ਸਵਰਗੀ ਤਾਰਾ ਸਿੰਘ ਹੇਅਰ ਨੂੰ ਯਾਦ ਕਰਦਿਆਂ.....ਬਲਜੀਤ ਬੱਲੀ
ਦੇਵ ਹੇਅਰ ਦੇ ਖ਼ਤ ਨੇ ਯਾਦ ਕਰਾਇਆ ਪੁਰਾਣਾ ਜ਼ਮਾਨਾ
18 ਨਵੰਬਰ, 2024 ਨੂੰ ਸਵੇਰੇ ਸਵੇਰੇ ਹੀ ਕੈਨੇਡਾ ਤੋਂ ਦੇਵ ਹੇਅਰ ਨੇ ਇੰਡੋ-ਕੈਨੇਡੀਅਨ ਟਾਈਮਜ਼ ਅਖ਼ਬਾਰ ਦੇ ਬਾਨੀ ਸੰਪਾਦਕ ਸਵਰਗੀ ਤਾਰਾ ਸਿੰਘ ਹੇਅਰ ਦੀ ਯਾਦ ਵਿਚ ਇਕ ਲਿਖਤ ਭੇਜੀ . ਬਾਬੂਸ਼ਾਹੀ ਨੈੱਟਵਰਕ ਤੇ ਪਬਲਿਸ਼ ਕਰਨ ਤੋਂ ਪਹਿਲਾਂ ਰੀਲ ਜਿਹੀ ਘੁੰਮ ਗਈ ਨੌਵੇਂ ਦਹਾਕੇ ਦੇ ਉਨ੍ਹਾਂ ਆਖ਼ਰੀ ਦਿਨਾਂ ਦੀ .18 ਨਵੰਬਰ, 1998 ਨੂੰ ਉਨ੍ਹਾਂ ਨੂੰ ਇਸ ਲਈ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਕਿ ਉਹ ਦਹਿਸ਼ਤਵਾਦ ਦੇ ਖ਼ਿਲਾਫ਼ ਬੋਲਣ ਤੇ ਸਟੈਂਡ ਲੈਣ ਲੱਗੇ ਸਨ. ਜਦੋਂ ਉਨ੍ਹਾਂ ਨੂੰ ਮਾਰਿਆ ਗਿਆ ਉਹ ਪਹਿਲਾਂ ਹੀ ਵੀਲ੍ਹ ਚੇਅਰ 'ਤੇ ਸਨ ਕਿਉਂ ਕਿ ਉਹ ਚੱਲ ਫਿਰ ਨਹੀਂ ਸਨ ਸਕਦੇ ਪਰ ਬਹੁਤ ਹਿੰਮਤੀ ਅਤੇ ਸਿਰੜੀ ਅਤੇ ਹੌਸਲੇ ਨਾਲ ਉਹ ਚਲਾ ਰਹੇ ਸਨ .
ਉਨ੍ਹਾਂ ਦੇ ਜੀਵਨ ਦੇ ਕੁਝ ਪੱਖਾਂ ਬਾਰੇ ਤਾਂ ਉਨ੍ਹਾਂ ਦੇ ਪੁੱਤਰ , ਬੀ ਸੀ ਕੈਨੇਡਾ ਦੇ ਸਾਬਕਾ MLA ਦੇਵ ਹੇਅਰ ਨੇ ਲਿਖਿਆ ਉਹ ਇਵੇਂ ਹੀ ਸਾਂਝਾ ਕਰਾਂਗਾ ਪਰ ਦੋ ਪਹਿਲੂ ਮੈਂ ਜ਼ਰੂਰ ਦੱਸਣੇ ਹਨ . ਇਕ ਤਾਂ ਇਹ ਕਿ ਮੇਰਾ ਤਾਰਾ ਸਿੰਘ ਹੇਅਰ ਇਕ ਪੱਤਰਕਾਰ ਵਜੋਂ ਵੀ ਅਤੇ ਜ਼ਾਤੀ ਵੀ ਕਈ ਸਾਲ ਸਬੰਧ ਰਿਹਾ . ਤੇ ਦੂਜਾ ਜੋ ਕੈਨੇਡਾ ਦੇ ਜਸਟਿਸ ਸਿਸਟਮ ਬਾਰੇ ਦੇਵ ਨੇ ਟਿੱਪਣੀ ਕੀਤੀ ਹੈ ਉਸ ਬਾਰੇ .
