ਕਾਂਗਰਸ 'ਚ 'ਕਾਟੋ-ਕਲੇਸ਼': 'ਜਾਤੀਵਾਦ' ਵਾਲੇ ਬਿਆਨ 'ਤੇ ਰਾਜਾ ਵੜਿੰਗ ਅਤੇ ਚੰਨੀ ਆਹਮੋ-ਸਾਹਮਣੇ
Babushahi Network
ਚੰਡੀਗੜ੍ਹ 19 ਜਨਵਰੀ 2026: ਪੰਜਾਬ ਕਾਂਗਰਸ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਅੰਦਰੂਨੀ ਕਲੇਸ਼ ਹੁਣ ਜਨਤਕ ਰੂਪ ਧਾਰਨ ਕਰ ਚੁੱਕਾ ਹੈ। ਸਾਬਕਾ ਮੁੱਖ ਮੰਤਰੀ ਮੌਜੁਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਗਏ ਕੁਝ ਬਿਆਨਾਂ ਤੋਂ ਬਾਅਦ ਪਾਰਟੀ ਵਿੱਚ 'ਜੱਟ ਬਨਾਮ ਦਲਿਤ' ਦੀ ਸਿਆਸਤ ਸ਼ੁਰੂ ਹੋ ਗਈ ਹੈ। ਇਸ ਪੂਰੇ ਵਿਵਾਦ 'ਤੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਚੁੱਪੀ ਤੋੜੀ ਹੈ।
"ਘਰ ਦੀਆਂ ਗੱਲਾਂ ਘਰ 'ਚ ਹੀ ਚੰਗੀਆਂ": ਰਾਜਾ ਵੜਿੰਗ
ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਬੜੇ ਹੀ ਸੰਜਮ ਨਾਲ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ "ਚੰਨੀ ਸਾਹਿਬ ਨੇ ਕੀ ਕਿਹਾ ਜਾਂ ਕੀ ਕੀਤਾ, ਮੈਂ ਉਸ 'ਤੇ ਕੋਈ ਜਨਤਕ ਟਿੱਪਣੀ ਨਹੀਂ ਕਰਨਾ ਚਾਹੁੰਦਾ। ਪਾਰਟੀ ਦੀਆਂ ਅੰਦਰੂਨੀ ਗੱਲਾਂ ਘਰ (ਪਾਰਟੀ) ਦੇ ਅੰਦਰ ਰਹਿਣ ਤਾਂ ਹੀ ਚੰਗੀਆਂ ਲੱਗਦੀਆਂ ਹਨ।" ਵੜਿੰਗ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਕਦੇ ਵੀ ਜਾਤ-ਪਾਤ ਜਾਂ ਧਰਮ ਦੇ ਨਾਂ 'ਤੇ ਸਿਆਸਤ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਕਾਂਗਰਸ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ।
"ਮੇਰੇ ਖ਼ਿਲਾਫ਼ ਹੋ ਰਿਹਾ ਭੰਡੀ ਪ੍ਰਚਾਰ": ਚੰਨੀ
ਦੂਜੇ ਪਾਸੇ, ਵਿਵਾਦਾਂ ਦੇ ਘੇਰੇ ਵਿੱਚ ਆਏ ਚਰਨਜੀਤ ਸਿੰਘ ਚੰਨੀ ਨੇ ਵੀ ਆਪਣੀ ਸਫਾਈ ਪੇਸ਼ ਕੀਤੀ ਹੈ। ਚੰਨੀ ਨੇ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਨੂੰ ਜਾਣਬੁੱਝ ਕੇ 'ਜੱਟਵਾਦ' ਅਤੇ ਦਲਿਤ ਨਾਲ ਜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। "ਮੈਂ ਕਿਸੇ ਵੀ ਜਾਤ ਜਾਂ ਧਰਮ ਦੇ ਖ਼ਿਲਾਫ਼ ਨਹੀਂ ਹਾਂ। ਮੇਰੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਵਰਗੇ ਵੱਡੇ ਅਹੁਦੇ ਦਿੱਤੇ, ਜਿਸ ਲਈ ਉਹ ਸ਼ੁਕਰਗੁਜ਼ਾਰ ਹਨ। ਪਰ ਉਨ੍ਹਾਂ ਇਹ ਵੀ ਜੋੜਿਆ ਕਿ "ਜੇਕਰ ਪਾਰਟੀ ਸਾਰੇ ਵਰਗਾਂ ਨੂੰ ਬਰਾਬਰ ਨਾਲ ਲੈ ਕੇ ਚੱਲੇਗੀ, ਤਾਂ ਹੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ।"