Babushahi Special ਫੁੱਟਪਾਥਾਂ ਤੇ ਕੀਤੇ ਨਾਜਾਇਜ਼ ਕਬਜਿਆਂ ਨੇ ਘੁੱਟੀ ਸ਼ਹਿਰ ਦੇ ਬਜ਼ਾਰਾਂ ’ਚ ਆਵਜਾਈ ਪ੍ਰਬੰਧਾਂ ਦੀ ਸੰਘੀ
ਅਸ਼ੋਕ ਵਰਮਾ
ਬਠਿੰਡਾ,18ਨਵੰਬਰ2028: ਮਹਾਂਨਗਰ ਬਠਿੰਡਾ ਦੇ ਬਜ਼ਾਰਾਂ ਦੇ ਫੁੱਟਪਾਥਾਂ ਤੇ ਵੱਖ ਵੱਖ ਤਰਾਂ ਦਾ ਸਮਾਨ ਰੱਖਕੇ ਕੀਤੇ ਨਜਾਇਜ ਕਬਜਿਆਂ ਕਾਰਨ ਤੰਗ ਹੋਈਆਂ ਸੜਕਾਂ ਨੇ ਨਾ ਕੇਵਲ ਅਵਾਜਾਈ ਨੂੰ ਪ੍ਰਭਾਵਿਤ ਕੀਤਾ ਹੈ ਬਲਕਿ ਆਮ ਆਦਮੀ ਨੂੰ ਪੈਦਲ ਚੱਲਣਾ ਮੁਸ਼ਕਿਲ ਹੋਇਆ ਪਿਆ ਹੈ। ਰੌਚਕ ਪਹਿਲੂ ਇਹ ਵੀ ਹੈ ਕਿ ਇਸ ਸਮੱਸਿਆ ਤੋਂ ਕੋਈ ਇੱਕ ਬਜ਼ਾਰ ਪੀੜਤ ਨਹੀਂ ਬਲਕਿ ਜਿਆਦਾਤਾਰ ਵਪਾਰਿਕ ਖੇਤਰਾਂ ’ਚ ਹੀ ਬੁਰਾ ਹਾਲ ਹੈ। ਮਾਲ ਰੋਡ ਤੇ ਤਾਂ ਸਭ ਤੋਂ ਮਾੜੀ ਸਥਿਤੀ ਹੈ ਜਿੱਥੇ ਪੈਦਲ ਚੱਲਣ ਵਾਲਿਆਂ ਲਈ ਜਗ੍ਹਾ ਨਹੀਂ ਬਚਦੀ ਹੈ। ਕਈ ਬਜ਼ਾਰਾਂ ਵਿੱਚ ਤਾਂ ਦੁਕਾਨਦਾਰਾਂ ਨੇ ਫੁੱਟਪਾਥਾਂ ਤੇ ਅਸਥਾਈ ਤੌਰ ਤੇ ਦੁਕਾਨਾਂ ਸਜਾ ਰੱਖੀਆਂ ਹਨ। ਵੱਡੀ ਗੱਲ ਹੈ ਕਿ ਸਮੱਸਿਆ ਗੰਭੀਰ ਹੋਣ ਦੇ ਬਾਵਜੂਦ ਨਗਰ ਨਿਗਮ ਕਾਰਵਾਈ ਕਰਨ ਤੋਂ ਪਾਸਾ ਵੱਟੀ ਬੈਠਾ ਹੈ। ਲੋਕ ਚਰਚਾ ਕਰਦੇ ਹਨ ਕਿ ਅਧਿਕਾਰੀ ਕਥਿਤ ਸਿਆਸੀ ਦਬਕੇ ਕਾਰਨ ਇਸ ਮਾਮਲੇ ’ਚ ਚੁੱਪ ਵੱਟੀ ਬੈਠੇ ਹਨ।