ਲੰਡਨ ਵਾਲੇ ਸਾਡੇ ਲੇਖਕ ਦੋਸਤ ਪ੍ਰੀਤਮ ਸਿੰਘ ਜਿਨ੍ਹਾਂ ਦੀ ਮੋਹਾਲੀ ਚ ਕੋਠੀ ਸੀ , ਨੇ ਮੇਰੀ ਜਾਣ -ਪਛਾਣ ਹੇਅਰ ਹੋਰਾਂ ਨਾਲ ਅਤੇ ਕਰਾਈ ਸੀ .ਸ਼ਾਇਦ ਇਹ ਗੱਲ 1991 -92 ਦੀ ਹੈ .ਫ਼ੋਨ ਤੇ ਹੀ ਗੱਲਬਾਤ ਚਾਹੀਦਾ ਇਹ ਹੋਇਆ ਕਿ ਹਫ਼ਤੇ ਚਾਹੀਦਾ ਇਕ ਵਾਰੀ ਵੀਰਵਾਰ ਨੂੰ ਫੈਕਸ ਰਾਹੀਂ ਉਸ ਦਿਨ ਦੀਆਂ ਤਾਜ਼ੀਆਂ ਹਫ਼ਤਾਵਾਰੀ ਅਖ਼ਬਾਰ ਇੰਡੋ-ਕੈਨੇਡੀਅਨ ਲਈ ਖ਼ਬਰਾਂ ਭੇਜਿਆ ਕਰਾਂ . ਉਨ੍ਹਾਂ ਕਿਹਾ ਕਿ ਫੈਕਸ ਦਾ ਖਰਚਾ ਵੀ ਦੇਣਗੇ ਤੇ ਉਂਜ ਮਿਹਨਤਾਨਾ ਵੀ .ਮੈਂ ਉਨ੍ਹਾਂ ਦਿਨਾਂ ਵਿਚ ਅਜੀਤ ਦਾ ਸਟਾਫ਼ ਰਿਪੋਰਟਰ ਸਾਂ ਪਰ ਇਹ ਕੰਮ ਪਾਰਟ ਟਾਈਮ ਹੀ ਕਰਨਾ ਸੀ . ਉਦੋਂ ਕੈਨੇਡਾ ਨੂੰ ਫੈਕਸ ਕਰ ਦੇ 60 ਰੁਪਏ ਪ੍ਰਤੀ ਮਿੰਟ ਦੇ ਲਗਦੇ ਸਨ . ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਬਣੇ ਮੀਡੀਆ ਸੈਂਟਰ ਵਿਚ ਫੈਕਸ ਤਾਜ਼ੀ ਤਾਜ਼ੀ ਲੱਗੀ ਸੀ . ਉਸ ਦਿਨ ਦੀਆਂ ਤਾਜ਼ੀਆਂ ਤੇ ਵੱਡੀਆਂ ਖ਼ਬਰਾਂ ਨੂੰ ਕੱਟ ਕੱਟ ਕੇ ਇਕ ਕਾਗ਼ਜ਼ ਤੇ ਫੈਵੀ ਕੁਇਕ ਨਾਲ ਚਿਪਕਾਉਣਾ ਅਤੇ ਫੇਰ ਇੱਕ ਜਾਂ ਦੋ ਸਫ਼ੇ ਕੈਨੇਡਾ ਫੈਕਸ ਕਰਨੇ . ਉਦੋਂ ਉਹ ਬਾਕੀ ਦਿਨਾਂ ਦੀਆਂ ਖ਼ਬਰਾਂ ਦਿੱਲੀ ਤੋਂ ਲਹਿੰਦੇ ਸਨ . ਅਜੀਤ ਵਿਚ ਹੋਣ ਕਰ ਕੇ ਅਤੇ ਇਕ ਬਹੁਤ ਸਰਗਰਮ ਪੱਤਰਕਾਰ ਹੋਣ ਕਰ ਕੇ ਪੰਜਾਬ ਦੀਆਂ ਸਭ ਤਾਜ਼ਾ ਖ਼ਬਰਾਂ ਅਤੇ ਸਰਕਾਰ -ਦਰਬਾਰ ਦੀਆਂ ਅੰਦਰਲੀਆਂ -ਬਾਹਰਲੀਆਂ ਖ਼ਬਰਾਂ ਵੀ ਮੇਰੇ ਕੋਲ ਵਧੇਰੇ ਹੁੰਦੀਆਂ ਸਨ ਇਸ ਲਈ ਹੇਅਰ ਹੂਰਾਂ ਨੇ ਹਫ਼ਤੇ ਭਰ ਦੀਆਂ ਖ਼ਬਰਾਂ ਮੇਰੇ ਕੋਲ ਲੈਣ ਦਾ ਫ਼ੈਸਲਾ ਕਰ ਲਿਆ . ਇੰਨੇ ਵਿਚ ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਹਫ਼ਤਾਵਾਰੀ ਦੇਸ-ਪ੍ਰਦੇਸ ਅਖ਼ਬਾਰਾਂ ਦੇ ਬਾਨੀ ਸੰਪਾਦਕ ਤਰਸੇਮ ਸਿੰਘ ਪੁਰੇਵਾਲ ਨੇ ਮੇਰੇ ਕੋਲੋਂ ਹੀ ਖ਼ਬਰਾਂ ਲੈਣ ਦਾ ਨਿਰਨਾ ਕਰ ਲਿਆ . ਪੁਰੇਵਾਲ ਅਤੇ ਹੇਅਰ ਦੋਨਾਂ ਦੀ ਆਪਸ ਵਿਚ ਵੀ ਸਾਂਝ ਸੀ ਅਤੇ ਰਾਬਤਾ ਰਹਿੰਦਾ ਸੀ . ਬਾਅਦ ਵਿਚ ਪੁਰੇਵਾਲ ਨੂੰ ਵੀ ਲੰਡਨ ਵਿਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ . ਨੌਵੇਂ ਦਹਾਕੇ ਵਿਚ ਇੰਡੀਆ ਤੋਂ ਬਾਹਰ ਪਰਦੇਸੀ ਪੰਜਾਬੀਆਂ ਦੇ ਇਹ ਦੋਵੇਂ ਸਭ ਤੋਂ ਵੱਡੇ ਅਤੇ ਸਭ ਤੋਂ NRI ਜਗਤ ਵਿਚ ਮਕਬੂਲ ਹਫ਼ਤਾਵਾਰੀ ਅਖ਼ਬਾਰ ਸਨ .ਇੰਡੋ-ਕੈਨੇਡੀਅਨ ਟਾਈਮਜ਼ ਕੈਨੇਡਾ ਅਤੇ ਅਮਰੀਕਾ ਛਾਇਆ ਹੋਇਆ ਸੀ ਜਦੋਂ ਕਿ ਦੇਸ ਪ੍ਰਦੇਸ ਯੂ ਕੇ ਤੋਂ ਓਲਾਵਾ ਯੂਰਪ ਦੇ ਬਾਕੀ ਪ੍ਰਵਾਸੀ ਪੰਜਾਬੀਆਂ ਦਾ ਮਨਪਸੰਦ ਅਖ਼ਬਾਰ ਸੀ .
ਖ਼ੈਰ , ਹਫ਼ਤੇ ਵਿੱਚ 5 ਦਿਨ ਹੀ ਖ਼ਬਰਾਂ ਭੇਜਣੀਆਂ ਹੁੰਦੀਆਂ ਸਨ ਪੋਸਟ ਆਫ਼ਿਸ ਜਾ ਕੇ ਖ਼ਬਰਾਂ ਭੇਜਣਾ ਬਹੁਤ ਮਹਿੰਗਾ ਪੈਂਦਾ ਸੀ . ਇਸ ਲਈ ਹੇਅਰ ਅਤੇ ਪੁਰੇਵਾਲ ਦੋਹਾਂ ਨੇ ਆਪਸ ਵਿਚ ਗੱਲਬਾਤ ਕਰ ਕੇ ਮੈਨੂੰ ਕਿਹਾ ਕਿ ਆਪਣੀ ਵਧੀਆ ਜਿਹੀ ਫੈਕਸ ਖ਼ਰੀਦ ਲਵੋ ਜਿਸ ਦੇ ਪੈਸੇ ਉਹ ਦੇਣਗੇ . ਉਦੋਂ ਕੋਈ ਕੰਪਿਊਟਰ ਜਾਂ ਇੰਟਰਨੈੱਟ ਨਹੀਂ ਸੀ ਅਤੇ ਖ਼ਬਰਾਂ ਭੇਜਣ ਦਾ ਸਾਧਨ ਫੈਕਸ ਹੀ . ਸਾਡਾ ਸਿਸਟਮ ਇਹ ਸੀ ਅਸੀਂ ( ਮੈਂ ਤੇ ਮੇਰੀ ਬੀਵੀ ਤ੍ਰਿਪਤਾ ) ਸਵੇਰੇ -ਸਵੇਰੇ ਸਾਰੇ ਪੰਜਾਬੀ ਅਖ਼ਬਾਰਾਂ ਵਿੱਚੋਂ ਤਾਜ਼ੀਆਂ , ਗਰਮਾ-ਗਰਮ ਅਤੇ ਪਰਦੇਸੀ ਪੰਜਾਬੀਆਂ ਵਿੱਚ ਪੜ੍ਹੀਆਂ ਜਾਣ ਵਾਲੀਆਂ ਖ਼ਬਰਾਂ ਦੀ ਕਟਿੰਗ ਕਰ ਕੇ ਇਨ੍ਹਾਂ ਨੂੰ ਸਫ਼ੈਦ ਕਾਗ਼ਜ਼ ਤੇ ਪੇਸਟ ਕਰ ਲੈਣਾ . ਜਿੰਨੇ ਸਫ਼ੇ ਬਣਨੇ , ਉਨ੍ਹਾਂ ਨੂੰ ਚੰਡੀਗੜ੍ਹ ਦੇ ਸਭ ਤੋਂ ਉੱਤਮ ਫ਼ੋਟੋਸਟੈਟ ਮਸ਼ੀਨ ਵਾਲੇ ਤੋਂ ਫ਼ੋਟੋਸਟੈਟ ਕਰਾਉਣਾ ਤਾਂ ਕਿ ਅਖ਼ਬਾਰਾਂ ਦੇ ਕਾਗ਼ਜ਼ ਦਾ ਕਾਲਾ ਪਣ ਨਾ ਰਹੇ .ਫੇਰ ਇਨ੍ਹਾਂ ਸਫ਼ਿਆਂ ਨੂੰ ਫੈਵੀ ਕੁਇਕ ਨਾਲ ਹੀ ਜੋੜ ਜੋੜ ਕੇ ਇਕ ਲੰਬਾ ਰੋਲ ਬਣਾ ਲੈਣਾ . ਫੇਰ ਉਸ ਨੂੰ ਫੈਕਸ ਤੇ ਲਾਉਣਾ ਤਾਂ ਕਿ international ਕਾਲ਼ ਦਾ ਫ਼ੋਨ ਦਾ ਬਿੱਲ ਘਟ ਆਵੇ . ਜੇਕਰ ਕੱਲੇ -ਕੱਲੇ ਪੇਜ ਲਾਉਂਦੇ ਤਾਂ ਬਿੱਲ ਬਹੁਤ ਬਣ ਜਾਂਦਾ ਸੀ . ਆਮ ਫੈਕਸ ਮਸ਼ੀਨ ਵਿਚ ਇੱਕ ਵਾਰ ਡੇਢ ਕੁ ਸਫ਼ਾ ਜਾਂਦਾ ਸੀ . ਫੇਰ ਅਸੀਂ ਚੰਡੀਗੜ੍ਹ ਦੀ ਮਾਰਕੀਟ ਵਿਚੋਂ ਉਹ ਫੈਕਸ ਮਸ਼ੀਨ ਲੱਭਣ ਲੱਗੇ ਜਿਸ ਵਿਚ 8-10 ਸਫ਼ਿਆਂ ਦਾ ਰੋਲ ਚੱਲ ਸਕਦਾ ਹੋਵੇ . ਇਕ ਰੀਕੋ ਦੀ ਅਤੇ ਇਕ ਕੈਨਨ ਦੀ ਅਜਿਹੀ ਮਸ਼ੀਨ ਮਿਲੀ .ਅਸੀਂ ਕੈਨਨ ਦੀ ਮਸ਼ੀਨ ਖ਼ਰੀਦੀ ਜਿਸਦੀ ਕੀਮਤ ਉਸ ਵੇਲੇ 80 ਹਜ਼ਾਰ ਰੁਪਏ ਸੀ .ਸਾਡੇ 19 ਸੈਕਟਰ ਵਾਲੇ ਘਰ ਵਿੱਚ ਅਸੀਂ ਉਸ ਮਸ਼ੀਨ ਰਾਹੀਂ ਕੁਝ ਵਰ੍ਹੇ ਦੋਹਾਂ ਅਖ਼ਬਾਰਾਂ ਨੂੰ ਖ਼ਬਰਾਂ ਭੇਜਦੇ ਰਹੇ . ਲੰਡਨ ਤੋਂ ਬਾਅਦ ਦੁਪਹਿਰ ਉਹ ਸਾਲ ਕਰ ਲੈਂਦੇ ਤੇ ਰਾਤ ਨੂੰ ਕੈਨੇਡਾ ਵਾਲੇ ਭਾਵ ਫੈਕਸ -ਫ਼ੋਨ ਦਾ ਖਰਚਾ ਉਨ੍ਹਾਂ ਨੂੰ ਹੀ ਪੈਂਦਾ ਸੀ . ਮੈਂ ਦੋਹਾਂ ਅਖ਼ਬਾਰਾਂ ਲਈ ਕੰਮ ਕਰਨ ਦੀ ਇਜਾਜ਼ਤ ਅਜੀਤ ਦੇ ਚੀਫ਼ ਐਡੀਟਰ ਬਰਜਿੰਦਰ ਸਿੰਘ ਹਮਦਰਦ ਜਿਨ੍ਹਾਂ ਨੂੰ ਅਸੀਂ ਉਦੋਂ ਵੀ ਤੇ ਹੁਣ ਬਰਜਿੰਦਰ ਭਾਅ ਜੀ ਕਹਿ ਕੇ ਬੁਲਾਉਂਦੇ ਰਹੇ ਹਾਂ, ਤੋਂ ਲੈ ਲਈ ਸੀ . ਇੱਕ ਵਾਰ ਜਲੰਧਰ ਦੇ ਇਕ ਪੱਤਰਕਾਰ ਨੂੰ ਪਤਾ ਲੱਗ ਗਿਆ ਤੇ ਉਸ ਨੇ ਭਾਅ ਜੀ ਸ਼ਿਕਾਇਤ ਲਾਈ ਕਿ ਬਲਜੀਤ ਬੱਲੀ ਨੂੰ 25 ਹਜ਼ਾਰ ਰੁਪਿਆ ਲੰਡਨ ਤੋਂ ਆਇਆ ਹੈ ਤਾਂ ਅੱਗੋਂ ਭਾਅ ਜੀ ਹੱਸ ਛੱਡੇ ਅਤੇ ਉਨ੍ਹਾਂ ਨੇ ਹੀ ਮੈਨੂੰ ਇਹ ਗੱਲ ਦੱਸੀ ਸੀ .
