ਕਲਾਕਾਰਾਂ ਦੇ ਸਮੂਹਾਂ ਨੇ ਆਪੋ-ਆਪਣੇ ਦੇਸ਼ਾਂ ਨਾਲੋ ਜੁੜੇ ਨ੍ਰਿਤ ਅਤੇ ਸੰਗੀਤ ਸੱਭਿਆਚਾਰਾਂ ਨੂੰ ਬੇਹੱਦ ਖ਼ੂਬਸੂਰਤੀ ਦੇ ਨਾਲ ਪੇਸ਼ ਕੀਤਾ। ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰਕ ਸਮੂਹਾਂ ਨੇ ਸੀਯੂ ਕੈਂਪਸ ਵਿਖੇ ਵੱਖ-ਵੱਖ ਝਾਕੀਆਂ ਵਿੱਚ ਹਿੱਸਾ ਲਿਆ।
ਪ੍ਰੋਗਰਾਮ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਮੂਹਾਂ ਵਿੱਚ ਕਜ਼ਾਕਿਸਤਾਨ ਅਤੇ ਐਲਜੀਐਮਐਫ ਗਰੁੱਪ (74 ਮੈਂਬਰ), ਕਿਰਗਿਸਤਾਨ (15 ਮੈਂਬਰ), ਮਲੇਸ਼ੀਆ (17 ਮੈਂਬਰ), ਮਾਲਦੀਵ (11 ਮੈਂਬਰ), ਲਿਥੁਆਨੀਆ (8 ਮੈਂਬਰ), ਉਜ਼ਬੇਕਿਸਤਾਨ (9 ਮੈਂਬਰ), ਅਤੇ ਬੁਰਕੀਨਾ ਫਾਸੋ (9 ਮੈਂਬਰ) ਸ਼ਾਮਲ ਸਨ।
ਇਸ ਤੋਂ ਇਲਾਵਾ, ਨੇਪਾਲ, ਭੂਟਾਨ, ਬੰਗਲਾਦੇਸ਼, ਸੁਡਾਨ, ਤਨਜ਼ਾਨੀਆ, ਆਈਵਰੀ ਕੋਸਟ, ਲਾਇਬੇਰੀਆ, ਲੇਸੋਥੋ, ਮਿਆਂਮਾਰ, ਯਮਨ, ਸ਼੍ਰੀਲੰਕਾ, ਅੰਗੋਲਾ, ਮਲਾਵੀ, ਕੈਮਰੂਨ, ਸੀਰੀਆ, ਜ਼ਿੰਬਾਬਵੇ, ਦੱਖਣੀ ਸੁਡਾਨ, ਕਾਂਗੋ, ਥਾਈਲੈਂਡ, ਯੂਗਾਂਡਾ, ਮਾਲੀ, ਨਾਮੀਬੀਆ, ਕੀਨੀਆ, ਸੋਮਾਲੀਆ, ਘਾਨਾ ਅਤੇ ਮੈਡਾਗਾਸਕਰ ਦੇ ਕਲਾਕਾਰਾਂ ਨੇ ਆਪਣੇ ਮਨਮੋਹਕ ਪ੍ਰਦਰਸ਼ਨਾਂ ਨਾਲ ਸਾਰਿਆਂ ਨੂੰ ਮੰਤਰਮੁਗਧ ਕੀਤਾ।
ਫ਼ੋਕ ਕਲਾਕ ਦੇ ਪਹਿਲੇ ਦਿਨ, ਡਾ. ਐਲ. ਸੁਬਰਾਮਨੀਅਮ ਅਤੇ ਕਵਿਤਾ ਕ੍ਰਿਸ਼ਨਾਮੂਰਤੀ ਸੁਬਰਾਮਨੀਅਮ ਦੀ ਅਗਵਾਈ ਵਿੱਚ 80-ਮੈਂਬਰੀ ਲਕਸ਼ਮੀਨਾਰਾਇਣ ਗਲੋਬਲ ਸੰਗੀਤ ਉਤਸਵ ਸਮੂਹ ਨੇ ਸਟੇਜ ਸੰਭਾਲੀ, ਜਿਸ ਵਿੱਚ ਅਸਤਾਨਾ ਫਿਲਹਾਰਮੋਨਿਕ ਸਿੰਫਨੀ ਆਰਕੈਸਟਰਾ, ਅਕਟੋਬੇ ਖੇਤਰੀ ਫਿਲਹਾਰਮੋਨਿਕ ਦਾ ਚੈਂਬਰ ਕੋਇਰ, ਅਤੇ ਕਜ਼ਾਕਿਸਤਾਨ ਤੋਂ ਡਾਂਸ ਸਮੂਹ "ਗੱਕੂ" ਸ਼ਾਮਲ ਸਨ। ਗੱਕੂ ਸਮੂਹ, ਜੋ ਆਪਣੇ ਗਤੀਸ਼ੀਲ ਪ੍ਰਦਰਸ਼ਨਾਂ ਅਤੇ ਰਵਾਇਤੀ ਬੈਲੇ ਸ਼ੈਲੀ ਲਈ ਜਾਣਿਆ ਜਾਂਦਾ ਹੈ, ਨੇ ਆਪਣੇ ਲੋਕ ਨਾਚ ਰਾਹੀਂ ਕਜ਼ਾਕਿਸਤਾਨ ਦੇ ਇਤਿਹਾਸ, ਇਸਦੇ ਘੋੜਸਵਾਰਾਂ ਦੀ ਬਹਾਦਰੀ ਦਾ ਪ੍ਰਦਰਸ਼ਨ ਕੀਤਾ।
