ਵੱਡੀ ਖ਼ਬਰ : Landing ਵੇਲੇ 'ਅੱਗ ਦਾ ਗੋਲਾ' ਬਣਿਆ ਜਹਾਜ਼! ਮੰਤਰੀ ਸਣੇ ਕਈ ਵੱਡੇ ਅਧਿਕਾਰੀ ਸਨ ਸਵਾਰ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ/ਕਿਨਸ਼ਾਸਾ, 17 ਨਵੰਬਰ, 2025 : ਕਾਂਗੋ (Congo) ਦੇ ਕੋਲਵੇਜ਼ੀ ਹਵਾਈ ਅੱਡੇ 'ਤੇ ਸੋਮਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲਾ ਜਹਾਜ਼ ਹਾਦਸਾ ਵਾਪਰਿਆ। ਦੱਸ ਦੇਈਏ ਕਿ ਦੇਸ਼ ਦੇ ਖਾਣ ਮੰਤਰੀ (Mining Minister) ਲੁਈਸ ਵਾਟਮ ਕਾਬਾਂਬਾ ਅਤੇ ਕਈ ਚੋਟੀ ਦੇ ਅਧਿਕਾਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ਼ ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਗਿਆ।
ਰਨਵੇਅ 'ਤੇ ਉਤਰਦਿਆਂ ਹੀ ਜਹਾਜ਼ ਦਾ ਪਿਛਲਾ ਹਿੱਸਾ ਅਚਾਨਕ ਅੱਗ ਦਾ ਗੋਲਾ ਬਣ ਗਿਆ, ਜਿਸ ਨਾਲ ਉੱਥੇ ਹਫੜਾ-ਦਫੜੀ ਮੱਚ ਗਈ। ਗਨੀਮਤ ਰਹੀ ਕਿਇੰਨੇ ਭਿਆਨਕ ਹਾਦਸੇ ਦੇ ਬਾਵਜੂਦ ਮੰਤਰੀ ਅਤੇ ਸਾਰੇ ਯਾਤਰੀ ਸਮਾਂ ਰਹਿੰਦਿਆਂ ਸੁਰੱਖਿਅਤ ਬਾਹਰ ਨਿਕਲ ਗਏ।
Landing Gear ਟੁੱਟਿਆ ਅਤੇ ਲੱਗ ਗਈ ਅੱਗ
ਰਿਪੋਰਟਾਂ ਮੁਤਾਬਕ ਇਹ ਜਹਾਜ਼ ਕਿਨਸ਼ਾਸਾ ਤੋਂ ਲੁਆਲਾਬਾ ਸੂਬੇ ਲਈ ਉਡਾਣ ਭਰ ਰਿਹਾ ਸੀ। ਜਿਵੇਂ ਹੀ ਜਹਾਜ਼ ਨੇ ਰਨਵੇਅ 29 'ਤੇ ਲੈਂਡ ਕੀਤਾ, ਉਹ ਪਾਇਲਟ ਦੇ ਕੰਟਰੋਲ ਤੋਂ ਬਾਹਰ ਹੋ ਗਿਆ। ਲੈਂਡਿੰਗ ਗੀਅਰ (Landing gear) ਟੁੱਟਣ ਕਾਰਨ ਜਹਾਜ਼ ਰਨਵੇਅ ਤੋਂ ਹੇਠਾਂ ਉਤਰ ਗਿਆ ਅਤੇ ਪਲਟ ਗਿਆ, ਜਿਸ ਤੋਂ ਤੁਰੰਤ ਬਾਅਦ ਉਸਦੇ ਪਿਛਲੇ ਹਿੱਸੇ 'ਚ ਭਿਆਨਕ ਅੱਗ ਲੱਗ ਗਈ।
ਸਾਹਮਣੇ ਆਏ ਵੀਡੀਓ 'ਚ ਮਜ਼ਦੂਰ ਅਤੇ ਕਰਮਚਾਰੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ, ਜਦਕਿ ਯਾਤਰੀ ਜਾਨ ਬਚਾਉਣ ਲਈ ਕਾਹਲੀ 'ਚ ਜਹਾਜ਼ ਤੋਂ ਬਾਹਰ ਭੱਜਦੇ ਨਜ਼ਰ ਆ ਰਹੇ ਹਨ।
ਖਾਣ ਹਾਦਸੇ ਦਾ ਦੌਰਾ ਕਰਨ ਜਾ ਰਹੇ ਸਨ ਮੰਤਰੀ
ਮੰਤਰੀ ਦੇ ਸੰਚਾਰ ਸਲਾਹਕਾਰ ਇਸਹਾਕ ਨਯੇਮਬੋ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ 'ਚ ਕਿਸੇ ਵੀ ਯਾਤਰੀ ਜਾਂ ਕਰੂ ਮੈਂਬਰ ਨੂੰ ਸੱਟ ਨਹੀਂ ਲੱਗੀ ਹੈ, ਹਾਲਾਂਕਿ ਜਹਾਜ਼ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ। ਦੱਸ ਦੇਈਏ ਕਿ ਖਾਣ ਮੰਤਰੀ ਉਸ ਕਾਲੋਂਡੋ ਖਾਣ ਦਾ ਦੌਰਾ ਕਰਨ ਜਾ ਰਹੇ ਸਨ, ਜਿੱਥੇ ਹਾਲ ਹੀ 'ਚ ਭਾਰੀ ਮੀਂਹ ਕਾਰਨ ਪੁਲ ਡਿੱਗਣ ਨਾਲ ਦਰਜਨਾਂ ਮਜ਼ਦੂਰਾਂ ਦੀ ਮੌਤ ਹੋ ਗਈ ਸੀ।
ਜਾਂਚ ਦੇ ਹੁਕਮ
ਮੁੱਢਲੀ ਜਾਂਚ 'ਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਕਿਸੇ ਤਕਨੀਕੀ ਖਰਾਬੀ ਨਾਲ ਹੋਇਆ ਜਾਂ ਫਿਰ ਰਨਵੇਅ ਦੀ ਖਰਾਬ ਹਾਲਤ ਇਸ ਲਈ ਜ਼ਿੰਮੇਵਾਰ ਸੀ। ਇਸ ਘਟਨਾ ਨੇ ਹਵਾਬਾਜ਼ੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।