ਕਾਰਾਂ ਦੀ ਆਮੋ ਸਾਹਮਣੇ ਟੱਕਰ ਵਿੱਚ ਚਾਰ ਤੋਂ ਵੱਧ ਜਣੇ ਹੋਏ ਗੰਭੀਰ ਜ਼ਖਮੀ
ਸੜਕ ਦੀ ਚੌੜਾਈ ਘੱਟ ਹੋਣ ਕਾਰਨ ਰੋਜ਼ਾਨਾ ਵਾਪਰ ਰਹੇ ਨੇ ਦਰਦਨਾਕ ਹਾਦਸੇ
ਰੋਹਿਤ ਗੁਪਤਾ
ਗੁਰਦਾਸਪੁਰ
ਪੁਲ ਸਠਿਆਲੀ ਦੇ ਨੇੜੇ ਪਿੰਡ ਹਾਰਨੀਆਂ ਕੋਲ ਦੋ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੋ ਗਈ। ਟੱਕਰ ਵਿੱਚ ਚਾਰ ਤੋਂ ਵੱਧ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ । ਜਖਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਉੱਥੇ ਹੀ ਜਖਮੀਆਂ ਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਚੌੜਾਈ ਘੱਟ ਅਤੇ ਆਵਾਜਾਈ ਵੱਧ ਹੋਣ ਕਾਰਨ ਰੋਜ਼ ਇਸ ਸੜਕ ਤੇ ਹਾਦਸੇ ਵਾਪਰ ਰਹੇ ਹਨ।
ਮੌਕੇ ਦੇ ਗਵਾਹਾਂ ਅਤੇ ਇਸ ਹਾਦਸੇ ਵਿੱਚ ਜਖਮੀ ਹੋਏ ਸੁਖਜਿੰਦਰ ਸਿੰਘ ਅਤੇ ਦਿਲਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਇੱਕ ਗੰਨੇ ਦੀ ਭਰੀ ਟਰਾਲੀ ਨੂੰ ਕਰਾਸ ਕਰ ਰਹੇ ਸਨ ਤਾਂ ਸਾਹਮਣੇ ਇੱਕ ਕਾਰ ਉਹਨਾਂ ਵਿੱਚ ਟਕਰਾ ਗਈ। ਉਹਨਾਂ ਨੇ ਕਿਹਾ ਕਿ ਤੰਗ ਸੜਕ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਹਨਾਂ ਨੇ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਕਪੂਰਥੱਲਾ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ ਹੈ। ਦੂਸਰੀ ਗੱਡੀ ਦੇ ਚਾਲਕਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਉਹਨਾਂ ਨੂੰ ਵੀ ਗੁਰਦਾਸਪੁਰ ਦੇ ਕਿਸੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਹੋਇਆ ਹੈ। ਇਸ ਮੌਕੇ ਹਾਦਸੇ ਵਾਲੀ ਥਾਂ ਉੱਤੇ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਉੱਤੇ ਰੋਜ਼ਾਨਾ ਹੀ ਅਜਿਹੇ ਜਾਣ ਲੇਵਾ ਹਾਦਸੇ ਹੁੰਦੇ ਹਨ। ਬੀਤੇ ਦਿਨੀਂ ਇੱਕ ਮਾਨ ਚੋਪੜਾ ਪਿੰਡ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਦੋ ਦਿਨ ਪਹਿਲਾਂ ਪਿੰਡ ਨੇਣੇਕੋਟ ਦੇ ਬਜ਼ੁਰਗ ਵਸਣ ਸਿੰਘ ਦੀ ਵੀ ਇਸੇ ਸੜਕ ਉੱਤੇ ਕਾਰ ਨਾਲ ਹੋਏ ਹਾਦਸੇ ਕਰਨ ਮੌਤ ਹੋਈ ਹੈ। ਇਲਾਕਾ ਵਾਸੀਆਂ ਅਤੇ ਮੌਕੇ ਤੇ ਹਾਜ਼ਰ ਚਸ਼ਮਦੀਦ ਲੋਕਾਂ ਨੇ ਕਿਹਾ ਕਿ ਇਸ ਸੜਕ ਦੀ ਚੌੜਾਈ ਵਧਾਉਣੀ ਚਾਹੀਦੀ ਹੈ ਤਾਂ ਹੀ ਇਹ ਹਾਦਸੇ ਰੁਕ ਸਕਦੇ ਹਨ।