ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਪੰਜਾਬੀ ਲੋਕਧਾਰਾ ਸ਼ਾਸਤਰੀ ਪ੍ਰੋਫੈਸਰ ਨਾਹਰ ਸਿੰਘ ਦਾ ਵਿਸ਼ੇਸ਼ ਸਨਮਾਨ
ਚੰਡੀਗੜ੍ਹ, 18 ਅਗਸਤ, 2025 ਨੂੰ ਅਲੂਮਨੀ ਐਸੋਸੀਏਸ਼ਨ, ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਉੱਘੇ ਲੋਕਧਾਰਾ ਸ਼ਾਸਤਰੀ ਅਤੇ ਸਾਬਕਾ ਪ੍ਰੋਫੈਸਰ ਤੇ ਡੀਨ ਭਾਸ਼ਾਵਾਂ ਪ੍ਰੋਫੈਸਰ ਨਾਹਰ ਸਿੰਘ ਨੂੰ ਸਾਲ 2024 ਦਾ ਐਲੂਮਨੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਆਰੰਭ ਵਿਚ ਵਿਭਾਗ ਦੇ ਮੁਖੀ ਪ੍ਰੋਫੈਸਰ ਯੋਗ ਰਾਜ ਅੰਗਰਿਸ਼ ਨੇ ਪ੍ਰੋਫੈਸਰ ਨਾਹਰ ਸਿੰਘ ਦਾ ਸਵਾਗਤ ਕਰਦੇ ਹੋਏ ਉਹਨਾਂ ਦੇ ਲੋਕਧਾਰਾ ਅਧਿਐਨ ਦੇ ਖੇਤਰ ਵਿਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਪ੍ਰੋਫੈਸਰ ਨਾਹਰ ਸਿੰਘ ਨੂੰ ਸੱਭਿਆਚਾਰ ਦੇ ਮਹਾਨ ਵਿਗਿਆਨੀ ਕਿਹਾ ਜਿੰਨ੍ਹਾਂ ਨੇ ਲੋਕਧਾਰਾ ਜਿਹੇ ਔਖੇ ਅਨੁਸਾਸ਼ਨ ਨੂੰ ਬਹੁਤ ਸਰਲ ਅਤੇ ਸੁਹਜਾਤਮਕ ਢੰਗ ਨਾਲ ਪੰਜਾਬੀ ਜਗਤ ਦੇ ਰੂ-ਬ-ਰੂ ਕਰਾਇਆ।
ਪ੍ਰੋ. ਨਾਹਰ ਸਿੰਘ ਨੇ ਇਸ ਮੌਕੇ 'ਤੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦੇ ਹੋਏ ਜਿਥੇ ਲੋਕਗੀਤ ਇਕੱਤਰੀਕਰਨ ਸਮੇਂ ਦੇ ਆਪਣੇ ਅਨੁਭਵ ਸਾਂਝੇ ਕੀਤੇ ਉਥੇ ਪੰਜਾਬੀ ਵਿਭਾਗ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਮੋਹਨ ਸਿੰਘ ਦੀਵਾਨਾ, ਸੁਰਿੰਦਰ ਸਿੰਘ ਕੋਹਲੀ, ਹਰਿਭਜਨ ਸਿੰਘ, ਅਤਰ ਸਿੰਘ, ਅਵਤਾਰ ਸਿੰਘ ਪਾਸ਼, ਕੇਸਰ ਸਿੰਘ ਕੇਸਰ ਆਦਿ ਵਿਦਵਾਨਾਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਦੀ ਬੌਧਿਕਤਾ ਬਾਰੇ ਗੱਲਾਂ ਕੀਤੀਆਂ ਅਤੇ ਵਿਦਿਆਰਥੀਆਂ ਨੂੰ ਹਮੇਸ਼ਾ ਚੇਤੰਨ ਰਹਿਣ ਅਤੇ ਜਿਆਦਾ ਤੋਂ ਜਿਆਦਾ ਸਮਾਂ ਪੜ੍ਹਾਈ ਨੂੰ ਸਮਰਪਿਤ ਕਾਰਨ ਦੀ ਪ੍ਰੇਰਨਾ ਦਿੱਤੀ।
ਵਿਭਾਗ ਦੀ ਪ੍ਰਾਧਿਆਪਕਾ ਡਾ. ਪਰਮਜੀਤ ਕੌਰ ਸਿੱਧੂ ਨੇ ਪ੍ਰੋਫੈਸਰ ਨਾਹਰ ਸਿੰਘ ਦੇ ਸਨਮਾਨ ਵਿਚ ਪੇਸ਼ ਸਾਈਟੇਸ਼ਨ ਪੜ੍ਹੀ। ਇਸਦੇ ਨਾਲ ਹੀ ਉਹਨਾਂ ਆਪਣੇ ਵਿਦਿਆਰਥੀ ਜੀਵਨ ਦੇ ਦਿਨ ਯਾਦ ਕਰਦਿਆਂ ਪ੍ਰੋਫੈਸਰ ਨਾਹਰ ਸਿੰਘ ਦੁਆਰਾ ਲੋਕਧਾਰਾ ਅਤੇ ਸੱਭਿਆਚਾਰ ਬਾਰੇ ਦਿੱਤੇ ਗਿਆਨ ਨੂੰ ਵਿਸ਼ੇਸ਼ ਤੌਰ ਤੇ ਯਾਦ ਕੀਤਾ। ਪ੍ਰੋਗਰਾਮ ਦੇ ਅਖੀਰ ਵਿੱਚ ਡਾ. ਸਰਬਜੀਤ ਸਿੰਘ ਨੇ ਪ੍ਰੋ. ਨਾਹਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਨੇ ਪੰਜਾਬੀ ਵਿਚ ਲੋਕਧਾਰਾ ਦੇ ਖੇਤਰ ਵਿਚ ਅਕਾਦਮਿਕ ਪੱਧਰ 'ਤੇ ਉੱਚ ਪਾਏ ਦਾ ਕੰਮ ਕੀਤਾ।
ਇਸ ਮੌਕੇ 'ਤੇ ਵਿਭਾਗ ਦੇ ਖੋਜਾਰਥੀ ਗੁਰਮਨ ਸਿੰਘ ਅਤੇ ਅਮਨਦੀਪ ਕੌਰ ਨੇ ਸੱਭਿਆਚਾਰਕ ਗੀਤ ਪੇਸ਼ ਕੀਤੇ। ਇਸ ਪ੍ਰੋਗਰਾਮ ਦੇ ਮੰਚ ਸੰਚਾਲਨ ਦੀ ਭੂਮਿਕਾ ਵਿਭਾਗ ਦੀ ਸੀਨੀਅਰ ਪ੍ਰੋ. ਉਮਾ ਸੇਠੀ ਨਿਭਾਈ। ਵਿਭਾਗ ਦੇ ਸਮੂਹ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਰਵੀਂ ਹਾਜ਼ਰੀ ਦੇ ਕੇ ਪ੍ਰੋਗਰਾਮ ਨੂੰ ਯਾਦਗਾਰੀ ਬਣਾਇਆ।