Crime News: ਵਰ੍ਹਦੇ ਮੀਂਹ ਵਿੱਚ ਵੱਡੀ ਕਾਰਵਾਈ ਕਰਦਿਆਂ 'ਕਾਸੋ ਓਪਰੇਸ਼ਨ' ਚਲਾਇਆ
ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 694 ਮੁਕੱਦਮੇ ਦਰਜ ਕੀਤੇ-ਐਸ.ਐਸ.ਪੀ ਬਟਾਲਾ
ਰੋਹਿਤ ਗੁਪਤਾ
ਬਟਾਲਾ, 18 ਅਗਸਤ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬਟਾਲਾ ਪੁਲਿਸ ਵੱਲੋਂ ਅੱਜ ਵਰ੍ਹਦੇ ਮੀਂਹ ਵਿੱਚ ਪਿੰਡ ਸ਼ੇਖੂਪੁਰ ਕਲਾਂ ਵਿਖ ਵੱਡੀ ਪੱਧਰ ’ਤੇ ਕਾਸੋ ਆਪਰੇਸ਼ਨ (ਵਿਸ਼ੇਸ ਸਰਚ ਓਪਰੇਸ਼ਨ) ਚਲਾਇਆ।
ਇਸ ਮੌਕੇ ਸ੍ਰੀ ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ, ਸ੍ਰੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ ਹੇਠ ਬਟਾਲਾ ਪੁਲਿਸ ਵੱਲੋਂ ਸ਼ਹਿਰ ਦੇ ਨਸ਼ਾ ਪ੍ਰਭਾਵਿਤ ਇਲਾਕਿਆਂ ਅੰਦਰ ਛਾਪੇਮਾਰੀ (ਕਾਸੋ ਓਪਰੇਸ਼ਨ) ਕਰਕੇ ਸ਼ੱਕੀ ਵਿਅਕਤੀਆਂ ਤੋਂ ਪੁੱਛ-ਗਿੱਛ ਕੀਤੀ ਗਈ ਹੈ। ਇਸ ਮੌਕੇ ਗੁਰਪ੍ਰਤਾਪ ਸਿੰਘ ਸਹੋਤਾ ਐਸ.ਪੀ (ਡੀ) ਬਟਾਲਾ ਅਤੇ ਇੰਸਪੈਕਟਰ ਅਨਿਲ ਪਵਾਰ ਆਦਿ ਮੋਜੂਦ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਅੱਜ ਪਿੰਡ ਸੇਖੂਪੁਰ ਕਲਾਂ ਵਿਖੇ ਪੁਲਿਸ ਵੱਲੋਂ ਐਸ.ਪੀਜ਼, ਡੀ.ਐਸ ਪੀਜ਼ ਅਤੇ ਐਸ.ਐਚ.ਓਜ਼ ਦੀ ਅਗਵਾਈ ਹੇਠ ਸ਼ੱਕੀਆਂ ਦੀ ਤਲਾਸ਼ੀ ਦੇ ਨਾਲ-ਨਾਲ ਪੁਲਿਸ ਵੱਲੋਂ ਮਹੱਤਵਪੂਰਨ ਥਾਵਾਂ ਵਿਖੇ ਵੀ ਜਾਂਚ ਕੀਤੀ ਗਈ ਹੈ।
ਐਸ.ਐਸ.ਪੀ ਬਟਾਲਾ ਨੇ ਕਿਹਾ ਕਿ ਬਟਾਲਾ ਪੁਲਿਸ ਵਲੋਂ ਨਸ਼ੇ ਵਿਰੁੱਧ ‘ਜ਼ੀਰੋ ਟਾਲਰੈਂਸ’ ਦੀ ਨੀਤੀ ਅਪਣਾਈ ਗਈ ਹੈ, ਜਿਸ ਦੇ ਚੱਲਦਿਆਂ ਇਸ ਮੁਹਿੰਮ ਤਹਿਤ ਹੁਣ ਤੱਕ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ 694 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 1121 ਦੋਸ਼ੀਆਂ ਨੂੰ ਫੜਿਆ ਗਿਆ ਹੈ। ਇਸ ਤੋਂ ਇਲਾਵਾ 64-ਏ ਐਨ.ਡੀ.ਪੀ.ਐਸ ਐਕਟ ਤਹਿਤ 182 ਪਰਚੇ ਦਰਜ ਕੀਤੇ ਗਏ ਹਨ।
ਉਨਾਂ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਚੱਲ ਰਹੀ ਇਸ ਮੁਹਿੰਮ ਵਿੱਚ ਲੋਕਾਂ ਵਲੋਂ ਸਾਥ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਵਲੋਂ ਦਿੱਤੀਆਂ ਸੂਚਨਾਵਾਂ ਦੇ ਆਧਾਰ ’ਤੇ 170 ਦੋਸ਼ੀਆਂ ਖਿਲਾਫ ਪਰਚੇ ਦਰਜ ਹੋਏ ਹਨ, ਜੋ ਇਹ ਸੰਕੇਤ ਹੈ ਕਿ ਲੋਕ ਨਸ਼ਿਆਂ ਨੂੰ ਖਤਮ ਕਰਨ ਲਈ ਅੱਗੇ ਆ ਰਹੇ ਹਨ।
ਐਸ.ਐਸ.ਪੀ ਨੇ ਇਹ ਵੀ ਕਿਹਾ ਕਿ ਨਸ਼ਾ ਤਸਕਰਾਂ ਵਲੋਂ ਨਸ਼ੇ ਦੇ ਕਾਰੋਬਾਰ ਨਾਲ ਬਣਾਈਆਂ ਗਈਆਂ ਜਾਇਦਾਦਾਂ ਨੂੰ ਕੁਰਕ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ 105 ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਕਰੀਬ 35 ਕਰੋੜ ਰੁਪਏ ਦੀ ਸੰਪੰਤੀ ਕੁਰਕ ਕੀਤੀ ਗਈ ਹੈ ਅਤੇ 4 ਨਸ਼ਾ ਤਸਕਰਾਂ ਵਲੋਂ ਨਾਜਾਇਜ਼ ਕੀਤੀਆਂ ਉਸਾਰੀਆਂ ਢਾਹੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਅੱਗੇ ਦੱਸਿਆ ਤੋਂ ਇਸ ਤੋਂ ਇਲਾਵਾ ਬਟਾਲਾ ਪੁਲਿਸ ਵਲੋਂ ਨਸ਼ਾ ਪੀੜਤਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾ ਕੇ ਉਨਾਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ ਸਕਿੱਲ ਡਿਵਲਪਮੈਂਟ ਦਿਵਾ ਕੇ ਰੋਜਗਾਰ ਦੇ ਕਾਬਿਲ ਬਣਾਇਆ ਜਾਵੇਗਾ।
ਐਸ.ਐਸ.ਪੀ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਮਾੜੇ ਕਾਰੋਬਾਰ ਛੱਡਕੇ ਸਮਾਜ ਦੀ ਮੁੱਖ ਧਾਰਾ ਵਿਚ ਪਰਤ ਆਉਣ ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।