'ਸੂਫ਼ੀ ਫੈਸਟੀਵਲ' ਅਤੇ 'ਪੰਜਾਬ ਸਖੀ ਸ਼ਕਤੀ ਮੇਲਾ' 13 ਤੋਂ 15 ਫਰਵਰੀ ਨੂੰ
· ਰੂਹਾਨੀਅਤ, ਸੱਭਿਆਚਾਰ ਅਤੇ ਮਹਿਲਾ ਉੱਧਮੀਆਂ ਦੀ ਤਾਕਤ ਦਾ ਹੋਵੇਗਾ ਵਿਲੱਖਣ ਸੰਗਮ- ਡਿਪਟੀ ਕਮਿਸ਼ਨਰ
· ਰੰਗਲੇ ਪੰਜਾਬ ਅਤੇ ਮਹਿਲਾ ਉੱਧਮੀਆਂ ਤੇ ਸ਼ਿਲਪਕਾਰਾਂ ਦੀ ਝਲਕ ਦਿਖਾਵੇਗਾ ਇਹ ਫੈਸਟੀਵਲ, ਨਾਮਵਰ ਕਲਾਕਾਰ ਕਰਨਗੇ ਆਪਣੇ ਫਨ ਦੀ ਪੇਸ਼ਕਾਰੀ
ਮਾਲੇਰਕੋਟਲਾ, 14 ਜਨਵਰੀ –
ਪੰਜਾਬ ਦੀ ਅਮੀਰ ਵਿਰਾਸਤ, ਰੂਹਾਨੀਅਤ, ਸੱਭਿਆਚਾਰ ਅਤੇ ਮਹਿਲਾ ਉੱਧਮੀਆਂ ਤੇ ਸ਼ਿਲਪਕਾਰਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਚਾਰਿਤ ਕਰਨ ਦੇ ਉਦੇਸ਼ ਨਾਲ ਮਾਲੇਰਕੋਟਲਾ ਵਿਖੇ 13 ਫਰਵਰੀ ਤੋਂ 15 ਫਰਵਰੀ 2026 ਤੱਕ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਤਿੰਨ ਰੋਜ਼ਾ “ਸੂਫ਼ੀ ਫੈਸਟੀਵਲ” ਅਤੇ “ਪੰਜਾਬ ਸਖੀ ਸ਼ਕਤੀ ਮੇਲਾ”ਆਯੋਜਿਤ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਫੈਸਟੀਵਲ ਦੇ ਅਗੇਤੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੀ ਸੱਭਿਆਚਾਰਕ ਪਛਾਣ,ਲੋਕ ਕਲਾ,ਰਵਾਇਤੀ ਫਨ ਅਤੇ ਮਹਿਲਾ ਸ਼ਕਤੀ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਉਦੇਸ਼ ਦੀ ਪੂਰਤੀ ਲਈ ਇਹ ਵਿਲੱਖਣ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਮਹਿਲਾ ਉੱਧਮੀਆਂ ਅਤੇ ਸ਼ਿਲਪਕਾਰਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਅਤੇ ਸੂਫ਼ੀ ਸੱਭਿਆਚਾਰ ਨੂੰ ਇੱਕੋ ਮੰਚ ’ਤੇ ਪ੍ਰਦਰਸ਼ਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਫੈਸਟੀਵਲ ਦੌਰਾਨ ਪ੍ਰਸਿੱਧ ਸੂਫ਼ੀ ਗਾਇਕ ਅਤੇ ਕਲਾਕਾਰ ਆਪਣੇ ਫਨ ਦੀ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਰੂਹਾਨੀ ਰੰਗ ਵਿੱਚ ਰੰਗਣਗੇ, ਜਦਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸ਼ਿਲਪਕਾਰ ਅਤੇ ਸੈਲਫ਼ ਹੈਲਪ ਗਰੁੱਪ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਉਣਗੇ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਅਤੇ ਪੇਂਡੂ ਵਿਕਾਸ, ਪੰਚਾਇਤਾਂ, ਉਦਯੋਗ ਅਤੇ ਵਣਜ ਵਿਭਾਗ ਪੰਜਾਬ ਵੱਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਤਹਿਤ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਫੈਸਟੀਵਲ ਦੇ ਸਾਰੇ ਪ੍ਰਬੰਧ ਨਿਯਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਸੁਰੱਖਿਆ ਅਤੇ ਟਰੈਫਿਕ ਪ੍ਰਬੰਧ ਯਕੀਨੀ ਬਣਾਉਣ ਅਤੇ ਸਬੰਧਤ ਵਿਭਾਗਾਂ ਨੂੰ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਬਿਜਲੀ, ਰੋਸ਼ਨੀ, ਪਾਰਕਿੰਗ ਅਤੇ ਸ਼ੌਚਾਲਿਆਂ ਦੇ ਉਚਿਤ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਇਹ ਵੀ ਦੱਸਿਆ ਕਿ ਫੈਸਟੀਵਲ ਦੌਰਾਨ ਸਥਾਨਕ ਖਾਣ-ਪੀਣ ਅਤੇ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸਟਾਲ ਵੀ ਲਗਾਏ ਜਾਣਗੇ। ਇਹ ਫੈਸਟੀਵਲ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ ਅਤੇ ਇਸ ਲਈ ਸਮੂਹ ਨਿਵਾਸੀਆਂ, ਸੈਲਾਨੀਆਂ ਅਤੇ ਕਲਾ ਪ੍ਰੇਮੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ,ਐਸ.ਡੀ.ਐਮ.ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ,ਐਕਸ਼ੀਅਨ ਮੰਡੀ ਬੋਰਡ ਇੰਜ.ਪੁਨੀਤ ਸਰਮਾਂ, ਕਾਰਜ ਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ,ਐਸ.ਡੀ.ਓ.ਇੰਜ (ਪੀ.ਡਬਲਿਊ.ਡੀ) ਅਮਨਦੀਪ ਕੁਮਾਰ, ਐਸ.ਡੀ.ਓ. ਮੰਡੀ ਬੋਰਡ ਇੰਜ. ਰਤਨਦੀਪ ਸਿੰਘ, ਏ.ਈ. ਇੰਜ. ਮਨਪ੍ਰੀਤ ਸਿੰਘ ਚਾਹਿਲ , ਬਾਗਬਾਨੀ ਅਫ਼ਸਰ ਬਲਜੀਤ ਸਿੰਘ ,ਏ.ਐਮ.ਈ. ਨਰਿੰਦਰ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।