ਇਸ ਦੌਰਾਨ ਚ ਤਾਰਾ ਸਿੰਘ ਦੋ ਵਾਰ ਇੰਡੀਆ ਆਏ . ਗੋਰਾਇਆ ਕੋਲ ਉਨ੍ਹਾਂ ਦਾ ਜੱਦੀ ਪਿੰਡ ਪੱਦੀ ਜਗੀਰ ਹੈ ਜਿੱਥੇ ਆ ਕੇ ਉਹ ਠਹਿਰਦੇ ਸਨ . ਆਉਣ ਜਾਣ ਕਰਕੇ ਉਨ੍ਹਾਂ ਨਾਲ ਤੇ ਉਨ੍ਹਾਂ ਦੇ ਪਰਿਵਾਰ ਨਾਲ ਜ਼ਾਤੀ ਤੇ ਪਰਿਵਾਰਕ ਰਿਸ਼ਤਾ ਵੀ ਬਣ ਗਿਆ ਸੀ . ਉਹ ਇਕ ਅਸੂਲ ਦੇ ਬਹੁਤ ਪੱਕੇ ਸਨ ਕਿ ਜੇਕਰ ਕਿਸੇ ਤੋਂ ਘੰਟਾ ਵੀ ਅਖ਼ਬਾਰ ਦਾ ਕੰਮ ਕਰਵਾਇਆ ਤਾਂ ਉਹ ਇਸ ਦਾ ਮਿਹਨਤਾਨਾ ਜ਼ਰੂਰ ਦਿੰਦੇ ਸਨ .
ਜਦੋਂ ਕੰਪਿਊਟਰ ਪਰਚਲਤ ਹੋਏ ਅਤੇ ਇੰਟਰਨੈੱਟ ਦੀ ਮੱਦ ਹੋਈ ਤਾਂ ਤਾਰਾ ਸਿੰਘ ਹੇਅਰ ਨੇ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੰਪਿਊਟਰ ਰਾਹੀਂ ਕੰਪੋਜ਼ ਕਰ ਕੇ ਖ਼ਬਰਾਂ ਭੇਜਣੀਆਂ ਸ਼ੁਰੂ ਕਰੋ ਕਿਓਂਕਿ ਸਾਡੇ ਵੱਲੋਂ ਫੈਕਸ ਰਾਹੀਂ ਭੇਜਿਆ ਖ਼ਬਰਾਂ ਉਨ੍ਹਾਂ ਨੂੰ ਕੰਪੋਜ਼ ਕਰ ਕੇ ਭੇਜਣੀਆਂ ਪੈਂਦੀਆਂ ਸਨ . ਆਪਣੀ ਦੂਜੀ ਫੇਰੀ ਦੌਰਾਨ ਜਦੋਂ ਉਹ ਇੰਡੀਆ ਆਏ ਤਾਂ ਉਹ ਕੈਨੇਡਾ ਤੋਂ ਮੇਰੇ ਲਈ ਐਪਲ ਦਾ ਇਕ ਕੰਪਿਊਟਰ ਅਤੇ ਇੱਕ ਸਕੈਨਰ ਲੈਕੇ ਆਏ . ਉਦੋਂ ਬਹੁਤ ਵੱਡੇ ਵੱਡੇ ਆਕਾਰ ਦੇ ਕੰਪਿਊਟਰ ਹੁੰਦੇ ਸਨ . ਮੈਨੂੰ ਕਹਿਣ ਲੱਗੇ ਕਿ ਓਪਰੇਟਰ ਰੱਖੋ ਅਤੇ ਟਾਈਪ ਕਰਕੇ ਖ਼ਬਰਾਂ ਭੇਜੋ . ਇੰਨੇ ਨੂੰ ਹੀ ਚੰਡੀਗੜ੍ਹ ਵਿਚ ਟੈਲੀ ਫ਼ੋਨ ਡਿਪਾਰਟਮੈਂਟ ਨੇ ਇੰਟਰਨੈੱਟ ਚਾਲੂ ਕਰਨ ਦਾ ਐਲਾਨ ਕਰ ਦਿੱਤਾ . ਉਸ ਵੇਲੇ ਡਾਇਲ ਅੱਪ ਇੰਟਰਨੈੱਟ ਕੁਨੈਕਸ਼ਨ ਮਿਲਦਾ ਸੀ ਭਾਵ ਫ਼ੋਨ ਵਾਂਗ ਡਾਇਲ ਕਰ ਕੇ ਜੁੜਦਾ ਸੀ .
ਨਤੀਜਾ ਚੰਡੀਗੜ੍ਹ ਵਿਚ ਸਭਾ ਤੋਂ ਪਹਿਲਾਂ ਇੰਟਰਨੈੱਟ ਕੁਨੈਕਸ਼ਨ ਕੈਨੇਡਾ ਖ਼ਬਰਾਂ ਭੇਜਣ ਲਈ 16000 ਰੁਪਏ ਵਿਚ ਲਿਆ ਸੀ ਜਿਸਦੀ ਰਸੀਦ ਅਜੇ ਵੀ ਮੇਰੇ ਕੋਲ ਸਾਂਭੀ ਹੋਈ ਹੈ . ਸਬੱਬ ਨਾਲ ਉਦੋਂ ਮੇਰੀ ਬੀਵੀ ਦਾ IT ਇੰਜੀਨੀਅਰ ਭਰਾ ਹੇਮੰਤ ਹੈਪੀ ਇੱਥੇ ਸੀ .ਸਾਨੂੰ ਤਾਂ ਉਸ ਵੇਲੇ ਕੁਝ ਨਹੀਂ ਸੀ ਆਉਂਦਾ ਪਰ ਉਸ ਨੇ ਪੂਰਾ ਕੰਪਿਊਟਰ ਸਿਸਟਮ ਫਿੱਟ ਕਰ ਕੇ ਚਾਲੂ ਕਰਾ ਦਿੱਤਾ . ਅਸੀਂ ਓਪਰੇਟਰ ਵੀ ਰੱਖ ਲਿਆ ਕੰਪੋਜ਼ਿੰਗ ਲਈ ਪਰ ਜਿਹੜਾ ਪੰਜਾਬੀ ਫੌਂਟ ਹੇਅਰ ਹੋਰੀਂ ਵਰਤਦੇ ਸਨ ਉਹ ਇੱਥੇ ਕਿਸੇ ਨੂੰ ਆਉਂਦਾ ਨਹੀਂ ਸੀ . ਫੇਰ ਓਪਰੇਟਰ ਨੂੰ ਪਹਿਲਾਂ ਉਸ ਫੌਂਟ ਦੀ ਟ੍ਰੇਨਿੰਗ ਦਿਵਾਈ ਅਤੇ ਨੈੱਟ ਰਾਹੀਂ ਅਸੀਂ ਖ਼ਬਰਾਂ ਭੇਜਣ ਲੱਗੇ . ਜਿਹੜੀਆਂ ਫ਼ੋਟੋਆਂ ਅਸੀਂ ਫੈਕਸ ਰਾਹੀਂ ਭੇਜਦੇ ਸੀ ਉਹ ਸਕੈਨਰ ਰਹੀ ਭੇਜਣ ਲੱਗੇ . ਚੰਡੀਗੜ੍ਹ ਮੀਡੀਆ ਵਿਚ ਫ਼ੋਟੋਜ਼ ਭੇਜਣ ਲਈ ਸਕੈਨਰ ਦੀ ਵਰਤੋਂ ਵੀ ਸਭ ਤੋਂ ਪਹਿਲਾਂ ਮੈਂ ਸ਼ੁਰੂ ਕੀਤੀ . ਪੱਤਰਕਾਰ ਦੋਸਤ ਮੇਰੇ ਘਰ ਦੇਖਣ ਆਇਆ ਕਰਦੇ ਸਨ ਕਿ ਸਕੈਨਰ ਕਿਵੇਂ ਕੰਮ ਕਰਦਾ ਹੈ . ਦਿਲਚਸਪ ਗੱਲ ਇਹ ਹੈ ਤਰ੍ਹਾਂ ਸਿੰਘ ਹੇਅਰ ਮੈਨੂੰ "ਬੱਲੀ ਸਾਹਿਬ ਜੀ " ਕਹਿ ਕੇ ਬੁਲਾਇਆ ਕਰਦੇ ਸਨ .