ਦਰਸ਼ਕ ਓਸ਼ ਖੇਤਰੀ ਫਿਲਹਾਰਮੋਨਿਕ, ਕਿਰਗਿਜ਼ ਗਣਰਾਜ ਤੋਂ 15-ਮੈਂਬਰੀ ਲੋਕਧਾਰਾ ਸਮੂਹ "ਆਲਮ", ਅਤੇ ਡਾਂਸ ਗਰੁੱਪ "ਅਦੇਮੀ" ਦੁਆਰਾ ਮੋਹਿਤ ਹੋਏ। ਕਿਰਗਿਜ਼ ਵਿੱਚ ਆਲਮ ਸ਼ਬਦ ਦਾ ਮਤਲਬ "ਸੰਸਾਰ" ਜਾਂ "ਬ੍ਰਹਿਮੰਡ" ਹੈ, ਜੋ ਕਿ ਵਿਸ਼ਵ ਪੱਧਰ 'ਤੇ ਕਿਰਗਿਜ਼ਸਤਾਨ ਦੀ ਅਮੀਰ ਵਿਰਾਸਤ ਅਤੇ ਰੀਤਿ ਰਿਵਾਜ਼ਾਂ ਦੀ ਨੁਮਾਇੰਦਗੀ ਦਾ ਪ੍ਰਤੀਕ ਹੈ। ਆਪਣੇ ਊਰਜਾਵਾਨ ਅਤੇ ਰਵਾਇਤੀ ਡਾਂਸ ਫ਼ਾਰਮਜ਼ ਰਾਹੀਂ, ਕਲਾਕਾਰਾਂ ਨੇ ਕਿਰਗਿਜ਼ ਲੋਕ ਕਹਾਣੀਆਂ ਨੂੰ ਮੰਚ 'ਤੇ ਪੇਸ਼ ਕੀਤਾ, ਘੋੜਸਵਾਰਾਂ ਦੀ ਹਿੰਮਤ ਦਾ ਜਸ਼ਨ ਮਨਾਇਆ ਅਤੇ ਦੇਸ਼ ਦੇ ਖਾਨਾਬਦੋਸ਼ ਵਿਰਾਸਤ ਦੀ ਜੀਵੰਤ ਸੱਭਿਆਚਾਰਕ ਟੈਪੇਸਟ੍ਰੀ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਪ੍ਰਦਰਸ਼ਨ ਕਿਰਗਿਜ਼ ਸੱਭਿਆਚਾਰ ਦੀ ਜ਼ਿੰਦਾ ਪੇਸ਼ਕਾਰੀ ਸੀ, ਜਿਸ ਨੇ ਦਰਸ਼ਕਾਂ ਨੂੰ ਮੱਧ ਏਸ਼ੀਆ ਦੀਆਂ ਤਾਲਾਂ, ਕਹਾਣੀਆਂ ਅਤੇ ਭਾਵਨਾ ਨਾਲ ਜੋੜਿਆ।
ਕੌਮਾਂਤਰੀ ਪ੍ਰਦਰਸ਼ਨਾਂ ਵਿੱਚ ਮਲੇਸ਼ੀਆ ਦੇ 17-ਮੈਂਬਰੀ ਸਮੂਹ, ਸੂਤਰਾ ਫਾਊਂਡੇਸ਼ਨ ਦੀ ਸ਼ਾਨਦਾਰ ਪੇਸ਼ਕਾਰੀ ਵੀ ਸ਼ਾਮਲ ਸੀ, ਜਿਸ ਨੇ "ਰਾਧੇ-ਰਾਧੇ: ਦ ਸਵੀਟ ਸਰੈਂਡਰ" ਸਿਰਲੇਖ ਵਾਲਾ ਪ੍ਰਦਰਸ਼ਨ ਪੇਸ਼ ਕੀਤਾ। ਇਹ ਪ੍ਰਦਰਸ਼ਨ ਭਾਰਤ ਦੀਆਂ ਧਾਰਮਿਕ ਰਵਾਇਤਾਂ ਤੋਂ ਪ੍ਰੇਰਿਤ ਸੀ, ਜਿਸ ਵਿੱਚ ਭਗਵਾਨ ਕ੍ਰਿਸ਼ਨ ਅਤੇ ਰਾਧਾ ਨਾਲ ਜੁੜੇ ਸਦੀਵੀ ਪਿਆਰ ਅਤੇ ਸ਼ਰਧਾ ਨੂੰ ਦਿਖਾਇਆ ਗਿਆ। ਇਹ ਨਾਮ ਆਪਣੇ ਆਪ ਵਿੱਚ ਸਮਰਪਣ, ਸ਼ਰਧਾ ਅਤੇ ਸਦਭਾਵਨਾ ਨੂੰ ਉਜਾਗਰ ਕਰਦਾ ਹੈ।