ਅਗੰਮਪੁਰ ਪੁੱਲ ‘ਤੇ ਰਾਹਤ ਤੇ ਬਚਾਅ ਕਾਰਜਾਂ ਵਿੱਚ ਖੁਦ ਲੱਗੇ ਸਿੱਖਿਆ ਮੰਤਰੀ ਹਰਜੋਤ ਬੈਂਸ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 04 ਸਤੰਬਰ,2025 - ਸਤਲੁਜ ਦਰਿਆ ਵਿੱਚ ਵਾਧੂ ਪਾਣੀ ਛੱਡਣ ਕਾਰਨ ਸ੍ਰੀ ਅਨੰਦਪੁਰ ਸਾਹਿਬ ਨੂੰ ਗੜ੍ਹਸ਼ੰਕਰ ਨਾਲ ਜੋੜਨ ਵਾਲਾ ਅਗੰਮਪੁਰ ਪੁਲ ਦੇ ਥੱਲੇ ਦਰਿਆ ਵਿੱਚ ਖਾਰ ਪੈ ਰਹੀ ਹੈ, ਜਿਸ ਨਾਲ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ। ਇਲਾਕਾ ਵਾਸੀਆਂ ਵੱਲੋਂ ਜਦੋ ਇਹ ਸੂਚਨਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਦਿੱਤੀ ਗਈ ਤਾ ਉਹ ਖੁੱਦ ਆਪਣੇ ਵਲੰਟੀਅਰਾਂ ਨਾਲ ਬੰਨ੍ਹ ਦੀ ਮਜਬੂਤੀ ਅਤੇ ਖਾਰ ਨੂੰ ਰੋਕਣ ਲਈ ਡੱਟ ਗਏ। ਸ.ਬੈਂਸ ਨੇ ਕਿਹਾ ਕਿ ਹੜ੍ਹ ਕਾਰਨ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਪਰ ਸਰਕਾਰ ਅਤੇ ਪ੍ਰਸਾਸ਼ਨ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜ੍ਹੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਰਾਹਤ ਤੇ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹਨ, ਤਾਂ ਜੋ ਲੋੜੀਦੇ ਪ੍ਰਬੰਧ ਕਰਕੇ ਲੋਕਾਂ ਦੇ ਜਾਨ ਮਾਲੀ ਦੀ ਰਾਖੀ ਕੀਤੀ ਜਾ ਸਕੇ। ਸ.ਬੈਂਸ ਨੇ ਦੱਸਿਆ ਕਿ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਵਾਲੇ, ਪ੍ਰਸਾਸ਼ਨ, ਵਲੰਟੀਅਰ, ਪੰਚ-ਸਰਪੰਚ, ਯੂਥ ਕਲੱਬ ਅਤੇ ਨੌਜਵਾਨਾਂ ਡੱਟ ਕੇ ਕੁਦਰਤੀ ਆਫਤ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਦੀ ਨਿਗਰਾਨੀ ਹੇਠ, ਰੇਤ ਅਤੇ ਮਿੱਟੀ ਨਾਲ ਭਰੇ ਵੱਡੇ ਜੰਬੋ ਬੈਗ ਲਿਆਂਦੇ ਗਏ ਅਤੇ ਥਾਂ-ਥਾਂ ਰੱਖ ਕੇ ਕਮਜ਼ੋਰ ਬੰਨ੍ਹ ਨੂੰ ਮਜ਼ਬੂਤ ਕੀਤਾ ਗਿਆ। ਇਹ ਕੰਮ ਜੰਗੀ ਪੈਮਾਨੇ ’ਤੇ ਕੀਤਾ ਗਿਆ, ਜਿਸ ਵਿੱਚ ਨਿਵਾਸੀਆਂ, ਸੇਵਕਾਂ ਅਤੇ ਅਧਿਕਾਰੀਆਂ ਦੀ ਸਰਗਰਮ ਭੂਮਿਕਾ ਨਿਭਾਈ। ਇਸ ਕੰਮ ਵਿੱਚ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਵਾਲੇ, ਐਸ.ਡੀ.ਐਮ. ਜਸਪ੍ਰੀਤ ਸਿੰਘ, ਡਾ. ਸਜੀਵ ਗੌਤਮ, ਰੋਹਿਤ ਕਾਲੀਆ, ਗੁਰਨਾਮ ਸਿੰਘ, ਸੁਮਿਤ ਜਿੰਦਵੜੀ, ਆਮ ਆਦਮੀ ਪਾਰਟੀ ਸੇਵਕ, ਪੰਚ, ਸਰਪੰਚ ਅਤੇ ਸਥਾਨਕ ਨੌਜਵਾਨਾਂ ਨੇ ਸਾਥ ਦਿੱਤਾ। ਹਿਮਾਚਲ ਪ੍ਰਦੇਸ਼ ਅਤੇ ਭਾਖੜਾ ਬਿਆਸ ਮੈਨਜੇਮੈਂਟ ਦੇ ਕੈਚਮੈਂਟ ਖੇਤਰਾਂ ਵਿੱਚ ਭਾਰੀ ਮੀਹ ਪੈ ਰਿਹਾ ਹੈ, ਜਿਸ ਕਾਰਨ ਪਾਣੀ ਦਰਿਆਂ ਤੇ ਨਹਿਰਾਂ ਵਿਚ ਵੱਧ ਰਿਹਾ ਹੈ। ਡੈਮ ਤੋ ਵਾਧੂ ਨਿਕਾਸੀ ਕਾਰਨ ਨੀਵੇ ਖੇਤਰਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਮੰਤਰੀ ਹਰਜੋਤ ਸਿੰਘ ਬੈਂਸ ਨੇ ਦੁਬਾਰਾ ਸਰਕਾਰ ਦੇ ਵਾਅਦੇ ਦੀ ਪੁਸ਼ਟੀ ਕੀਤੀ ਕਿ ਹੜ੍ਹ ਪੀੜਤ ਖੇਤਰਾਂ ਵਿੱਚ ਜੀਵਨ, ਢਾਂਚਾ ਅਤੇ ਖੇਤੀਬਾੜੀ ਦੀ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ, ਅਤੇ ਸਾਝੀਆਂ ਕੋਸ਼ਿਸ਼ਾਂ ਨਾਲ ਕਿਸੇ ਵੀ ਚੁਣੋਤੀ ਨੂੰ ਪਾਰ ਕੀਤਾ ਜਾ ਸਕਦਾ ਹੈ। ਸ.ਬੈਂਸ ਨੇ ਬਾਬਾ ਸਤਨਾਮ ਸਿੰਘ ਜੀ, ਪੰਚ, ਸਰਪੰਚ ਅਤੇ ਨੌਜਵਾਨਾਂ ਨੂੰ ਇਸ ਸਾਂਝੇ ਯਤਨਾਂ ਲਈ ਧੰਨਵਾਦ ਕੀਤਾ।