ਇਸ ਮਾਮਲੇ ਨੂੰ ਲੈ ਕੇ ਸੰਸਥਾਵਾਂ ਨੇ ਸਰਕਾਰ ਨੂੰ ਸ਼ਕਾਇਤਾਂ ਵੀ ਕੀਤੀਆਂ ਸਨ ਫਿਰ ਵੀ ਇਸ ਦਿਸ਼ਾ ’ਚ ਕੋਈ ਢੁੱਕਵੀਂ ਪਹਿਲਕਦਮੀ ਨਹੀਂ ਕੀਤੀ ਗਈ ਹੈ। ਮਹੱਤਵਪੂਰਨ ਤੱਥ ਹੈ ਕਿ ਇੰਨ੍ਹਾਂ ਕਬਜਿਆਂ ਦਾ ਖਮਿਆਜਾ ਆਵਾਜਾਈ ’ਚ ਵਿਘਨ ਅਤੇ ਘੜਮੱਸ ਦੇ ਰੂਪ ’ਚ ਭੁਗਤਣਾ ਪੈਂਦਾ ਹੈ ਜਦੋਂਕਿ ਜਗ੍ਹਾ ਦੀ ਘਾਟ ਹੋਣ ਕਾਰਨ ਸੜਕ ਤੇ ਖੜ੍ਹਾਈਆਂ ਗੱਡੀਆਂ ਟਰੈਫਿਕ ਪੁਲਿਸ ਚੁੱਕਕੇ ਲਿਜਾਣ ਲੱਗੀ ਹੈ। ਦੇਖਣ ’ਚ ਆਇਆ ਹੈ ਕਿ ਵੱਡੀਆਂ ਸੜਕਾਂ ਤੇ ਵੀ ਲੋਕਾਂ ਨੇ ਕਬਜਾ ਜਮਾਇਆ ਹੋਇਆ ਹੈ । ਸਮਾਜਸੇਵੀ ਧਿਰਾਂ ਦਾ ਕਹਿਣਾ ਹੈ ਕਿ ਕਬਜਿਆਂ ਕਾਰਨ ਆਵਾਜਾਈ ‘ਚ ਪੈਂਦੇ ਵਿਘਨ ਦੇ ਸਿੱਟੇ ਵਜੋਂ ਹਾਦਸੇ ਵਾਪਰ ਰਹੇ ਹਨ। ਇਸ ਤੋਂ ਇਲਾਵਾ ਕਬਜਿਆਂ ਦੀ ਮਾਰ ਹੇਠ ਆਈ ਪੀਲੀ ਲਾਈਨ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਹੈ। ਬਠਿੰਡਾ ਦੇ ਬੱਸ ਅੱਡੇ ਤੋਂ ਫੌਜੀ ਚੌਕ ਵੱਲ ਜਾਂਦੀ ਸੜਕ ਤੇ ਆਟੋ ਚਾਲਕਾਂ ਦਾ ਕਬਜਾ ਹੈ ।
ਇਸੇ ਤਰਾਂ ਹੀ ਪਾਵਰ ਹਾਊਸ ਰੋਡ ਤੌਂ ਸੌ ਫੁੱਟੀ ਸੜਕ ਦੇ ਇੱਕ ਵੱਡੇ ਹਿੱਸੇ ਤੇ ਅਕਸਰ ਬੱਸਾਂ ਵਾਲਿਆਂ ਵੱਲੋਂ ਟਾਇਰਾਂ ਆਦਿ ਦਾ ਕੰਮ ਕਰਵਾਉਣ ਵਾਲੇ ਡੇਰੇ ਜਮਾਈ ਰਹਿੰਦੇ ਹਨ। ਕਈ ਬਜ਼ਾਰਾਂ ਵਿੱਚ ਬਣੀਆਂ ਦੁਕਾਨਾਂ ਦੇ ਬਰਾਡਿਆਂ ’ਚ ਦੁਕਾਨਦਾਰਾਂ ਵੱਲੋਂ ਰੱਖੇ ਸਮਾਨ ਕਾਰਨ ਗਾਹਕਾਂ ਦੀ ਭੀੜ ਅਕਸਰ ਸੜਕ ਤੇ ਚੱਲਣ ਲਈ ਮਜਬੂਰ ਹੋ ਜਾਂਦੀ ਹੈ। ਏਦਾਂ ਹੀ ਕਿੱਕਰ ਬਜਾਰ ਆਦਿ ’ਚ ਸੜਕਾਂ ਤੇ ਰੱਖੇ ਗੱਦੇ ,ਪੇਟੀਆਂ ਅਤੇ ਹੋਰ ਸਾਜੋ ਸਮਾਨ ਵੀ ਸ਼ਹਿਰ ਵਾਸੀਆਂ ਲਈ ਜੀਅ ਦਾ ਜੰਜਾਲ ਬਣਿਆ ਹੋਇਆ ਹੈ। ਇਸ ਭੀੜ ਭੜੱਕੇ ਦਾ ਨਤੀਜਾ ਕਈ ਵਾਰ ਹਾਦਸੇ ਦੇ ਰੂਪ ’ਚ ਨਿਕਲਦਾ ਹੈ ਜੋਕਿ ਜਾਨਲੇਵਾ ਵੀ ਹੁੰਦਾ ਹੈ। ਗਾਹਕ ਜਾਗੋ ਦੇ ਜਰਨਲ ਸਕੱਤਰ ਸੰਜੀਵ ਗੋਇਲ ਦਾ ਕਹਿਣਾ ਸੀ ਕਿ ਕਈ ਦੁਕਾਨਾਂ ਅੱਗੇ ਵੱਡੇ ਵੱਡੇ ਲੋਹੇ ਦੇ ਜਾਲ ਰੱਖੇ ਹੋਏ ਹਨ ਜਿੰਨ੍ਹਾਂ ’ਚ ਕਿਸੇ ਦੇ ਫਸਣ ਨਾਲ ਗੰਭੀਰ ਸੱਟਾਂ ਵੱਜ ਸਕਦੀਆਂ ਹਨ।
ਪ੍ਰਸ਼ਾਸ਼ਨ ਬਣਦੀ ਕਾਰਵਾਈ ਕਰੇ
ਸਮਾਜਿਕ ਕਾਰਕੁੰਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਜੇਕਰ ਪ੍ਰਸ਼ਾਸ਼ਨ ਆਪਣੀ ਜਿੰਮੇਵਾਰੀ ਸਹੀ ਢੰਗ ਨਾਲ ਨਿਭਾਵੇ ਤਾਂ ਗਲੀਆਂ ਬਜ਼ਾਰਾਂ ’ਚ ਹੁੰਦੇ ਹਾਦਸਿਆਂ ਤੇ ਲਗਾਮ ਲਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤਾਂ ਤੰਗ ਗਲੀਆਂ ਅਤੇ ਰਿਹਾਇਸ਼ੀ ਬਸਤੀਆਂ ਵਿਚਲੀਆਂ ਕਈ ਛੋਟੀਆਂ-ਵੱਡੀਆਂ ਸੜਕਾਂ ਵੀ ਹਾਦਸਾਗ੍ਰਸਤ ਖੇਤਰਾਂ ’ਚ ਸ਼ਾਮਲ ਹੋ ਗਈਆਂ ਹਨ। ਉਨ੍ਹਾਂ ਆਖਿਆ ਕਿ ਅਸਲ ਵਿੱਚ ਦੁਕਾਨਦਾਰਾਂ ਨੂੰ ਲੋਕ ਹਿੱਤ ਵਿੱਚ ਕੋਈ ਵੀ ਸਮਾਨ ਬਾਹਰ ਨਹੀਂ ਰੱਖਣਾ ਚਾਹੀਦਾ ਹੈ। ਉਨ੍ਹਾਂ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਤੋਂ ਸੜਕਾਂ ਤੇ ਕੀਤੇ ਗਏ ਨਜਾਇਜ ਕਬਜਿਆਂ ਨੂੰ ਖਤਮ ਕਰਵਾਕੇ ਆਮ ਲੋਕਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਹੈ।
ਪ੍ਰਸ਼ਾਸ਼ਨ ਦੀ ਜਿੰਮੇਵਾਰੀ:ਸੋਨੂੰ ਮਹੇਸ਼ਵਰੀ
ਸਮਾਜ ਸੇਵੀ ਸੰਸਥਾ ਨੌਜੁਆਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਮੁੱਖ ਸੜਕਾਂ ਤੇ ਕੋਈ ਹਾਦਸਾ ਹੋਵੇ ਤਾਂ ਕਾਰਨਾਂ ਦੀ ਸਮਝ ਪੈਂਦੀ ਹੈ ਜਦੋਂਕਿ ਹੁਣ ਤਾਂ ਆਏ ਦਿਨ ਗਲੀਆਂ ਬਜ਼ਾਰਾਂ ’ਚ ਤੰਗ ਸੜਕਾਂ ਕਾਰਨ ਹਾਦਸੇ ਵਾਪਰਨ ਉਪਰੰਤ ਸਹਾਇਤਾ ਮੰਗਣ ਵਾਲਿਆਂ ਦੇ ਫੋਨ ਆਉਣਾ ਰੋਜ਼ ਦਾ ਕੰਮ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ ਕਿ ਉਹ ਨਜਾਇਜ ਕਬਜੇ ਖਤਮ ਕਰਵਾਕੇ ਲੋਕਾਂ ਨੂੰ ਰਾਹਤ ਦੇਵੇ ਪਰ ਅਫਸਰ ਤਾਂ ਪੂਰੀ ਤਰਾਂ ਚੁੱਪ ਹੀ ਵੱਟ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਸ਼ਹਿਰ ਵਾਸੀਆਂ ਤੇ ਰਹਿਮ ਕਰਨ ਦੀ ਅਪੀਲ ਵੀ ਕੀਤੀ ਹੈ।
ਕਬਜੇ ਹਟਾਉਣ ਦੀ ਯੋਜਨਾ ਤਿਆਰ
ਨਗਰ ਨਿਗਮ ਬਠਿੰਡਾ ਦੇ ਤਹਿ ਬਜ਼ਾਰੀ ਇੰਸਪੈਕਟਰ ਸਾਹਿਲ ਸ਼ਰਮਾ ਦਾ ਕਹਿਣਾ ਸੀ ਕਿ ਫੁੱਟਪਾਥਾਂ ਅਤੇ ਸਰਕਾਰੀ ਥਾਵਾਂ ਤੋਂ ਕਬਜਿਆਂ ਨੂੰ ਹਟਾਉਣ ਦੀ ਯੋਜਨਾ ਤਿਆਰ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਆਉਂਦੇ ਦਿਨੀਂ ਵੱਡੇ ਪੱਧਰ ਤੇ ਕਬਜੇ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਇਸ ਵਾਰ ਕਾਰਵਾਈ ਸਿਰਫ ਕਬਜੇ ਹਟਾਉਣ ਤੱਕ ਹੀ ਸੀਮਤ ਨਹੀਂ ਰਹੇਗੀ ਬਲਕਿ ਬਾਰ ਬਾਰ ਕਬਜਾ ਕਰਨ ਵਾਲਿਆਂ ਨੂੰ ਜੁਰਮਾਨਾ ਅਤੇ ਸਮਾਨ ਜਬਤ ਕਰਨ ਤੋਂ ਇਲਾਵਾ ਪੁਲਿਸ ਕਾਰਵਾਈ ਦਾ ਵੀ ਫੈਸਲਾ ਲਿਆ ਗਿਆ ਹੈ।