Bathinda Breaking: ਵਿਧਾਨ ਸਭਾ ਚੋਣ ਚੋਣ ਲੜ ਚੁੱਕੇ ਕਿਸਾਨ ਆਗੂ ਦਾ ਪੁੱਤਰ ਵੱਲੋਂ ਕਤਲ
ਅਸ਼ੋਕ ਵਰਮਾ
ਬਠਿੰਡਾ,12ਮਈ 2025: ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਿਸਾਨ ਜਥੇਬੰਦੀਆਂ ਤਰਫੋਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਚੋਣ ਲੜ ਚੁੱਕੇ ਕਿਸਾਨ ਆਗੂ ਦਵਿੰਦਰ ਸਿੰਘ ਸਰਾਂ ਵਾਸੀ ਗੁਰੂਸਰ ਜਗਾ ਨੂੰ ਕਤਲ ਕਰ ਦਿੱਤਾ ਹੈ ਜਿਸ ਦਾ ਕਾਰਨ ਜਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ।
ਥਾਣਾ ਤਲਵੰਡੀ ਸਾਬੋ ਪੁਲਿਸ ਨੇ ਇਸ ਮਾਮਲੇ ’ਚ ਮ੍ਰਿਤਕ ਕਿਸਾਨ ਆਗੂ ਦੀ ਪਤਨੀ ਸੁਖਵਿੰਦਰ ਕੌਰ ਦੇ ਬਿਆਨਾਂ ਅਨੁਸਾਰ ਮ੍ਰਿਤਕ ਕਿਸਾਨ ਆਗੂ ਦੇ ਲੜਕੇ ਅਮਨਿੰਦਰ ਸਿੰਘ ਵਾਸੀ ਗੁਰੂਸਰ ਜਗਾ , ਤਰਲੋਕ ਸਿੰਘ ਪੁੱਤਰ ਚੰਦ ਸਿੰਘ ਤੇ ਹੈਮਲੀ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀਅਨ ਭਾਗੀਵਾਂਦਰ ਖਿਲਾਫ ਮੁਕੱਦਮਾ ਦਰਜ ਕਰਕੇ ਮੁਲਜਮਾਂ ਦੀ ਤਲਾਸ਼ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਡੀਐਸਪੀ ਰਜੇਸ਼ ਸਨੇਹੀ ਬੱਤਾ ਨੇ ਦੱਸਿਆ ਕਿ ਘਰੇਲੂ ਜ਼ਮੀਨੀ ਵਿਵਾਦ ਦੌਰਾਨ ਕਿਸਾਨ ਆਗੂ ਦਵਿੰਦਰ ਸਿੰਘ ਸਰਾਂ ਨੂੰ ਉਸ ਦੇ ਪੁੱਤਰ ਨੇ ਸਾਥੀਆਂ ਨਾਲ ਮਿਲਕੇ 10 ਮਈ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ ਅਤੇ ਅੱਜ ਉਨ੍ਹਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮੁਢਲੇ ਤੌਰ ਤੇ ਪਤਾ ਲੱਗਿਆ ਹੈ ਕਿ ਮ੍ਰਿਤਕ ਦਾ ਆਪਣੇ ਪਿਤਾ ਨਾਲ ਜਮੀਨੀ ਵਿਵਾਦ ਚੱਲ ਰਿਹਾ ਸੀ।
ਜਿਸ ਦੇ ਚੱਲਦਿਆਂ ਉਸਨੇ ਆਪਣੇ ਪਿਤਾ ਨੂੰ ਕਹੀ ਮਾਰਕੇ ਕਥਿਤ ਤੌਰ ਤੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਦਵਿੰਦਰ ਸਿੰਘ ਦੀ ਹੱਤਿਆ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਚੱਲ ਰਹੀ ਹੈ ਅਤੇ ਮੁਲਜਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਏਗਾ।