Punjab News : ਇਸ ਵਿਭਾਗ 'ਚ ਹੋਵੇਗੀ 'ਬੰਪਰ ਭਰਤੀ', ਮੰਤਰੀ Harpal Cheema ਨੇ ਦਿੱਤੀ ਮਨਜ਼ੂਰੀ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 18 ਨਵੰਬਰ, 2025 : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਸੂਬੇ ਦੇ ਨੌਜਵਾਨਾਂ ਲਈ ਇੱਕ ਅਹਿਮ ਐਲਾਨ ਕੀਤਾ ਹੈ। ਵਿੱਤ ਵਿਭਾਗ ਨੇ ਪਸ਼ੂ ਪਾਲਣ ਵਿਭਾਗ ਵਿੱਚ 345 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਸੂਬੇ ਦੇ ਪਸ਼ੂ ਹਸਪਤਾਲਾਂ ਵਿੱਚ ਕਰਮਚਾਰੀਆਂ ਦੀ ਘਾਟ ਨੂੰ ਦੂਰ ਕਰਨ ਅਤੇ ਪਸ਼ੂ ਸਿਹਤ ਸੇਵਾਵਾਂ ਨੂੰ ਹੋਰ ਕੁਸ਼ਲ ਬਣਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ।
ਦੋ ਪੜਾਵਾਂ 'ਚ ਪੂਰੀ ਹੋਵੇਗੀ ਭਰਤੀ ਪ੍ਰਕਿਰਿਆ
ਵਿੱਤ ਮੰਤਰੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਇਹ ਭਰਤੀ ਪ੍ਰਕਿਰਿਆ ਪੜਾਅਵਾਰ ਢੰਗ ਨਾਲ ਪੂਰੀ ਕੀਤੀ ਜਾਵੇਗੀ। ਯੋਜਨਾ ਮੁਤਾਬਕ ਚਾਲੂ ਵਿੱਤੀ ਸਾਲ 2025-26 ਦੌਰਾਨ ਪਹਿਲੇ ਪੜਾਅ 'ਚ 150 ਅਸਾਮੀਆਂ ਭਰੀਆਂ ਜਾਣਗੀਆਂ। ਇਸ ਤੋਂ ਬਾਅਦ ਬਾਕੀ ਬਚੀਆਂ 195 ਅਸਾਮੀਆਂ 'ਤੇ ਭਰਤੀ ਅਗਲੇ ਵਿੱਤੀ ਸਾਲ 2026-27 ਦੇ ਦੂਜੇ ਪੜਾਅ 'ਚ ਕੀਤੀ ਜਾਵੇਗੀ।
ਕਿਉਂ ਪਈ ਭਰਤੀ ਦੀ ਲੋੜ?
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਰਤਮਾਨ ਵਿੱਚ ਪਸ਼ੂ ਪਾਲਣ ਵਿਭਾਗ ਵਿੱਚ ਵੈਟਰਨਰੀ ਇੰਸਪੈਕਟਰਾਂ ਦੇ ਕੁੱਲ 2010 ਪ੍ਰਵਾਨਿਤ ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 1665 'ਤੇ ਕਰਮਚਾਰੀ ਤਾਇਨਾਤ ਹਨ ਅਤੇ 345 ਅਸਾਮੀਆਂ ਖਾਲੀ ਪਏ ਸਨ।
ਪੰਜਾਬ ਰਾਜ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨਾਲ ਹੋਈ ਮੀਟਿੰਗ ਵਿੱਚ ਇਨ੍ਹਾਂ ਅਸਾਮੀਆਂ ਨੂੰ ਭਰਨ ਦੀ ਜ਼ੋਰਦਾਰ ਮੰਗ ਉਠਾਈ ਗਈ ਸੀ। ਵਿਭਾਗ ਮੁਤਾਬਕ ਸੂਬੇ ਦੇ 22 ਵੈਟਰਨਰੀ ਪੌਲੀਕਲੀਨਿਕਾਂ ਵਿੱਚ ਇਲਾਜ ਲਈ ਆਉਣ ਵਾਲੇ ਪਸ਼ੂਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਿਸ ਨਾਲ ਮੌਜੂਦਾ ਸਟਾਫ਼ 'ਤੇ ਦਬਾਅ ਸੀ।
ਪਸ਼ੂ ਪਾਲਕਾਂ ਨੂੰ ਮਿਲੇਗਾ ਬਿਹਤਰ ਇਲਾਜ
ਵਿੱਤ ਮੰਤਰੀ ਨੇ ਇਸ ਮਨਜ਼ੂਰੀ ਨੂੰ ਇੱਕ ਵੱਡੀ ਪ੍ਰਾਪਤੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਸੂਬੇ ਭਰ ਵਿੱਚ 1,367 ਪਸ਼ੂ ਹਸਪਤਾਲਾਂ ਅਤੇ 1,489 ਪਸ਼ੂ ਡਿਸਪੈਂਸਰੀਆਂ ਦੇ ਵਿਸ਼ਾਲ ਨੈੱਟਵਰਕ ਰਾਹੀਂ ਸੇਵਾਵਾਂ ਦਿੰਦਾ ਹੈ। ਇਸ ਨਵੇਂ ਫੈਸਲੇ ਨਾਲ ਨਾ ਸਿਰਫ਼ ਵਿਭਾਗ ਮਜ਼ਬੂਤ ਹੋਵੇਗਾ ਸਗੋਂ ਪਸ਼ੂ ਪਾਲਕਾਂ ਨੂੰ ਆਪਣੇ ਜਾਨਵਰਾਂ ਦੀ ਉਚਿਤ ਦੇਖਭਾਲ ਲਈ ਸਮੇਂ ਸਿਰ ਅਤੇ ਬਿਹਤਰ ਸਹੂਲਤਾਂ ਮਿਲ ਸਕਣਗੀਆਂ।