ਕੁਲਦੀਪ ਧਾਲੀਵਾਲ ਨੇ ਕੇਂਦਰ ਕੋਲੋਂ 2 ਹਜਾਰ ਕਰੋੜ ਰੁਪਏ ਦਾ ਪੈਕੇਜ ਜਾਰੀ ਕਰਵਾਉਣ ਲਈ ਉਠਾਈ ਮੰਗ
ਅੰਮ੍ਰਿਤਸਰ / ਅਜਨਾਲਾ, 02 ਸਤੰਬਰ 2025- ਅੱਜ ਸ਼ਾਮ ਵੇਲੇ ਖਰਾਬ ਮੌਸਮ ‘ਚ ਮੀਂਹ ਦੇ ਬਾਵਜੂਦ ਹਲਕਾ ਅਜਨਾਲਾ ਦੇ ਰਾਵੀ ਦਰਿਆ ਤੇ ਸੱਕੀ ਨਾਲੇ ‘ਚ ਆਏ ਪਰਲੋ ਲਿਆਉਣ ਵਾਲੇ ਭਿਆਨਕ ਹੜ੍ਹਾਂ ਦਾ ਮੌਕੇ ਤੇ ਜਾਇਜ਼ਾ ਲੈਣ ਅਤੇ ਜ਼ਿਲਾ੍ਹ ਪ੍ਰਸ਼ਾਸ਼ਨ ਵਲੋਂ ਪਿੰਡ ਚਮਿਆਰੀ ਵਿਖੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਲਗਾਏ ਗਏ ਰਾਹਤ ਕੈਂਪ ‘ਚ ਪ੍ਰਭਾਵਿਤ ਲੋਕਾਂ ਨਾਲ ਸੰਵਾਦ ਰਚਾਉਣ ਲਈ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਉਚੇਚੇ ਤੌਰ ਤੇ ਪੁੱਜੇ। ਇਸ ਮੌਕੇ ਤੇ ਪ੍ਰਸ਼ਾਸ਼ਨਿਕ ਤੇ ਸੈਨਾ ਦੇ ਅਧਿਕਾਰੀਆਂ ਸਮੇਤ ਪ੍ਰਭਾਵਿਤ ਲੋਕਾਂ ਤੇ ਮੋਹਤਬਰਾਂ ਦੀ ਸ਼ਮੂਲੀਅਤ ਨਾਲ ਹੋਈ ਗੈਰ ਰਸਮੀ ਮੀਟਿੰਗ ‘ਚ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਪਿਛਲੇ 7 ਦਿਨਾਂ ਤੋਂ ਹੜ੍ਹਾਂ ਦੀ ਕੁਦਰਤੀ ਕਰੋਪੀ ਦੀ ਮਾਰ ਝੱਲ ਰਹੇ ਹਲਕਾ ਵਾਸੀਆਂ ਦੇ ਦੁਖਦ ਵਰਤਾਰੇ ਦੀ ਦਾਸਤਾਨ ਪੇਸ਼ ਕਰਨ ਲਈ ਸ਼ਾਮਲ ਹੋਏ , ਜਿਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਸ: ਧਾਲੀਵਾਲ ਨੇ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਦਾ ਰਸਮੀ ਸ਼ਬਦਾਂ ਨਾਲ ਸੁਆਗਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਸਮੇਤ ਹੋਰ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਪਹਿਲਾਂ ਤੋਂ ਹੀ ਤੁਹਾਡੇ ਵਲੋਂ ਨੇਕ ਨੀਅਤ, ਦੂਰ ਅੰਦੇਸ਼ੀ ਤੇ ਸਰਬੱਤ ਦੇ ਭਲੇ ਦੇ ਮਿਸ਼ਨ ‘ਚ ਵਿੱਢੀ ਹਕੀਕੀ ਲਹਿਰ ਤੋਂ ਹਲਕਾ ਅਜਨਾਲਾ ਦੇ ਵਾਸੀ ਤੁਹਾਡੀ ਆਮਦ ਤੇ ਸ਼ਾਹਾਨਾ ਸੁਆਗਤ ਕਰਨਾ ਲੋਚਦੇ ਸਨ, ਪਰ ਹੜ੍ਹਾਂ ਕਾਰਣ ਹੋਈ ਅੰਨੀ੍ਹ ਤਬਾਹੀ ਦੇ ਮੱਦੇਨਜ਼ਰ ਉਨ੍ਹਾਂ (ਸ: ਧਾਲੀਵਾਲ) ਸਮੇਤ ਹਲਕਾ ਵਾਸੀ ਸਿਰਫ ਤੁਹਾਨੂੰ ਰਸਮੀ ਤੌਰ ਤੇ ਜੀ ਆਇਆਂ ਕਹਿਣ ਦੀ ਹੀ ਸਮਰਥਾ ‘ਚ ਹਾਂ।