ਕੁਦਰਤੀ ਤਰਾਸਦੀ ਸਮੇਂ ਪੰਜਾਬੀਆਂ ਦੀ ਇਕਜੁਟਤਾ ਪੰਜਾਬ ਲਈ ਵੱਡੇ ਸ਼ੁਭ ਸੰਕੇਤ - ਬੀਬੀ ਸਤਵੰਤ ਕੌਰ
ਆਸ ਨਾਲੋ ਵੱਧ ਲੋਕਾਂ ਨੇ ਰਾਹਤ ਕੈਂਪਾਂ ਲਈ ਸਾਥ ਦਿੱਤਾ: ਬਾਪੂ ਤਰਸੇਮ ਸਿੰਘ
ਰਾਜਨੀਤੀ ਤੋਂ ਉੱਪਰ ਉੱਠ ਕੇ ਸੇਵਾ ਕਰਨਾ ਪੰਜਾਬੀਆਂ ਦੇ ਹਿੱਸੇ ਆਇਆ - ਇਯਾਲੀ
ਪ੍ਰਮੋਦ ਭਾਰਤੀ
ਸ੍ਰੀ ਅੰਮ੍ਰਿਤਸਰ ਸਾਹਿਬ 4 ਸਤੰਬਰ ,2025
ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਵੱਲੋਂ ਬਾਪੂ ਤਰਸੇਮ ਸਿੰਘ ਅਤੇ ਦਾਖਾ ਤੋਂ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਦੇ ਨਾਲ ਮਿਲ ਕੇ ਕੱਲ ਅਤੇ ਅੱਜ ਵੱਖ ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਬੀਬੀ ਸਤਵੰਤ ਕੌਰ ਨੇ ਕਿਹਾ ਕਿ ਇਸ ਔਖੀ ਘੜੀ ਜਦੋਂ ਕੁਦਰਤ ਦੀ ਤ੍ਰਾਸਦੀ ਸਿਖਰ ਤੇ ਹੈ, ਉਸ ਵੇਲੇ ਪੰਜਾਬੀਆਂ ਦਾ ਇਤਫ਼ਾਕ ਅਤੇ ਇਕਜੁਟਤਾ ਪੰਜਾਬ ਲਈ ਸ਼ੁੱਭ ਸ਼ਗਨ ਹੈ। ਅੱਜ ਪੰਜਾਬ ਦੇ ਨੌਜਵਾਨਾਂ ਨੇ ਸਿਆਸੀ ਆਗੂਆਂ ਨੂੰ ਸੇਵਾ ਵਿੱਚ ਜੁਟ ਕੇ ਜਵਾਬ ਦੇ ਦਿੱਤਾ ਹੈ ਕਿ ਇਹ ਉੱਡਦਾ ਪੰਜਾਬ ਨਹੀਂ ਸਗੋ ਸੰਭਲਿਆ ਹੋਇਆ ਪੰਜਾਬ ਹੈ, ਜਿਹੜਾ ਗੁਰੂਆਂ ਦੇ ਨਾਮ ਤੇ ਜਿਉਂਦਾ ਹੈ। ਬੀਬੀ ਸਤਵੰਤ ਕੌਰ ਨੇ ਕਿਹਾ ਕਿ, ਜਿਸ ਤਰਾਂ ਅੱਜ ਪੰਜਾਬ ਦੇ ਅੱਠ ਜਿਲ੍ਹਿਆਂ ਵਿੱਚ ਪਾਣੀ ਦਾ ਹੜ ਹੈ, ਓਸੇ ਤਰਾਂ ਪੰਜਾਬ ਦੀਆਂ ਸੜਕਾਂ ਤੇ ਸੇਵਾ ਭਾਵਨਾ ਦਾ ਹੜ ਵਹਿ ਰਿਹਾ ਹੈ। ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਨੇ ਕਿਹਾ ਨੌਜਵਾਨਾਂ ਦੇ ਜਜ਼ਬੇ ਅੱਗੇ, ਓਹ ਆਪਣਾ ਸਿਰ ਝੁਕਾਉਂਦੇ ਹਨ। ਓਹਨਾਂ ਕਿਹਾ ਕਿ ਇਹ ਜਜ਼ਬਾ, ਜਨੂੰਨ ਅਤੇ ਸੇਵਾ ਦੀ ਤਲਬ ਸਿਰਫ ਤੇ ਸਿਰਫ਼ ਪੰਜਾਬੀਆਂ ਦੇ ਹਿੱਸੇ ਆਈ ਹੈ। ਬੀਬੀ ਸਤਵੰਤ ਕੌਰ ਨੇ ਕਿਹਾ ਕਿ ਅੱਜ ਪੰਜਾਬ ਦੀ ਇਕਜੁਟਤਾ ਨੇ ਸਾਫ ਕਰ ਦਿੱਤਾ ਹੈ ਕਿ, ਸੰਘਰਸ ਦੇ ਵਿੱਚ ਇਹ ਹਮੇਸ਼ਾ ਅਡੋਲ ਰਹਿਣ ਵਾਲੀ ਕੌਮ ਹੈ।
ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਅੱਜ ਪੰਜਾਬ ਨੇ ਰਾਜਨੀਤੀ ਤੋ ਉਪਰ ਉਠ ਕੇ ਵੱਡਾ ਸੁਨੇਹਾ ਦਿੱਤਾ ਹੈ। ਸਿਆਸੀ ਤੌਰ ਤੇ ਕਦੇ ਵੀ ਪੰਜਾਬ ਵਿੱਚ ਵੰਡੀਆਂ ਨਹੀਂ ਪਵਾਈਆਂ ਜਾ ਸਕਦੀਆਂ। ਓਹਨਾ ਕਿਹਾ ਕਿ ਪੰਜਾਬੀ ਓਹ ਕੌਮ ਹੈ, ਜਿਹੜੀ ਬਿਪਤਾ ਪੈਣ ਤੇ ਆਪਣੇ ਸਭ ਨੂੰ ਗਲੇ ਲਗਾਉਣ ਜਾਣਦੀ ਹੈ। ਅੱਜ ਹੜ੍ਹ ਪੀੜਤਾਂ ਦੇ ਵਗ ਰਹੇ ਹੰਝੂਆਂ ਦਾ ਮੁੱਲ ਉਤਾਰਨ ਲਈ ਪੰਜਾਬੀਆਂ ਦਾ ਜਜ਼ਬਾ ਖੜਾ ਹੈ। ਸਰਦਾਰ ਇਯਾਲੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਓਹ ਟੀਮਾਂ ਬਣਾ ਕੇ ਵੱਖਰੇ ਵੱਖਰੇ ਰਾਹਤ ਕੈਂਪ ਉਸਾਰ ਕੇ ਸੇਵਾ ਵਿੱਚ ਜੁਟ ਜਾਣ। ਇਸ ਦੇ ਨਾਲ ਹੀ ਓਹਨਾ ਨਿੱਜੀ ਤੌਰ ਤੇ ਐਨਆਰਆਈਜ਼ ਨੂੰ ਅਪੀਲ ਕੀਤੀ ਕਿ, ਓਹਨਾ ਨੇ ਸੂਬੇ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਹੈ, ਅੱਜ ਓਹਨਾਂ ਮਦਦਗਾਰ ਹੱਥਾਂ ਦੀ ਬੜੀ ਵੱਡੀ ਲੋੜ ਹੈ, ਇਸ ਕਰਕੇ ਐਨਆਰਆਈਜ਼ ਭਰਾ, ਹੜ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਜਰੂਰ ਕਰਨ।
ਬਾਪੂ ਤਰਸੇਮ ਸਿੰਘ ਨੇ ਕਿਹਾ ਕਿ, ਇਹ ਕੁਦਰਤੀ ਪ੍ਰੋਕੋਪ ਹੈ, ਜਿਸ ਨੂੰ ਤਨ ਤੇ ਹੰਢਾਓਣ ਲਈ ਇਤਫ਼ਾਕ ਦੀ ਲੋੜ ਹੈ। ਬਾਪੂ ਤਰਸੇਮ ਸਿੰਘ ਨੇ ਕਿਹਾ, ਇਹਨਾਂ ਪ੍ਰਭਾਵਿਤ ਪਿੰਡਾਂ ਲਈ ਕੇਂਦਰ ਸਰਕਾਰ ਜਰੂਰ ਵਿੱਤੀ ਮਦਦ ਦਾ ਐਲਾਨ ਕਰੇ। ਇਹ ਉਹ ਕੁਦਰਤੀ ਆਫ਼ਤ ਹੈ, ਜਿਸ ਦੇ ਨੁਕਸਾਨ ਦੀ ਭਰਪਾਈ ਅਗਲੇ ਕਈ ਸਾਲ ਤੱਕ ਵੀ ਹੋਣਾ ਮੁਸ਼ਕਿਲ ਹੈ। ਓਹਨਾ ਕਿਹਾ ਕਿ, ਚੰਗਾ ਹੁੰਦਾ ਜੇਕਰ ਕੇਂਦਰ ਸਰਕਾਰ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਸੰਸਦੀ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਪੈਰੋਲ ਦੀ ਇਜਾਜ਼ਤ ਦਿੰਦੀ। ਬਾਪੂ ਤਰਸੇਮ ਸਿੰਘ ਨੇ ਕਿਹਾ ਅੱਜ ਹਲਕਾ ਖਡੂਰ ਸਾਹਿਬ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਹੈ।
ਜੱਥੇਦਾਰ ਇਕਬਾਲ ਸਿੰਘ ਝੂੰਦਾਂ ਵਲੋ ਵੀ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ, ਜੱਥੇਦਾਰ ਝੂੰਦਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ, ਹੜ ਦੀ ਮਾਰ ਦੇ ਚਲਦੇ ਖੇਤਾਂ ਵਿੱਚ ਕਈ ਕਈ ਫੁੱਟ ਰੇਤ ਜਮਾਂ ਹੋ ਚੁੱਕਾ ਹੈ, ਇਸ ਲਈ ਜਿਵੇਂ ਹੀ ਪਾਣੀ ਸੁੱਕੇਗਾ ਤਾਂ ਇਹਨਾਂ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਦੀ ਮਦਦ ਲਈ ਆਪੋ ਆਪਣੇ ਟਰੈਕਟਰਾਂ ਨਾਲ ਸੇਵਾ ਵਿੱਚ ਜਰੂਰ ਆਉਣਾ। ਇਸ ਦੇ ਨਾਲ ਹੀ ਓਹਨਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ, ਪ੍ਰਤੀ ਏਕੜ ਵੱਧ ਤੋਂ ਵੱਧ ਡੀਜ਼ਲ ਤੇ ਸੌ ਫ਼ੀਸਦ ਸਬਸਿਡੀ ਦਾ ਸਰਕਾਰ ਐਲਾਨ ਜਰੂਰ ਕਰੇ।
ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ, ਅੱਜ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਗੁਰਦਾਸਪੁਰ ਜ਼ਿਲ੍ਹਾ ਹੈ। ਪਹਿਲਾਂ ਸਰਹੱਦੀ ਇਲਾਕੇ ਦੀ ਮਾਰ ਅਤੇ ਹੁਣ ਹੜ ਦੀ ਮਾਰ ਨੇ ਗੁਰਦਾਸਪੁਰ ਜ਼ਿਲੇ ਨੂੰ ਵੱਡੀ ਆਰਥਿਕ ਸੱਟ ਮਾਰੀ ਹੈ। ਓਹਨਾਂ ਪੰਜਾਬੀਆਂ ਦਾ ਤਹਿ ਦਿਲ ਤੋ ਧੰਨਵਾਦ ਕੀਤਾ ਕਿ, ਅੱਜ ਇਸ ਬੇਹੱਦ ਔਖੀ ਘੜੀ ਵਿੱਚ ਪੰਜਾਬੀਆਂ ਨੇ ਇਕਜੁਟਤਾ ਦਿਖਾ ਕੇ ਮੁਸੀਬਤ ਨੂੰ ਛੋਟਾ ਕਰ ਦਿਖਾਇਆ ਹੈ।
ਸਾਰੀ ਲੀਡਰਸਿੱਪ ਵੱਲੋ ਪਿਛਲੇ ਕਈ ਦਿੱਨਾਂ ਤੋ ਬਹੁੱਤ ਸਾਰੇ ਰਾਹਤ ਕੈਂਪਾਂ ਵਿੱਚ ਸਮਾਨ ਪੁੱਜਦਾ ਕੀਤਾ ਤੇ ਪੀੜਤਾ ਦੀ ਹੋਸਲਾ ਆਜ਼ਾਦੀ ਕੀਤੀ ਹੈ। ਜਿੰਨਾਂ ਵਿੱਚ ਧਰਮਕੋਟ, ਫਿਰੋਜਪੁੱਰ, ਫਾਜਿਲਕਾ, ਸੁਲਤਤਾਨਪੁੱਰ ਲੋਧੀ, ਹਰੀਕੇ, ਤਰਨਤਾਰਨ, ਅਜਨਾਲਾ, ਕਲਾਨੌਰ ਵਿਖੇ ਚਲ ਰਹੇ ਰਾਹਤ ਕੈਂਪਾਂ ਦਾ ਦੌਰਾ ਕੀਤਾ ਗਿਆ। ਸਰਦਾਰ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਪਾਰਟੀ ਦੇ ਜਾਰੀ ਰਾਹਤ ਕੈਂਪਾਂ ਲਈ ਜਰੂਰੀ ਵਸਤਾਂ ਦੀ ਸੇਵਾ ਸੰਭਾਲੀ ਜਾ ਰਹੀ ਹੈ।
ਸਾਂਝੇ ਤੌਰ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਇਸ ਵਕਤ ਦੋ ਦਰਜਨ ਤੋਂ ਵੱਧ ਪੱਕੇ ਰਾਹਤ ਕੈਂਪ ਚਲਾਏ ਜਾ ਰਹੇ, ਜਿਸ ਵਿੱਚ ਵਾਰਿਸ ਪੰਜਾਬ ਦੇ ਸਭ ਤੋ ਵੱਧ ਹਨ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ, ਮਿਸਲ ਸਤਲੁਜ ਅਤੇ ਫੈਡਰੇਸ਼ਨ ਸਮੇਤ ਵੱਖ-ਵੱਖ ਪੰਥਕ ਧਿਰਾਂ ਤੇ ਲੋਕਲ ਜਥੇਬੰਦੀਆਂ ਵਲੋਂ ਸੇਵਾ ਕੀਤੀ ਜਾ ਰਹੀ ਹੈ। ਫੈਡਰੇਸ਼ਨ ਵੱਲੋ ਭਾਈ ਕੁੰਵਰ ਚੜ੍ਹਤ ਸਿੰਘ ਦੀ ਅਗਵਾਈ ਹੇਠ ਪ੍ਰਭਾਵਿਤ ਇਲਾਕਿਆਂ ਲਈ ਸੇਵਾ ਨਿਭਾਈ ਜਾ ਰਹੀ ਹੈ। ਇਸ ਸਮੇਂ ਵਿਸ਼ੇਸ਼ ਤੌਰ ਤੇ ਭਾਈ ਦਇਆ ਸਿੰਘ ਲਹੌਰੀਆ, ਭਾਈ ਮਹਾਂਵੀਰ ਸਿੰਘ, ਗੁਰਲਾਲ ਸਿੰਘ, ਚਰਨਦੀਪ ਸਿੰਘ ਭਿੰਡਰ ਆਦਿ ਹਾਜ਼ਰ ਸਨ।