1997 ਵਿਚ ਮੈਨੂੰ ਕੈਨੇਡਾ ਜਾਣ ਦਾ ਮੌਕਾ ਮਿਲਿਆ ਤਾਂ ਫੇਰ ਹੇਅਰ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹ ਰਿਸ਼ਤਾ ਹੋਰ ਨੇੜਤਾ ਵਾਲਾ ਹੋ ਗਿਆ ਕਿਓਂਕਿ ਹੇਅਰ ਦੀ ਪਤਨੀ ਬਲਦੇਵ ਕੌਰ ਅਤੇ ਦੂਜੇ ਜਵਾਈ ਕੁਲਜਿੰਦਰ ਸਮੇਤ ਬਾਕੀ ਪਰਿਵਾਰ ਬਹੁਤ ਨਿੱਘਾ ਅਤੇ ਮੋਹ-ਖੋਰਾ ਹੈ . 198 ਵਿਚ ਤਾਰਾ ਸਿੰਘ ਹੇਅਰ ਦੇ ਕਤਲ ਤੋਂ ਬਾਅਦ ਅਖ਼ਬਾਰ ਦਾ ਕੰਮ ਉਨ੍ਹਾਂ ਦੀ ਧੀ ਰੁਪਿੰਦਰ ਹੇਅਰ ਬੈਂਸ ਅਤੇ ਉਸ ਦੇ ਪਤੀ ਹਰਜੀਤ ਸਿੰਘ ਨੇ ਸੰਭਾਲਿਆ ਤਾਂ ਵੀ ਅਸੀਂ ਕਾਫ਼ੀ ਸਮਾਂ ਉਸ ਪੇਪਰ ਲੈ ਕੰਮ ਕਰਦੇ ਰਹੇ. ਭਾਵੇਂ ਹੁਣ ਵਕਫ਼ਾ ਕਾਫ਼ੀ ਹੋ ਜਾਂਦਾ ਹੈ ਮਿਲਣ ਲਈ ਪਰ ਕੈਨੇਡਾ ਅਤੇ ਇੰਡੀਆ ਵਿਚ ਆਪਸੀ ਆਵਾਜਾਈ ਅਤੇ ਮੇਲ ਜੋਲ ਕਰ ਕੇ ਇਸ ਪਰਿਵਾਰ ਨਾਲ ਕਿਸੇ ਨਾ ਕਿਸੇ ਰੂਪ ਵਿਚ ਰਾਬਤਾ ਬਣਿਆ ਰਹਿੰਦਾ ਹੈ. ਇਸ ਲਈ ਤਾਰਾ ਸਿੰਘ ਹੇਅਰ ਦੀ ਯਾਦ ਵੀ ਤਾਜ਼ਾ ਹੁੰਦੀ ਰਹਿੰਦੀ ਹੈ .
ਹੋਰ ਵੀ ਬਹੁਤ ਸਾਰੀਆਂ ਯਾਦਾਂ ਹਨ, ਫੇਰ ਕਦੇ ਸ਼ੇਅਰ ਕਰਾਂਗਾ .
ਬਲਜੀਤ ਬੱਲੀ
( ਨਵੰਬਰ, 2024 ਵਿੱਚ ਤਾਰਾ ਸਿੰਘ ਹੇਅਰ ਦੀ ਯਾਦ ਵਿੱਚ ਲਿਖਿਆ ਲੇਖ ਫੇਰ ਸਾਂਝ ਕਰ ਰਿਹਾ ਹਾਂ - ਇਸ ਦੇ ਨਾਲ ਹੀ ਦੇਵ ਹੇਅਰ ਵੱਲੋਂ ਇਸ ਵਾਰ ਵੀ ਉਨ੍ਹਾਂ ਦੀ ਯਾਦ ਵਿੱਚ ਲਿਖੀ ਅੰਗਰੇਜ਼ੀ ਦੀ ਲਿਖਤ ਵੀ ਸ਼ੇਅਰ ਕਰ ਰਹੇ ਹਨ )
18 ਨਵੰਬਰ , 2025

-
ਬਲਜੀਤ ਬੱਲੀ, ਸੰਪਾਦਕ
tirshinazar@gmail.com
1234567
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.