ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਆਮ ਆਦਮੀ ਕਲੀਨਿਕ ਦੀ ਅਚਨਚੇਤ ਚੈਕਿੰਗ
ਜ਼ਲਦ ਹੀ ਖੋਲ੍ਹਿਆ ਜਾਵੇਗਾ ਫਿਜਿਓਥਰੈਪੀ ਕੇਦਰ
ਬਾਬਾ ਹੰਦਾਲ ਜੀ ਦੇ ਜਨਮ ਦਿਹਾੜੇ ਮੌਕੇ ਸੰਗਤਾਂ ਨੂੰ ਦਿੱਤੀ ਵਧਾਈ
ਜੰਡਿਆਲਾ ਗੁਰੂ 12 ਮਈ 2025-
ਅੱਜ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਵਿਖੇ ਚੱਲ ਰਹੇ ਆਮ ਆਦਮੀ ਕਲੀਨਿਕ ਦੀ ਅਚਨਚੇਤ ਚੈਕਿੰਗ ਕੀਤੀ। ਉਹਨਾਂ ਨੇ ਇਸ ਮੌਕੇ ਕਲੀਨਿਕ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਵੇਰਵੇ ਅਤੇ ਉੱਥੇ ਕੰਮ ਕਰਵਾਉਣ ਆਏ ਲੋਕਾਂ ਦੀ ਫੀਡਬੈਕ ਲਈ। ਸ: ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਅਤੇ ਸਹੂਲਤਾਂ ਲਈ ਵਚਨਬੱਧ ਹੈ। ਇਸ ਲਈ ਆਮ ਆਦਮੀ ਕਲੀਨਿਕ ਵਿੱਚ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਸਮੱਸਿਆ ਪੇਸ਼ ਨਹੀਂ ਹੋਣੀ ਚਾਹੀਦੀ।
ਇਸ ਮੌਕੇ ਕੈਬਿਨਟ ਮੰਤਰੀ ਸ: ਈ.ਟੀ.ਓ ਵਲੋ ਕਲੀਨਿਕ ਵਿਖੇ ਚੈਕ ਅਪ ਕਰਵਾਉਣ ਆਏ ਲੋਕਾਂ ਦਾ ਹਾਲ ਚਾਲ ਪੁਛਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ ਤੁਰੰਤ ਹੀ ਹਦਾਇਤ ਕੀਤੀ ਕਿ ਇੰਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਸ: ਈ.ਟੀ.ਓ ਵਲੋ ਆਮ ਆਦਮੀ ਕਲੀਨਿਕ ਵਿਖੇ ਆਪਣਾ ਵੀ ਚੈਕਅਪ ਕਰਵਾਇਆ ਗਿਆ ਅਤੇ ਆਪਣਾ ਬਲੱਡ ਸੈਪਲ ਵੀ ਦਿੱਤਾ। ਕੈਬਿਨਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਵਿਖੇ ਸਰਕਾਰ ਵਲੋ ਮੁਫਤ ਇਲਾਜ ਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਲੋੜਵੰਦ ਲੋਕ ਵੱਡੀ ਗਿਣਤੀ ਵਿਚ ਇਸ ਦਾ ਲਾਹਾ ਲੈ ਰਹੇ ਹਨ। ਉਨ੍ਹਾ ਦੱਸਿਆ ਕਿ ਜ਼ਲਦੀ ਹੀ ਜੰਡਿਆਲਾ ਗੁਰੂ ਦੇ ਆਮ ਆਦਮੀ ਕਲੀਨਿਕ ਵਿਚ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੌਏ ਫਿਜਿਓਥਰੈਪੀ ਸੈਟਰ ਖੋਲ੍ਹਿਆ ਜਾਵੇਗਾ।ਉਹਨਾਂ ਨੇ ਕਰਮਚਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਤੁਹਾਡੇ ਸਾਥ ਨਾਲ ਸਰਕਾਰ ਬੇਹਤਰ ਸਿਹਤ ਸਹੂਲਤਾਂ ਲੋਕਾਂ ਨੂੰ ਦੇਣ ਵਿੱਚ ਕਾਮਯਾਬ ਹੋਈ ਹੈ ਅਤੇ ਸਾਡੀ ਕੋਸ਼ਿਸ਼ ਇਸ ਵਿੱਚ ਹੋਰ ਸੁਧਾਰ ਕਰਨ ਦੀ ਹੈ।
ਇਸ ਤੋ ਪਹਿਲਾਂ ਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਵਲੋ ਜੰਡਿਆਲਾ ਸ਼ਹਿਰ ਦੇ ਤਪ ਅਸਥਾਨ ਧੰਨ ਧੰਨ ਸ਼੍ਰੀ ਗੁਰੂ ਬਾਬਾ ਹੰਦਾਲ ਜੀ ਦੇ ਜਨਮ ਦਿਹਾੜੇ ਮੌਕੇ ਮੱਥਾ ਟੇਕਿਆ ਅਤੇ ਸਮੂਹ ਸੰਗਤ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਮੋਕੇ ਸ਼੍ਰੀ ਨਰੇਸ਼ ਪਾਠਕ, ਸ: ਸਰਬਜੀਤ ਸਿੰਘ ਡਿੰਪੀ, ਸ: ਸਤਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾ਼ਜਰ ਸਨ।