ਵਿਧਾਇਕ ਸ: ਧਾਲੀਵਾਲ ਨੇ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਹੜ੍ਹ ਤੋਂ ਪ੍ਰਭਾਵਿਤ ਹਲਕਾ ਵਾਸੀਆਂ ਵਲੋਂ ਮੰਗ ਪੱਤਰ ਪੇਸ਼ ਕਰਦਿਆਂ ਕਿਹਾ ਕਿ ਭਾਰਤ –ਪਾਕਿ ਕੌਮਾਂਤਰੀ ਕਰੀਬ 49 ਕਿਲੋਮੀਟਰ ਲੰਮੀ ਸਰਹੱਦ ਤੇ ਵਿਧਾਨ ਸਭਾ ਹਲਕਾ ਅਜਨਾਲਾ ਸਥਿਤ ਹੋਣ ਕਾਰਣ ਇਸ ਕੌਮਾਂਤਰੀ ਸਰਹੱਦ ਦੇ ਲੋਕਾਂ ਨੂੰ ਕੌਮਾਂਤਰੀ ਰਾਵੀ ਦਰਿਆ ਦੇ ਸ਼ੂਕਦੇ ਪਾਣੀ ਦਾ ਸੰਤਾਪ ਅਕਸਰ ਹੀ ਝਲਨਾ ਪੈਂਦਾ ਹੈ। ਇਸ ਖਿੱਤੇ ‘ਚ ਵੱਸੋਂ ਰੱਖਦੇ ਪੇਂਡੂ ਤੇ ਨੀਮ ਸ਼ਹਿਰੀ ਨਾਗਰਿਕ ਬੀਐਸਐਫ ਪਿੱਛੋਂ ਗੁਆਂਢੀ ਮੁਲਕ ਪਾਕਿਸਤਾਨ ਦੀਆਂ ਭਾਰਤ ਵਿਰੋਧੀ ਸਾਜਿਸ਼ਾਂ , ਡਰੋਨ ਰਾਹੀਂ ਨਸ਼ਿਆਂ, ਹਥਿਆਰਾਂ ਤੇ ਘੁਸਪੈਠ ਆਦਿ ਨੂੰ ਫੇਲ੍ਹ ਕਰਨ ਲਈ ਬੀਐਸਐਫ , ਪੰਜਾਬ ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ਦੇ ਸਹਿਯੋਗ ‘ਚ ਦੂਸਰੀ ਸੁਰੱਖਿਆ ਪੰਕਤੀ ਵਜੋਂ ਦੇਸ਼ ਦੀ ਏਕਤਾ ਅਖੰਡਤਾ ਦੀ ਮਜ਼ਬੂਤੀ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਅਤੇ ਬੀਤੇ ‘ਚ 1965, 1971, 1999 ਕਾਰਗਿਲ ਜੰਗਾਂ ਅਤੇ ਹਾਲ ‘ਚ ਹੀ ਅਪਰੇਸ਼ਨ ਸਿੰਦੂਰ ਦੌਰਾਨ ਵੀ ਇਨ੍ਹਾਂ ਸਰਹੱਦੀ ਲੋਕਾਂ ਨੇ ਗੁਆਂਢੀ ਮੁਲਕ ਪਾਕਿਸਤਾਨ ਦੀਆਂ ਸਾਜਿਸ਼ਾਂ ਦੇ ਦੰਦ ਖੱਟੇ ਕਰਨ ਲਈ ਮਜ਼ਬੂਤ ਚਟਾਨ ਵਾਂਗ ਬੀਐਸਐਫ ਜੁਆਨਾਂ ਨਾਲ ਖੜੇ ਰਹੇ। ਸ: ਧਾਲੀਵਾਲ ਨੇ ਪੇਸ਼ ਕੀਤੇ ਮੰਗ ਪੱਤਰ ‘ਚ ਗਵਰਨਰ ਪੰਜਾਬ ਸ੍ਰੀ ਕਟਾਰੀਆ ਨੂੰ ਜਾਣੂੰ ਕਰਵਾਇਆ ਕਿ ਹੁਣ ਪਿਛਲੇ 1 ਹਫਤੇ ਤੋਂ ਰਾਵੀ ਦਰਿਆ ‘ਚ 1988 ਨਾਲੋਂ ਵੀ ਭਿਅੰਕਰ ਪਰਲੋ ਦੀ ਤਰਾਂ ਆਏ ਹੜਾਂ ਨੇ 1988 ਤੋਂ ਬਾਅਦ 38 ਵਰਿਆਂ ‘ਚ ਇਸ ਖਿੱਤੇ ਦੇ ਲੋਕਾਂ ਵਲੋਂ ਕਰੜੀ ਘਾਲਣਾ ਨਾਲ ਆਰਥਿਕ, ਸਮਾਜਿਕ , ਆਲੀਸ਼ਾਨ ਘਰ, ਖੇਤੀ, ਪਸ਼ੂ ਧਨ, ਛੋਟੇ ਕਾਰੋਬਾਰ, ਬਹੁਪੱਖੀ ਵਿਕਾਸ, ਸਿਹਤ, ਸਿੱਖਿਆ, ਸੜਕਾਂ, ਧੁੱਸੀ ਬੰਨ੍ਹ, ਪੁਲ-ਪੁਲੀਆਂ ਆਦਿ ਖੇਤਰਾਂ ‘ਚ ਸਰਕਾਰੀ ਗ੍ਰਾਂਟਾ ਦੇ ਗੈਰ ਸਰਕਾਰੀ ਸਾਧਨਾ ‘ਚ ਮੱਲਾਂ ਮਾਰ ਕੇ ਪੈਰਾਂ ਸਿਰ ਖੜੇ੍ਹ ਕੀਤੇ ਮੂਲ ਢਾਂਚੇ ਨੂੰ ਅਜਨਾਲਾ ‘ਚ ਤਬਾਹੀ ਕਰਕੇ ਤਹਿਸ ਨਹਿਸ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਹੜ੍ਹਾਂ ਦੇ ਮੱਦੇਨਜ਼ਰ ਮੱਚੀ ਤਬਾਹੀ ਕਾਰਣ ਇਸ ਖਿੱਤੇ ‘ਚ ਵੱਸਦੇ ਅਮਨ ਪਸੰਦ ਨਾਗਰਿਕ ਸਿੱਧੇ ਤੇ ਅਸਿੱਧੇ ਤੌਰ ਤੇ ਅੰਦਾਜ਼ਨ 2 ਹਜਾਰ ਕਰੋੜ ਰੁਪਏ ਦਾ ਮਾਲੀ ਨੁਕਸਾਨ ਉਠਾਉਣ ਲਈ ਕੁਦਰਤੀ ਕਰੋਪੀ ਦਾ ਸ਼ਿਕਾਰ ਹੋ ਗਏ ਹਨ। ਜਦੋਂਕਿ ਕੁੱਝ ਬਹੁਮੁੱਲੀਆਂ ਮਨੁੱਖੀ ਜਾਨਾਂ ਨੂੰ ਵੀ ਹੜਾਂ ਨੇ ਆਪਣਾ ਸ਼ਿਕਾਰ ਬਣਾਇਆ। ਸ: ਧਾਲੀਵਾਲ ਨੇ ਆਪਣੇ ਜਜ਼ਬਾਤੀ ਲਹਿਜ਼ੇ ‘ਚ ਗਵਰਨਰ ਪੰਜਾਬ ਸ੍ਰੀ ਕਟਾਰੀਆ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਵਲੋਂ ਜਿੱਥੇ ਹੜ੍ਹਾਂ ਦੀ ਕਰੋਪੀ ਨੂੰ ਕੌਮੀ ਕੁਦਰਤੀ ਆਫਤ ਘੋਸ਼ਿਤ ਕੀਤਾ ਜਾਵੇ, ਉਥੇ ਆਪਣੇ ‘ਮਿਸ਼ਨ ਸਬਕਾ ਸਾਥ-ਸਬਕਾ ਵਿਕਾਸ’ ਤਹਿਤ ਪੰਜਾਬ ਪ੍ਰਤੀ ਸੁਹਿਰਦ ਹੁੰਦਿਆਂ ਵਿਧਾਨ ਸਭਾ ਹਲਕਾ ਅਜਨਾਲਾ ਦੇ ਹੜ੍ਹ ਪੀੜਤਾਂ ਦੇ ਪੁਨਰ ਵਸੇਬੇ ਲਈ ਫੌਰੀ ਤੌਰ ‘ਤੇ ਪਹਿਲੇ ਪੜਾਅ ‘ਚ ਘੱਟੋ ਘੱਟ 2 ਹਜਾਰ ਕਰੋੜ ਰੁਪਏ ਦਾ ਵਿੱਤੀ ਪੈਕੇਜ਼ ਜਾਰੀ ਕਰਵਾਇਆ ਜਾਵੇ। ਸ: ਧਾਲੀਵਾਲ ਨੇ ਕਿਹਾ ਕਿ ਹਲਕਾ ਵਾਸੀਆਂ ਸਮੇਤ ਉਨ੍ਹਾਂ ਨੂੰ ਪੂਰਨ ਉਮੀਦ ਹੈ ਕਿ ਤੁਸੀਂ ਸਰਹੱਦੀ ਖਿੱਤੇ ਅਜਨਾਲਾ ਦੇ ਪੀੜਤਾਂ ਦੀ ਮਦਦ ਕਰਦੇ ਹੋਏ ਕੇਂਦਰ ਸਰਕਾਰ ਕੋਲੋਂ ਆਪਣੇ ਅਸਰ ਰਸੂਖ ਨਾਲ ਮੰਗ ਪੱਤਰ ‘ਚ ਦਰਜ ਰਾਹਤ ਪੈਕੇਜ਼ ਨੂੰ ਫੌਰੀ ਤੌਰ ‘ਤੇ ਜਾਰੀ ਕਰਵਾ ਕੇ ਹਲਕਾ ਅਜਨਾਲਾ ਦੇ ਲੋਕਾਂ ਨੂੰ ਆਪਣੇ ਧੰਨਵਾਦ ਦੇ ਪਾਤਰ ਬਣਾਓਗੇ।