ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ 131 ਨਵੇਂ ਡੇਅਰੀ ਯੂਨਿਟ ਸਥਾਪਤ ਕੀਤੇ: DC
ਦੀਦਾਰ ਗੁਰਨਾ
- ਵਿੱਤੀ ਮਜ਼ਬੂਤੀ ਲਈ ਡੇਅਰੀ ਵੱਲ ਵਧ ਰਿਹਾ ਹੈ ਲੋਕਾਂ ਦਾ ਰੁਝਾਨ
- ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ 131 ਨਵੇਂ ਡੇਅਰੀ ਯੂਨਿਟ ਸਥਾਪਤ ਕੀਤੇ: ਡਿਪਟੀ ਕਮਿਸ਼ਨਰ
- 2 ਤੋਂ ਲੈ ਕੇ 20 ਮੱਝਾਂ ਤੇ ਗਾਵਾਂ 'ਤੇ ਆਧਾਰਿਤ ਯੂਨਿਟ ਲਾਉਣ ਲਈ ਸਬਸਿਡੀ ਵੀ ਦਿੱਤੀ
ਫ਼ਤਹਿਗੜ੍ਹ ਸਾਹਿਬ, 1 ਜੁਲਾਈ 2025 - ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਕਿਸਾਨਾਂ ਤੇ ਹੋਰ ਲੋੜਵੰਦਾਂ ਨੂੰ ਡੇਅਰੀ ਦੇ ਕਿੱਤੇ ਪ੍ਰਤੀ ਉਤਸਾਹਿਤ ਕਰਨ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ। ਵੱਖ—ਵੱਖ ਯੋਜਨਾਵਾਂ ਤਹਿਤ ਉਦਮੀ ਸਿਖਿਆਰਥੀਆਂ ਨੂੰ ਜਿਥੇ ਡੇਅਰੀ ਸਿਖਲਾਈ ਦਿੱਤੀ ਜਾ ਰਹੀ ਹੈ ਉਥੇ ਹੀ ਡੇਅਰੀ ਯੂਨਿਟ ਸਥਾਪਤ ਕਰਨ ਲਈ ਸਬਸਿਡੀ ਵੀ ਦਿੱਤੀ ਜਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਬੀਤੇ ਵਿੱਤੀ ਵਰ੍ਹੇ ਵਿੱਚ ਵਿਭਾਗੀ ਉਪਰਾਲਿਆਂ ਸਦਕਾ ਜਿ਼ਲ੍ਹੇ ਵਿੱਚ ਡੇਅਰੀ ਦੇ 131 ਨਵੇਂ ਯੂਨਿਟ ਸਥਾਪਤ ਕੀਤੇ ਗਏ ਹਨ ਜਿਸ ਤਹਿਤ ਸਿਖਿਆਰਥੀਆਂ ਨੂੰ 2, 5, 10 ਅਤੇ 20 ਮੱਝਾਂ ਤੇ ਗਾਵਾਂ *ਤੇ ਆਧਾਰਿਤ ਡੇਅਰੀ ਯੂਨਿਟ ਲਗਾਉਣ ਲਈ ਸਬਸਿਡੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਡੇਅਰੀ ਇੱਕ ਮੁਨਾਫ਼ੇ ਯੋਗ ਕਿੱਤਾ ਹੈ ਅਤੇ ਕਿਸਾਨ ਵੀ ਖੇਤੀਬਾੜੀ ਦੇ ਨਾਲ ਨਾਲ ਇਸ ਨੂੰ ਸਹਾਇਕ ਕਿੱਤੇ ਵਜੋਂ ਅਪਣਾ ਕੇ ਆਪਣੀ ਆਰਥਿਕਤਾ ਨੂੰ ਵਧੇਰੇ ਮਜਬੂਤ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ 259 ਸਿਖਿਆਰਥੀਆਂ ਨੇ ਦੋ ਹਫ਼ਤਿਆਂ ਦੀ ਅਤੇ 64 ਸਿਖਿਆਰਥੀਆਂ ਨੇ 4 ਹਫ਼ਤਿਆਂ ਦੀ ਡੇਅਰੀ ਸਿਖਲਾਈ ਹਾਸਲ ਕੀਤੀ ਅਤੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਲੈਂਦੇ ਹੋਏ ਡੇਅਰੀ ਨੂੰ ਅਪਣਾਇਆ ਹੈ। ਉਨ੍ਹਾਂ ਵੀ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਦੀਆਂ ਟੀਮਾਂ ਦੁਆਰਾ ਲੋਕਾਂ ਨੂੰ ਦੁੱਧ ਦੀ ਗੁਣਵੱਤਾ ਦੀ ਪਰਖ ਬਾਰੇ ਵੀ ਸੁਚੇਤ ਕੀਤਾ ਜਾਂਦਾ ਹੈ ਜਿਸ ਤਹਿਤ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਏ ਗਏ ਅਤੇ 900 ਤੋਂ ਵਧੇਰੇ ਦੁੱਧ ਦੇ ਸੈਂਪਲ ਲੈ ਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ।
ਡੇਅਰੀ ਵਿਕਾਸ ਵਿਭਾਗ ਦੀਆਂ ਹੋਰ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਸ੍ਰੀ ਦਲਬੀਰ ਕੁਮਾਰ ਨੇ ਦੱਸਿਆ ਕਿ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ, ਜਿਨ੍ਹਾਂ ਦੀ ਉਮਰ 18 ਸਾਲ ਤੋਂ 55 ਸਾਲ ਹੋਵੇ, ਨੂੰ ਡੇਅਰੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਿਖਲਾਈ ਉਪਰੰਤ ਜਨਰਲ ਵਰਗ ਦੇ ਸਿਖਿਆਰਥੀਆਂ ਨੂੰ ਡੇਅਰੀ ਯੁਨਿਟ ਲਗਾਉਣ ਲਈ 25 ਪ੍ਰਤੀਸ਼ਤ ਤੇ ਅਨੁਸੂਚਿਤ ਜਾਤੀ ਸਿਖਿਆਰਥੀਆਂ ਨੂੰ 33 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੱਝਾਂ ਦੇ ਮਾਡਲ ਸ਼ੈਡ 'ਤੇ 1.25 ਲੱਖ ਅਤੇ ਗਾਵਾਂ ਦੇ ਸ਼ੈਡ 'ਤੇ 1 ਲੱਖ 87 ਹਜ਼ਾਰ 500 ਰੁਪਏ ਦੀ ਸਬਸਿਡੀ ਅਤੇ ਮਿਲਕਿੰਗ ਮਸ਼ੀਨ 'ਤੇ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ।