ਆਪ ਸਰਕਾਰ ਸੂਬੇ ਵਿਚ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਲੋਕਾਂ ਦੀ ਸਹਾਇਤਾ ਵਾਸਤੇ ਤੁਰੰਤ ਰਾਹਤ ਭਰੇ ਕਦਮ ਚੁੱਕੇ: ਅਕਾਲੀ ਦਲ
ਚੰਡੀਗੜ੍ਹ, 18 ਅਗਸਤ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਲੋਕਾਂ ਨੂੰ ਰਾਹਤ ਦੇਣ ਵਾਸਤੇ ਤੁਰੰਤ ਕਦਮ ਚੁੱਕੇ ਅਤੇ ਜ਼ੋਰ ਦੇ ਕਿਹਾ ਕਿ ਬਿਆਸ, ਸਤਲੁਜ ਅਤੇ ਰਾਵੀ ਦਰਿਆਵਾਂ ਵਿਚ ਆਏ ਹੜ੍ਹਾਂ ਕਾਰਨ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਿਆਸ ਤੇ ਸਤਲੁਜ ਦੋਵਾਂ ਨੇ ਜਲੰਧਰ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾਂ ਜ਼ਿਲ੍ਹਿਆਂ ਵਿਚ ਤਬਾਹੀ ਮਚਾਈ ਹੋਈਹੈ। ਉਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਅਤੇ ਆਲੇ ਦੁਆਲੇ ਦੇ 25 ਪਿੰਡ ਬਿਆਸ ਦੇ ਪਾਣੀਆਂ ਵਿਚ ਡੁੱਬ ਗਏ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਮੰਡ ਇਲਾਕੇ ਵਿਚ 20 ਪਿੰਡ ਹੜ੍ਹਾਂ ਦੇ ਪਾਣੀਆਂ ਵਿਚ ਡੁੱਬ ਗਏ ਹਨ।
ਡਾ ਚੀਮਾ ਨੇ ਕਿਹਾ ਕਿ ਰਾਵੀ ਦਰਿਆ ਦੇ ਪਾਣੀਆਂ ਨੇ ਗੁਰਦਾਸਪੁਰ ਵਿਚ ਖੇਤੀਬਾੜੀ ਜ਼ਮੀਨ ਡੁਬੋ ਦਿੱਤੀ ਹੈ ਕਿਉਂਕਿ ਉਝ ਦਰਿਆ ਤੇ ਰਣਜੀਤ ਸਾਗਰ ਡੈਮ ਤੋਂ ਪਾਣੀ ਛੱਡਿਆ ਗਿਆ ਹੈ। ਉਹਨਾਂ ਕਿਹਾ ਕਿ ਹੜ੍ਹਾਂ ਕਾਰਨ ਡੇਰਾ ਬਾਬਾ ਨਾਨਕ ਇਲਾਕੇ ਦੇ ਪਿੰਡ ਵਿਚ ਡੁੱਬ ਗਏ ਹਨ। ਉਹਨਾਂ ਕਿਹਾ ਕਿ ਪਟਿਆਲਾ ਵਿਚ ਘੱਗਰ ਦਰਿਆ ਨੇ ਇਲਾਕਿਆਂ ਨੂੰ ਪ੍ਰਭਾਵਤ ਕੀਤਾ ਜਦੋਂ ਕਿ ਸਰਦੂਲਗੜ੍ਹ ਸ਼ਹਿਰ ਵਿਚ ਵੀ ਹੜ੍ਹਾਂ ਦਾ ਪਾਣੀ ਵੜ੍ਹ ਗਿਆ ਹੈ। ਉਹਨਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਪੋਂਗ ਤੇ ਭਾਖੜਾ ਡੈਮਾਂ ਤੋਂ ਛੱਡੇ ਪਾਣੀ ਕਾਰਨ ਹੁਸ਼ਿਆਰਪੁਰ, ਤਲਵਾੜਾ ਤੇ ਹਾਜੀਪੁਰ ਦੇ ਇਲਾਕੇ ਪਾਣੀ ਵਿਚ ਡੁੱਬ ਗਏ ਹਨ।
ਡਾ. ਚੀਮਾ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਪ ਸਰਕਾਰ ਇਹਨਾਂ ਗੰਭੀਰ ਹਾਲਾਤਾਂ ਤੋਂ ਬੇਖ਼ਬਰ ਹੈ। ਉਹਨਾਂ ਨੇ ਤੁਰੰਤ ਰਾਹਤ ਦੇਣ ਵਾਸਤੇ ਕਦਮ ਚੁੱਕਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਈ ’ਡੇਰਿਆਂ’ ਦਾ ਸੰਪਰਕ ਟੁੱਟ ਗਿਆ ਹੈ ਅਤੇ ਉਹਨਾਂ ਦੇ ਵਸਨੀਕਾਂ ਨੂੰ ਪੀਣ ਵਾਲਾ ਪਾਣੀ, ਖਾਣਾ, ਦਵਾਈਆਂ ਤੇ ਦੁਧਾਰੂ ਪਸ਼ੂਆਂ ਵਾਸਤੇ ਚਾਰਾ ਮੁਹੱਈਆ ਕਰਵਾਉਣ ਦੀ ਲੋੜ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਖੜ੍ਹੇ ਪਾਣੀ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਤ ਹੋ ਰਹੀ ਹੈ ਤੇ ਪਾਣੀਆਂ ਵਿਚ ਹੋਣ ਵਾਲੀਆਂ ਬਿਮਾਰੀਆਂ ਵੀ ਫੈਲ ਰਹੀਆਂ ਹਨ। ਉਹਨਾਂ ਕਿਹਾ ਕਿ ਅਜਿਹੇ ਇਲਾਕਿਆਂ ਵਿਚ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਤੁਰੰਤ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ।
ਡਾ. ਚੀਮਾ ਨੇ ਇਹ ਵੀ ਅਪੀਲ ਕੀਤੀ ਕਿ ਤੁਰੰਤ ਮੁੱਢਲੀਆਂ ਗਿਰਦਾਵਰੀਆਂ ਸ਼ੁਰੂ ਕੀਤੀਆਂ ਜਾਣ ਅਤੇ ਕਿਸਾਨਾਂ ਨੂੰ ਝੋਨੇ ਤੇ ਦੁਧਾਰੂ ਪਸ਼ੂਆਂ ਤੇ ਮਕਾਨਾਂ ਦੇ ਹੋਏ ਨੁਕਸਾਨ ਲਈ ਫੌਰੀ ਆਰਜ਼ੀ ਮੁਆਵਜ਼ਾ ਜਾਰੀ ਕੀਤਾ ਜਾਵੇ।